ਭਾਜਪਾ ਵਲੋਂ 160 ਉਮੀਦਵਾਰਾਂ ਦੇ ਨਾਵਾਂ ਵਾਲੀ ਪਹਿਲੀ ਸੂਚੀ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਗੁਜਰਾਤ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਅੱਜ ਵੀਰਵਾਰ ਨੂੰ ਉਮੀਦਵਾਰਾਂ ਦੇ ਨਾਵਾਂ ਵਾਲੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਅਤੇ ਭਾਜਪਾ ਨੇ ਆਪਣੇ 84 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਹੈ। ਗੁਜਰਾਤ ਵਿਧਾਨ ਸਭਾ ਦੀਆਂ ਕੁੱਲ 180 ਸੀਟਾਂ ਹਨ ਅਤੇ ਭਾਜਪਾ ਨੇ ਅਜੇ ਤੱਕ 160 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੀ ਕੀਤਾ ਹੈ। ਇਸੇ ਦੌਰਾਨ ਮੁੱਖ ਮੰਤਰੀ ਭੁਪੇਂਦਰ ਪਟੇਲ ਵਿਧਾਨ ਸਭਾ ਹਲਕਾ ਘਾਟਲੋੜੀਆ ਤੋਂ ਚੋਣ ਮੈਦਾਨ ਵਿਚ ਉਤਰਨਗੇ। ਇਸਦੇ ਚੱਲਦਿਆਂ ਮੋਰਬੀ ਵਿਚ ਭਾਜਪਾ ਨੇ ਮੌਜੂਦਾ ਵਿਧਾਇਕ ਬਿ੍ਰਜੇਸ਼ ਦਾ ਟਿਕਟ ਕੱਟ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਸਾਬਕਾ ਵਿਧਾਇਕ ਕਾਂਤੀਲਾਲ ਨੂੰ ਟਿਕਟ ਦਿੱਤਾ ਗਿਆ ਹੈ। ਪਿਛਲੇ ਦਿਨੀਂ ਵਾਪਰੇ ਮੋਰਬੀ ਪੁਲ ਹਾਦਸੇ ਦੇ ਸਮੇਂ ਕਾਂਤੀਲਾਲ ਨੇ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਵੀ ਨਹੀਂ ਕੀਤੀ ਸੀ। ਇਸ ਕਰਕੇ ਭਾਜਪਾ ਨੇ ਕਾਂਤੀਲਾਲ ਨੂੰ ਟਿਕਟ ਦਿੱਤਾ ਹੈ। ਭਾਜਪਾ ਵਲੋਂ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰੀਵਾਬਾ ਨੂੰ ਵਿਧਾਨ ਸਭਾ ਹਲਕਾ ਜਾਮਨਗਰ (ਉਤਰ) ਹਲਕੇ ਤੋਂ ਟਿਕਟ ਦਿੱਤਾ ਗਿਆ ਹੈ। ਇਸਦੇ ਚੱਲਦਿਆਂ ਹਾਰਦਿਕ ਪਟੇਲ ਨੂੰ ਵਿਧਾਨ ਸਭਾ ਹਲਕਾ ਵਿਰਮਗਾਮ ਤੋਂ ਟਿਕਟ ਦਿੱਤਾ ਹੈ। ਧਿਆਨ ਰਹੇ ਕਿ ਗੁਜਰਾਤ ਵਿਚ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ਵਿਚ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ, ਜਿਸਦੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ। ਗੁਜਰਾਤ ਵਿਚ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੋਣ ਮੁਕਾਬਲਾ ਹੋਵੇਗਾ।