ਭਾਜਪਾ ਬੋਲੀ : ਖੜਗੇ ਨੇ ਹਰ ਗੁਜਰਾਤੀ ਦਾ ਕੀਤਾ ਅਪਮਾਨ
ਅਹਿਮਦਾਬਾਦ/ਬਿਊਰ ਨਿਊਜ਼ : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੇ ਲਈ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ ਅਤੇ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ ਆਪਣੀ ਪੂਰੀ ਤਾਕਤ ਝੋਕੀ ਹੋਈ ਹੈ। ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਵੀ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਅਹਿਮਦਾਬਾਦ ਵਿਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਖੁਦ ਨੂੰ ਅਛੂਤ ਅਤੇ ਪ੍ਰਧਾਨ ਨਰਿੰਦਰ ਮੋਦੀ ਨੂੰ ਝੂਠਿਆਂ ਦਾ ਸਰਦਾਰ ਦੱਸਿਆ। ਇਸ ਦੌਰਾਨ ਉਨ੍ਹਾਂ ਮੋਦੀ ਨੂੰ ਰਾਵਣ ਤੱਕ ਵੀ ਕਹਿ ਦਿੱਤਾ। ਖੜਗੇ ਨੇ ਕਿਹਾ ਕਿ ਰਾਵਣ ਵਾਂਗ ਨਰਿੰਦਰ ਮੋਦੀ ਦੇ 100 ਮੂੰਹ ਹਨ। ਉਨ੍ਹਾਂ ਕਿਹਾ ਕਿ ਮੋਦੀ ਹਰ ਸਮੇਂ ਆਪਣੀ ਹੀ ਗੱਲ ਕਰਦੇ ਹਨ ਅਤੇ ਹਰ ਮੁੱਦੇ ’ਤੇ ਕਹਿੰਦੇ ਹਨ ਕਿ ਮੋਦੀ ਦੀ ਸੂਰਤ ਦੇਖ ਕੇ ਵੋਟ ਦਿਓ। ਖੜਗੇ ਨੇ ਸਵਾਲ ਕੀਤਾ ਕਿ ਤੁਹਾਡੀ ਸੂਰਤ ਕਿੰਨੀ ਵਾਰ ਦੇਖੀਏ। ਨਗਰ ਨਿਗਮ ਚੋਣਾਂ ’ਚ ਤੁਹਾਡੀ ਸੂਰਤ ਦੇਖੀ, ਵਿਧਾਨ ਸਭਾ ਚੋਣਾਂ ਦੌਰਾਨ ਤੁਹਾਡੀ ਸੂਰਤ, ਲੋਕ ਸਭਾ ਚੋਣਾਂ ਦੌਰਾਨ ਤੁਹਾਡੀ ਸੂਰਤ ਦੇਖੀ। ਹਰ ਜਗ੍ਹਾ ਤੁਹਾਡਾ ਹੀ ਚਿਹਰਾ ਦੇਖੀਏ ਕਿੰਨੇ ਚਿਹਰੇ ਹਨ ਤੁਹਾਡੇ। ਕੀ ਰਾਵਣ ਦੀ ਤਰ੍ਹਾਂ ਤੁਹਾਡੇ ਵੀ 100 ਮੂੰਹ ਹਨ? ਖੜਗੇ ਨੇ ਕਿਹਾ ਕਿ ਮੋਦੀ ਕੰਮਾਂ ਸਬੰਧੀ ਕੁੱਝ ਨਹੀਂ ਬੋਲਦੇ ਸਿਰਫ਼ ਆਪਣੀ ਹੀ ਗੱਲ ਕਰਦੇ ਹਨ। ਉਧਰ ਭਾਰਤੀ ਜਨਤਾ ਪਾਰਟੀ ਕਿਹਾ ਕਿ ਖੜਗੇ ਗੁਜਰਾਤ ਚੋਣਾਂ ਪ੍ਰੈਸ਼ਰ ਨਹੀਂ ਝੱਲ ਸਕੇ, ਜਿਸ ਦੇ ਚਲਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਦਾ ਹੀ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ। ਭਾਜਪਾ ਦੇ ਬੁਲਾਰੇ ਪਾਤਰਾ ਨੇ ਕਿਹਾ ਕਿ ਗੁਜਰਾਤ ਦੇ ਪੁੱਤਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਠੀਕ ਨਹੀਂ। ਇਹ ਨਿੰਦਣਯੋਗ ਹੈ ਅਤੇ ਇਹ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਮੋਦੀ ਦਾ ਹੀ ਅਪਮਾਨ ਨਹੀਂ ਬਲਕਿ ਹਰ ਗੁਜਰਾਤੀ ਦਾ ਅਪਮਾਨ ਹੈ।