ਉਨਟਾਰੀਓ : ਤੀਜੀ ਵੇਵ ਦੌਰਾਨ ਪ੍ਰੋਵਿੰਸ ਦੇ ਹਸਪਤਾਲਾਂ ਵਿੱਚ ਕੋਵਿਡ-19 ਪਾਜ਼ੀਟਿਵ ਮਰੀਜ਼ਾਂ ਨੂੰ ਦਾਖਲ ਕਰਨ ਦਾ ਸਿਲਸਿਲਾ ਮੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ ਤੇ ਇਸ ਨਾਲ ਹੈਲਥਕੇਅਰ ਸਿਸਟਮ ਵੀ ਬੁਰੀ ਤਰ੍ਹਾਂ ਚਰਮਰਾ ਰਿਹਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਓਨਟਾਰੀਓ ਦੇ ਉੱਘੇ ਡਾਕਟਰ ਨੇ ਫੌਰੀ ਤੌਰ ਉੱਤੇ ਪ੍ਰੋਵਿੰਸ ਵਿੱਚ ਸਾਰੀਆਂ ਗੈਰ ਜ਼ਰੂਰੀ ਸਰਜਰੀਜ਼ ਤੇ ਗੈਰ ਜ਼ਰੂਰੀ ਪ੍ਰੋਸੀਜ਼ਰ ਬੰਦ ਕਰਨ ਲਈ ਆਖਿਆ ਹੈ। ਇਹ ਨਵੇਂ ਨਿਰਦੇਸ਼ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ. ਡੇਵਿਡ ਵਿਲੀਅਮਜ਼ ਵੱਲੋਂ ਜਾਰੀ ਕੀਤੇ ਗਏ। ਇਨ੍ਹਾਂ ਨਿਰਦੇਸ਼ਾਂ ਤਹਿਤ ਇਹ ਵੀ ਆਖਿਆ ਗਿਆ ਕਿ ਸਰਜਰੀਜ਼ ਨੂੰ ਮੁਲਤਵੀ ਕਰਨ ਦਾ ਫੈਸਲਾ ਪਾਰਦਰਸ਼ੀ ਢੰਗ ਨਾਲ ਸਾਰੇ ਮਰੀਜ਼ਾਂ ਦੇ ਧਿਆਨ ਵਿੱਚ ਲਿਆ ਕੇ ਲਿਆ ਜਾਵੇ। ਇਸ ਮਹੀਨੇ ਦੇ ਸ਼ੁਰੂ ਵਿੱਚ ਓਨਟਾਰੀਓ ਹੈਲਥ ਵੱਲੋਂ ਹਸਪਤਾਲਾਂ ਨੂੰ ਇਹ ਹਦਾਇਤ ਦਿੱਤੀ ਗਈ ਸੀ ਕਿ ਉਹ ਚੋਣਵੀਆਂ ਸਰਜਰੀਜ਼ ਬੰਦ ਕਰ ਦੇਣ ਤਾਂ ਕਿ ਕੋਵਿਡ-19 ਦੇ ਮਰੀਜ਼ਾਂ ਲਈ ਵਧੇਰੇ ਥਾਂ ਬਣ ਸਕੇ।
ਪ੍ਰੋਵਿੰਸ ਵੱਲੋਂ ਐਮਰਜੈਂਸੀ ਆਰਡਰਜ਼ ਜਾਰੀ ਕੀਤੇ ਗਏ ਹਨ ਜਿਸ ਨਾਲ ਹਸਪਤਾਲਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਮਰੀਜ਼ ਦੀ ਰਜ਼ਾਮੰਦੀ ਤੋਂ ਬਿਨਾਂ ਉਸ ਨੂੰ ਕਿਸੇ ਹੋਰ ਹਸਪਤਾਲ ਭੇਜ ਸਕਦੇ ਹਨ। ਬੁੱਧਵਾਰ ਸ਼ਾਮ ਨੂੰ ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਇਹ ਨਿਰਦੇਸ਼ ਅਤੇ ਤਾਜ਼ਾ ਐਮਰਜੈਂਸੀ ਆਰਡਰਜ਼ ਪ੍ਰੋਵਿੰਸ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਜਾਰੀ ਕੀਤੇ ਗਏ ਹਨ। ਇਸ ਸਮੇਂ ਕੋਵਿਡ-19 ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਹਸਪਤਾਲ ਤੇ ਆਈ ਸੀ ਯੂ ਵਿੱਚ ਦਾਖਲ ਕਰਵਾਉਣ ਦਾ ਸਿਲਸਿਲਾ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਫੈਸਲੇ ਉੱਤੇ ਬਾਰੀਕੀ ਨਾਲ ਨਜ਼ਰ ਰੱਖੀ ਜਾਵੇਗੀ ਤੇ ਜਿੰਨੀ ਜਲਦੀ ਸੰਭਵ ਹੋ ਸਕੇ ਸਰਜਰੀਜ਼ ਕਰਨ ਦੀ ਸਮਰੱਥਾ ਵਾਪਿਸ ਲਿਆਂਦੀ ਜਾਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …