Breaking News
Home / ਭਾਰਤ / ਮੈਂ ਭਾਜਪਾ ‘ਚ ਸ਼ਾਮਲ ਨਹੀਂ ਹੋਵਾਂਗਾ, ਚਾਹੇ ਕੁਝ ਵੀ ਹੋ ਜਾਵੇ : ਕੇਜਰੀਵਾਲ

ਮੈਂ ਭਾਜਪਾ ‘ਚ ਸ਼ਾਮਲ ਨਹੀਂ ਹੋਵਾਂਗਾ, ਚਾਹੇ ਕੁਝ ਵੀ ਹੋ ਜਾਵੇ : ਕੇਜਰੀਵਾਲ

‘ਆਪ’ ਆਗੂਆਂ ‘ਤੇ ਦਰਜ ਸਾਰੇ ਕੇਸਾਂ ਨੂੰ ਝੂਠੇ ਦੱਸਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਰੋਪ ਲਗਾਇਆ ਕਿ ਭਾਜਪਾ ਵੱਲੋਂ ਆਮ ਆਦਮੀ ਪਾਰਟੀ ‘ਤੇ ਦਬਾਅ ਬਣਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੇ ਕੁਝ ਵੀ ਹੋ ਜਾਵੇ, ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਇਥੇ ਕਿਰਾੜੀ ਵਿੱਚ ਦੋ ਸਕੂਲਾਂ ਦਾ ਉਦਘਾਟਨ ਕਰਨ ਮੌਕੇ ਲੋਕਾਂ ਨੂੰ ਦਿੱਤੇ ਭਾਸ਼ਣ ਦੌਰਾਨ ਇਹ ਪ੍ਰਗਟਾਵਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਾਜਪਾ ‘ਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਕੋਈ ਸ਼ੁੱਭ ਕੰਮ ਕਰਨ ਜਾਂਦੇ ਹਨ ਤਾਂ ਵਿਰੋਧੀ ਧਿਰ ਵਿਰੋਧ ਕਰਨ ਲਈ ਉਥੇ ਆਉਂਦੀ ਹੈ। ਉਨ੍ਹਾਂ ਕਿਹਾ, ”ਮੈਂ ਭਾਜਪਾ ‘ਚ ਸ਼ਾਮਲ ਨਹੀਂ ਹੋਵਾਂਗਾ, ਜਦੋਂ ਤੱਕ ਜਨਤਾ ਸਾਡੇ ਨਾਲ ਹੈ, ਕੋਈ ਸਾਡਾ ਕੁਝ ਨਹੀਂ ਵਿਗਾੜ ਸਕਦਾ।” ਉਨ੍ਹਾਂ ਕਿਹਾ, ”ਉਹ ਸਾਡੇ ਵਿਰੁੱਧ ਕੋਈ ਵੀ ਸਾਜਿਸ਼ ਰਚ ਸਕਦੇ ਹਨ, ਮੈਂ ਵੀ ਪੱਕਾ ਹਾਂ, ਝੁਕਣ ਵਾਲਾ ਨਹੀਂ। ਮੈਨੂੰ ਉਹ ਭਾਜਪਾ ਵਿਚ ਸ਼ਾਮਲ ਹੋਣ ਲਈ ਕਹਿ ਰਹੇ ਹਨ ਪਰ ਮੈਂ ਕਿਹਾ, ਬਿਲਕੁਲ ਨਹੀਂ।”
ਬਾਅਦ ਵਿੱਚ ਐਕਸ ‘ਤੇ ਇੱਕ ਪੋਸਟ ਵਿੱਚ, ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ‘ਆਪ’ ਆਗੂਆਂ ਵਿਰੁੱਧ ਦਰਜ ਸਾਰੇ ਕੇਸ ਝੂਠੇ ਸਨ। ”ਜੇਕਰ ਅਸੀਂ ਕੁਝ ਗਲਤ ਕੀਤਾ ਹੁੰਦਾ ਤਾਂ ਅਸੀਂ ਵੀ ਹੋਰਨਾਂ ਵਾਂਗ ਭਾਜਪਾ ਵਿਚ ਸ਼ਾਮਲ ਹੋ ਜਾਂਦੇ, ਜਿਨ੍ਹਾਂ ਦੇ ਕੇਸ ਬੰਦ ਹੋ ਗਏ। ਜਦੋਂ ਅਸੀਂ ਕੁਝ ਗਲਤ ਨਹੀਂ ਕੀਤਾ ਤਾਂ ਅਸੀਂ ਭਾਜਪਾ ਵਿਚ ਸ਼ਾਮਲ ਕਿਉਂ ਹੋਈਏ? ਸਾਡੇ ‘ਤੇ ਦਰਜ ਸਾਰੇ ਕੇਸ ਝੂਠੇ ਹਨ। ਅੱਜ ਨਹੀਂ ਤਾਂ ਕੱਲ੍ਹ ਸਾਰੇ ਕੇਸ ਖਤਮ ਹੋ ਜਾਣਗੇ।” ਕੇਜਰੀਵਾਲ ਦੀਆਂ ਟਿੱਪਣੀਆਂ ‘ਤੇ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ, ”ਅਰਵਿੰਦ ਕੇਜਰੀਵਾਲ ਏਜੰਸੀਆਂ ਦੀ ਜਾਂਚ ਤੋਂ ਡਰਦੇ ਹਨ, ਇਸ ਲਈ ਉਹ ਝੂਠ ਬੋਲ ਰਹੇ ਹਨ, ਉਹ ਦਿੱਲੀ ਦੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ।” ਕੇਜਰੀਵਾਲ ਅਤੇ ਕੈਬਨਿਟ ਮੰਤਰੀ ਆਤਿਸ਼ੀ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਉਨ੍ਹਾਂ ਦੁਆਰਾ ਲਗਾਏ ਗਏ ਆਰੋਪਾਂ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ। ਕੇਜਰੀਵਾਲ ਨੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਾਰੀ ਕੀਤੇ ਪੰਜ ਸੰਮਨਾਂ ਨੂੰ ਨਕਾਰ ਦਿੱਤਾ ਹੈ।

 

Check Also

ਰਾਮਨੌਮੀ ਦਾ ਤਿਉਹਾਰ ਦੇਸ਼ ਅਤੇ ਵਿਦੇਸ਼ਾਂ ’ਚ ਧੂਮਧਾਮ ਨਾਲ ਮਨਾਇਆ ਗਿਆ

ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ ਨਵੀਂ …