ਬਰੈਂਪਟਨ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਰਮੇਸ਼ ਸੰਘਾ, ਰਾਜ ਗਰੇਵਾਲ, ਰੂਬੀ ਸਹੋਤਾ ਆਦਿ ਸਮੇਤ ਬਰੈਂਪਟਨ ਦੇ ਹੋਰ ਐੱਮ.ਪੀਜ. ਵੱਲੋਂ ਇੰਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹੁਸੈਨ ਦਾ 4 ਅਕਤੂਬਰ ਦਿਨ ਬੁੱਧਵਾਰ ਨੂੰ ਬਰੈਂਪਟਨ ਪਹੁੰਚਣ ‘ਤੇ ਨਿੱਘਾ ਸੁਆਗ਼ਤ ਕੀਤਾ ਗਿਆ। ਉਹ ਬਿੱਲ ਸੀ-6 ਰਾਹੀਂ ਸਿਟੀਜ਼ਨ ਐਕਟ ਵਿਚ ਹੋਈਆਂ ਤਰਮੀਮਾਂ ਸਬੰਧੀ ਐਲਾਨ ਕਰਨ ਲਈ ਇੱਥੇ ਪਧਾਰੇ ਸਨ।
ਇਸ ਮੌਕੇ ਬੋਲਦਿਆਂ ਮੰਤਰੀ ਅਹਿਮਦ ਹੁਸੈਨ ਨੇ ਕਿਹਾ,”ਕੈਨੇਡੀਅਨ ਜੀਵਨ ਦੀ ਸੱਭ ਤੋਂ ਵਧੇਰੇ ਸਫ਼ਲਤਾ ਅਤੇ ਕੈਨੇਡੀਅਨ ਪਰਿਵਾਰ ਦਾ ਮੈਂਬਰ ਬਣਨ ਲਈ ਇੱਥੋਂ ਦਾ ਮਜ਼ਬੂਤ ਥੰਮ੍ਹ ਇਸ ਦੇਸ਼ ਦੀ ਨਾਗਰਿਕਤਾ ਹੈ। ਉਨ੍ਹਾਂ ਹੋਰ ਕਿਹਾ ਕਿ ਕੈਨੇਡਾ ਆਉਣ ਵਾਲੇ ਸਾਰੇ ਪਰਵਾਸੀਆਂ ਨੂੰ ਇੱਥੋਂ ਦਾ ਨਾਗਰਿਕ ਬਣਨ ਅਤੇ ਇਸ ਤੋਂ ਬਾਅਦ ਮਿਲਣ ਵਾਲੀਆਂ ਸਹੂਲਤਾਂ ਦਾ ਭਰਪੂਰ ਲਾਭ ਉਠਾਉਣ ਲਈ ਸਰਕਾਰ ਗਾਹੇ-ਬਗਾਹੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੀ ਰਹਿੰਦੀ ਹੈ।”
ਇਸ ਤੋਂ ਪਹਿਲਾਂ ਸੋਨੀਆ ਸਿੱਧੂ ਨੇ ਇੰਮੀਗਰੇਸ਼ਨ ਤੇ ਸਿਟੀਜ਼ਨ ਮੰਤਰੀ ਦਾ ਸੁਆਗ਼ਤ ਕਰਦਿਆਂ ਕਿਹਾ,”ਮੈਨੂੰ ਆਪਣੀ ਸਰਕਾਰ ਦੇ ਕੰਮ-ਕਾਜ ‘ਤੇ ਪੂਰਾ ਮਾਣ ਹੈ ਅਤੇ ਮੈਨੂੰ ਪੂਰਨ ਆਸ ਹੈ ਕਿ ਸਿਟੀਜ਼ਨਸ਼ਿਪ ਐਕਟ ਵਿਚ ਕੀਤੀਆ ਗਈਆਂ ਇਹ ਤਬਦੀਲੀਆਂ ਕੈਨੇਡਾ ਵਿਚ ਨਵੇਂ ਆਉਣ ਵਾਲਿਆਂ ਨੂੰ ਸਿਟੀਜ਼ਨਸ਼ਿਪ ਜਲਦੀ ਲੈਣ ਵਿਚ ਮਦਦਗਾਰ ਸਾਬਤ ਹੋਣਗੀਆਂ। ਇਨ੍ਹਾਂ ਵਿਚ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਉਮਰ ਵਿਚ ਦਿੱਤੀ ਗਈ ਛੋਟ ਸਾਡੀ ਸਰਕਾਰ ਵੱਲੋਂ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਿਆਂ ਕਰਦੀ ਹੈ।”
ਇੱਥੇ ਇਹ ਜ਼ਿਕਰਯੋਗ ਹੈ ਕਿ ਜਿਹੜੇ ਲੋਕ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਸ ਨੂੰ ਆਸਾਨ ਅਤੇ ਲਚਕੀਲਾ ਬਨਾਉਣ ਲਈ ਕੈਨੇਡਾ ਸਰਕਾਰ ਨੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਹੋਇਆਂ ਸਿਟੀਜ਼ਨ ਐਕਟ ਵਿਚ ਬਿੱਲ ਸੀ-6 ਲਿਆ ਕੇ ਇਸ ਵਿਚ ਕੁਝ ਤਬਦੀਲੀਆਂ ਕੀਤੀਆਂ ਹਨ ਅਤੇ ਸਿਟੀਜ਼ਨ ਤੇ ਇੰਮੀਗਰੇਸ਼ਨ ਮੰਤਰੀ ਅਹਿਮਦ ਹੱਸਨ ਇਨ੍ਹਾਂ ਦੇ ਬਾਰੇ ਐਲਾਨ ਕਰਨ ਲਈ ਇੱਥੇ ਵਿਸ਼ੇਸ ਤੌਰ ‘ਤੇ ਪਹੁੰਚੇ। ਪਿਛਲੀ ਸਰਕਾਰ ਦੇ ਬਿੱਲ ਸੀ-24 ਵਿਚ ਕੀਤੀਆਂ ਗਈਆਂ ਕੁਝ ਤਬਦੀਲੀਆਂ ਵਾਲੇ ਇਸ ਬਿੱਲ ਸੀ-6 ‘ਤੇ ਸ਼ਾਹੀ ਮੋਹਰ ਲੱਗਣ ਉਪਰੰਤ ਇਹ ਤਰਮੀਮਾਂ, ਜਿਨ੍ਹਾਂ ਵਿਚ ਪੀ. ਆਰ. ਸਟੇਟੱਸ ਵਾਲਿਆਂ ਨੂੰ ਸਿਟੀਜ਼ਸ਼ਿਪ ਲਈ ਅਪਲਾਈ ਕਰਨ ਲਈ ਕੈਨੇਡਾ ਵਿਚ ਨਿੱਜੀ ਹਾਜ਼ਰੀ ਅਤੇ ਭਾਸ਼ਾ ਦੀ ਲੋੜੀਂਦੀ ਜਾਣਕਾਰੀ ਸਬੰਧੀ ਕੁਝ ਸ਼ਰਤਾਂ ਸ਼ਾਮਲ ਹਨ, 11 ਅਕਤੂਬਰ 2017 ਤੋਂ ਲਾਗੂ ਹੋ ਜਾਣਗੀਆਂ। ਨਵੀਆਂ ਸ਼ਰਤਾਂ ਵਿਚ ਜੁਆਨਾਂ ਅਤੇ ਬਜ਼ੁਰਗਾਂ ਦੋਹਾਂ ਨੂੰ ਹੀ ਕੈਨੇਡੀਅਨ ਨਾਗਰਿਕਤਾ ਲੈਣ ਲਈ ਕੁਝ ਛੋਟ ਦਿੱਤੀ ਗਈ ਹੈ। ਇਹ ਸ਼ਰਤਾਂ ਉਨ੍ਹਾਂ ਲੋਕਾਂ ਲਈ ਵੀ ਸਹਾਇਕ ਸਾਬਤ ਹੋਣਗੀਆਂ ਜਿਹੜੇ ਕੈਨੇਡਾ ਵਿਚ ਨਾਗਰਿਕਤਾ ਜਲਦੀ ਲੈਣਾ ਚਾਹੁੰਦੇ ਹਨ।
ਜਿਹੜੇ ਵਿਅੱਕਤੀ ਨਵੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਉਹ ਨਾਗਰਿਕਤਾ ਲਈ ਅਪਲਾਈ ਕਰਨ ਚਾਹੁੰਦੇ ਹਨ, ਉਨ੍ਹਾਂ ਨੂੰ 11 ਅਕਤੂਬਰ ਤੱਕ ਇੰਤਜ਼ਾਰ ਕਰਨਾ ਪਵੇਗਾ।
ਇਸ ਤਰੀਕ ਤੱਕ ਨਵੇਂ ਫ਼ਾਰਮ ਅਤੇ ਲੋੜੀਂਦੀਆਂ ਗਾਈਡਾਂ ਤਿਆਰ ਹੋ ਜਾਣਗੀਆਂ। ਸਿਟੀਜ਼ਨਸ਼ਿਪ ਐਕਟ ਵਿਚ ਇਸ ਸਾਲ ਦੇ ਅੰਤ ਅਤੇ 2018 ਦੇ ਸ਼ੁਰੂ ਤੱਕ ਹੋਰ ਵੀ ਨਵੀਆਂ ਤਬਦੀਲੀਆਂ ਕੀਤੇ ਜਾਣ ਦੀ ਉਮੀਦ ਹੈ। ਸਿਟੀਜ਼ਸ਼ਿਪ ਐਕਟ ਦੇ ਬੀਤੇ ਰਿਕਾਰਡ, ਇਸ ਸਬੰਧੀ ਵਰਤਮਾਨ ਜਾਣਕਾਰੀ ਅਤੇ ਭਵਿੱਖ ਵਿਚ ਸੰਭਾਵਿਤ ਤਬਦੀਲੀਆਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ‘ਬਿੱਲ ਸੀ-6 ਬੈਕਗਰਾਊਂਡਰ’ ਪੜ੍ਹੋ।