ਅੰਮਿ੍ਰਤਸਰ-ਦਿੱਲੀ ਨੈਸ਼ਨਲ ਹਾਈਵੇ ’ਤੇ 13 ਕਿਲੋਮੀਟਰ ਦੇ ਏਰੀਏ ’ਚ ਵਾਪਰੇ ਜ਼ਿਆਦਾ ਹਾਦਸੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਸੰਘਣੀ ਧੁੰਦ ਦੇ ਚੱਲਦਿਆਂ ਅੱਜ ਵੱਖ-ਵੱਖ ਥਾਈ ਕਈ ਗੱਡੀਆਂ ਆਪਸ ਵਿਚ ਟਕਰਾਅ ਗਈਆਂ ਹਨ। ਅੰਮਿ੍ਰਤਸਰ-ਦਿੱਲੀ ਨੈਸ਼ਨਲ ਹਾਈਵੇ ’ਤੇ ਕਰੀਬ 13 ਕਿਲੋਮੀਟਰ ਦੇ ਏਰੀਏ ਵਿਚ 25 ਤੋਂ ਜ਼ਿਆਦਾ ਗੱਡੀਆਂ ਆਪਸ ਵਿਚ ਟਕਰਾਈਆਂ ਹਨ। ਇਨ੍ਹਾਂ ਹਾਦਸਿਆਂ ਦੌਰਾਨ ਇਕ ਨੌਜਵਾਨ ਦੀ ਜਾਨ ਚਲੇ ਗਈ ਅਤੇ 6 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਅੱਜ ਸੋਮਵਾਰ ਸਵੇਰੇ ਸੰਘਣੀ ਧੁੰਦ ਛਾਈ ਹੋਈ ਸੀ ਅਤੇ ਵਿਜੀਬਿਲਟੀ ਬਹੁਤ ਹੀ ਘੱਟ ਸੀ। ਇਸਦੇ ਕਾਰਨ ਲੁਧਿਆਣਾ ਦੇ ਖੰਨਾ ਵਿਚ ਐਸਐਸਪੀ ਦਫਤਰ ਤੋਂ ਲੈ ਕੇ ਬੀਜਾ ਤੱਕ ਕਰੀਬ 13 ਕਿਲੋਮੀਟਰ ਦੇ ਏਰੀਏ ਵਿਚ ਕਈ ਥਾਈਂ ਗੱਡੀਆਂ ਆਪਸ ਵਿਚ ਟਕਰਾਅ ਗਈਆਂ। ਇਹ ਵੀ ਦੱਸਿਆ ਗਿਆ ਕਿ ਐਸਐਸਪੀ ਦਫਤਰ ਦੇ ਨੇੜੇ ਹੀ ਜ਼ਿਆਦਾ ਸੜਕ ਹਾਦਸੇ ਹੋਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 25 ਗੱਡੀਆਂ ਦੀ ਜਾਣਕਾਰੀ ਪਹੁੰਚੀ ਹੈ, ਜਿਹੜੀਆਂ ਸੜਕ ਹਾਦਸਿਆਂ ਦੌਰਾਨ ਨੁਕਸਾਨੀਆਂ ਗਈਆਂ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਦੀ ਰਾਤ ਸਮੇਂ ਚੱਲੇ ਪਟਾਖਿਆਂ ਕਾਰਨ ਹੀ ਧੁੰਦ ਦੀ ਇਹ ਪਰਤ ਛਾ ਗਈ, ਜਿਸ ਕਰਕੇ ਇਹ ਸੜਕ ਹਾਦਸੇ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਧੁੰਦ ਦੇ ਮੌਸਮ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਵਧਾਨੀ ਨਾਲ ਗੱਡੀਆਂ ਚਲਾਉਣ।