ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਕੀਤਾ ਗਿਆ ਸੀ ਤਲਬ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਓ ਪੀ ਸੋਨੀ ਅੱਜ ਵਿਜੀਲੈਂਸ ਅੱਗੇ ਪੇਸ਼ ਹੋਏ। ਵਿਜੀਲੈਂਸ ਵੱਲੋਂ ਕੀਤੀ ਗਈ ਢਾਈ ਘੰਟੇ ਦੀ ਪੁੱਛਗਿੱਛ ਮਗਰੋਂ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਉਨ੍ਹਾਂ ਜਾਂਚ ਵਿਚ ਵਿਜੀਲੈਂਸ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਉਨ੍ਹਾਂ ਕੋਲੋਂ ਆਮਦਨ ਸਬੰਧੀ ਜੋ ਵੀ ਸਵਾਲ ਪੁੱਛੇ ਗਏ ਉਨ੍ਹਾਂ ਜਵਾਬ ਦਿੱਤਾ। ਜਾਇਦਾਦ ਸਬੰਧੀ ਬੋਲਦਿਆਂ ਸੋਨੀ ਨੇ ਕਿਹਾ ਕਿ ਉਨ੍ਹਾਂ ਜਾਇਦਾਦ ਨਜਾਇਜ਼ ਤਰੀਕੇ ਨਾਲ ਨਹੀਂ ਬਣਾਈ ਬਲਕਿ ਆਪਣੀ ਆਮਦਨ ਅਨੁਸਾਰ ਹੀ ਬਣਾਈ ਹੈ ਅਤੇ ਉਨ੍ਹਾਂ ਵਿਜੀਲੈਂਸ ਸਾਹਮਣੇ ਵੀ ਉਹੀ ਵੇਰਵੇ ਪੇਸ਼ ਕੀਤੇ ਜਿਹੜੇ ਉਨ੍ਹਾਂ ਚੋਣਾਂ ਸਮੇਂ ਚੋਣ ਕਮਿਸ਼ਨ ਸਾਹਮਣੇ ਪੇਸ਼ ਕੀਤੇ ਸਨ। ਧਿਆਨ ਰਹੇ ਕਿ ਸਾਬਕਾ ਕਾਂਗਰਸੀ ਮੰਤਰੀਆਂ ਤੋਂ ਬਾਅਦ ਹੁਣ ਸਾਬਕਾ ਉਪ ਮੁੱਖ ਮੰਤਰੀ ਓ ਪੀ ਸੋਨੀ ਵੀ ਵਿਜੀਲੈਂਸ ਦੀ ਰਾਡਾਰ ’ਤੇ ਆ ਚੁੱਕੇ ਹਨ। ਲੰਘੇ ਦਿਨੀਂ ਵਿਜੀਲੈਂਸ ਵਿਭਾਗ ਵੱਲੋਂ ਇਕ ਨੋਟਿਸ ਉਨ੍ਹਾਂ ਦੇ ਰਾਣੀ ਬਾਗ ਸਥਿਤ ਘਰ ਵਿਖੇ ਪਹੁੰਚਿਆ ਸੀ, ਜਿਸ ਵਿਚ ਉਨ੍ਹਾਂ ਨੂੰ ਲੰਘੀ 25 ਨਵੰਬਰ ਨੂੰ ਅੰਮਿ੍ਰਤਸਰ ਸਥਿਤ ਵਿਜੀਲੈਂਸ ਦੇ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਪ੍ਰੰਤੂ ਉਨ੍ਹਾਂ ਆਪਣੀ ਖਰਾਬ ਸਿਹਤ ਅਤੇ ਅੰਮਿ੍ਰਤਸਰ ਤੋਂ ਬਾਹਰ ਹੋਣ ਦਾ ਹਵਾਲਾ ਦੇ ਕੇ ਵਿਜੀਲੈਂਸ ਅੱਗੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਸੀ। ਜਿਸ ਦੇ ਚਲਦਿਆਂ ਸਾਬਕਾ ਉਪ ਮੁੱਖ ਮੰਤਰੀ ਓ ਪੀ ਸੋਨੀ ਅੱਜ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ।