ਸੈਂਕੜੇ ਕਿਲੋਮੀਟਰ ਪੈਦਲ ਚੱਲ ਕੇ ਹੀ ਪਰਤ ਰਹੇ ਆਪਣੇ ਪਿੰਡ
ਨਵੀਂ ਦਿੱਲੀ/ਬਿਊਰੋ ਨਿਊਜ਼ਦੇਸ਼ ਵਿੱਚ ਮਾਰੂ ਕੋਰੋਨਾਵਾਇਰਸ ਦੇ ਖਾਤਮੇ ਲਈ ਲਾਗੂ ਕੀਤੇ ਗਏ ਲੌਕਡਾਉਨ ਕਾਰਨ, ਬਹੁਤ ਸਾਰੇ ਲੋਕਾਂ ਨੂੰ ਕੰਮ ਅਤੇ ਖਾਣ-ਪੀਣ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਰਾਜਧਾਨੀ ਦਿੱਲੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕੰਮ ਕਰਨ ਲਈ ਦੂਰੋਂ-ਦੂਰੋਂ ਆਏ ਕਾਮੇ ਹੁਣ ਪੈਦਲ ਹੀ ਆਪਣੇ ਘਰਾਂ ਨੂੰ ਪਰਤ ਰਹੇ ਹਨ ਕਿਉਂਕਿ ਨਾ ਤਾਂ ਬੱਸਾਂ ਚੱਲ ਰਹੀਆਂ ਹਨ ਤੇ ਨਾ ਹੀ ਟਰੇਨਾਂ। ਇਹ ਲੋਕ ਕਹਿੰਦੇ ਹਨ ਕਿ ਜੇ ਅਸੀਂ ਇੱਥੇ ਆਪਣੇ ਘਰ ਤੋਂ ਕਈ ਮੀਲ ਦੂਰ ਰਹਾਂਗੇ, ਤਾਂ ਅਸੀਂ ਕੋਰੋਨਾਵਾਇਰਸ ਤੋਂ ਪਹਿਲਾਂ ਭੁੱਖ ਨਾਲ ਮਰ ਜਾਵਾਂਗੇ। ਪੁੱਛੇ ਜਾਣ ‘ਤੇ ਇੱਕ ਮਜ਼ਦੂਰ ਨੇ ਦੱਸਿਆ ਕਿ ਜੇਕਰ ਕੋਈ ਖਾਣ ਨੂੰ ਕੁਝ ਦੇ ਦੇਵੇ ਤਾਂ ਠੀਕ ਹੈ, ਨਹੀਂ ਤਾਂ ਅਸੀਂ ਪਾਣੀ ਪੀ ਕੇ ਹੀ ਸੌਂ ਜਾਂਦੇ ਹਾਂ। ਇਨ੍ਹਾਂ ਮਜ਼ਦੂਰਾਂ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਮਿਹਨਤ ਮਜ਼ਦੂਰੀ ਕਰਕੇ ਜੋ ਪੈਸਾ ਕਮਾਉਂਦੇ ਸਾਂ ਉਸ ਨਾਲ ਹੀ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਭਰਦੇ ਸਾਂ ਹੁਣ ਲੌਕਡਾਊਨ ਦੇ ਚਲਦਿਆਂ ਸਭ ਕੁਝ ਬੰਦ ਹੋਣ ਦੇ ਕਾਰਨ ਸਾਡੀ ਮਿਹਨਤ ਮਜ਼ਦੂਰੀ ਵੀ ਬਿਲਕੁਲ ਬੰਦ ਹੋ ਗਈ ਹੈ।