Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਕਿਊਬਿਕ ਸਰਕਾਰ ਵਲੋਂ ਇੰਮੀਗ੍ਰੇਸ਼ਨ ਦੀਆਂ ਵਿਚਾਰ ਅਧੀਨ ਅਰਜ਼ੀਆਂ ਖ਼ਾਰਜ ਕਰਨ ਦੀ ਤਿਆਰੀ

ਕੈਨੇਡਾ ‘ਚ ਕਿਊਬਿਕ ਸਰਕਾਰ ਵਲੋਂ ਇੰਮੀਗ੍ਰੇਸ਼ਨ ਦੀਆਂ ਵਿਚਾਰ ਅਧੀਨ ਅਰਜ਼ੀਆਂ ਖ਼ਾਰਜ ਕਰਨ ਦੀ ਤਿਆਰੀ

18 ਹਜ਼ਾਰ ਬਿਨੈਕਾਰਾਂ ਨੂੰ ਹੋਵੇਗੀ ਨਿਰਾਸ਼ਾ

ਟੋਰਾਂਟੋ/ਸਤਪਾਲ ਸਿੰਘ ਜੌਹਲ

ਕੈਨੇਡਾ ਵਿਚ ਫਰੈਂਚ ਬੋਲੀ ਤੇ ਸੱਭਿਆਚਾਰ ਵਾਲੇ ਕਿਊਬਕ ਸੂਬੇ ‘ਚ ਖ਼ੇਤਰੀ ਪਾਰਟੀ ਕੋਆਲੀਸ਼ਨ ਅਵਨੀਰ ਕਿਊਬਕ (ਸੀ.ਏ.ਕਿਊ.) ਦੀ ਲੰਘੇ ਸਾਲ ਅਕਤੂਬਰ ਵਿਚ ਬਣੀ ਨਵੀਂ ਸਰਕਾਰ ਨੇ ਲੰਬੇ ਸਮੇਂ ਤੋਂ ਪੱਕੇ ਤੌਰ ‘ਤੇ ਕਿਊਬਕ ਦੀ ਇਮੀਗ੍ਰੇਸ਼ਨ ਅਪਲਾਈ ਕਰਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਪੇਸ਼ੇਵਰ ਕਾਮਿਆਂ (ਸਕਿਲਡ ਵਰਕਰਜ਼) ਦੀਆਂ ਆਸਾਂ ‘ਤੇ ਪਾਣੀ ਫੇਰਨ ਦਾ ਪ੍ਰੋਗਰਾਮ ਬਣਾ ਲਿਆ ਹੈ। ਸੀ. ਏ.ਕਿਊ. ਨੇ ਕਿਊਬਕ ਵਿਚ ਇਮੀਗ੍ਰੇਸ਼ਨ 20 ਫੀਸਦੀ ਘਟਾਉਣ ਦਾ ਚੋਣ ਵਾਅਦਾ ਕੀਤਾ ਸੀ ਜਿਸ ਨੂੰ ਪੂਰਾ ਕਰਦਿਆਂ ਕਿਊਬਕ ਸਰਕਾਰ ਵਲੋਂ ਸਲਾਨਾ ਇਮੀਗ੍ਰੇਸ਼ਨ ਦਾ ਕੋਟਾ 52 ਹਜ਼ਾਰ ਤੋਂ ਘਟਾ ਕੇ 40 ਹਜ਼ਾਰ ਕੀਤਾ ਜਾ ਚੁੱਕਾ ਹੈ।  ਵਿਧਾਨ ਸਭਾ ਵਿਚ ਲਿਆਂਦੇ ਗਏ ਬਿੱਲ 9 ਤਹਿਤ ਫਰੈਂਚ ਬੋਲਣ ਅਤੇ ਕਿਊਬਕ ਵਿਚ ਪੱਕੇ ਤੌਰ ‘ਤੇ ਰਹਿਣ ਦੇ ਚਾਹਵਾਨ ਵਿਦੇਸ਼ੀਆਂ ਨੂੰ ਇਮੀਗ੍ਰੇਸ਼ਨ ਵਿਚ ਪਹਿਲ ਦੇਣ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵਿਦੇਸ਼ੀਆਂ ਨੂੰ ਕਿਊਬਕ ਵਿਚ ਪਹਿਲ ਮਿਲੇਗੀ ਜਿਨ੍ਹਾਂ ਦਾ ਕਿੱਤਾ ਕਿਊਬਕ ਦੀ ਰੋਜ਼ਗਾਰ ਮਾਰਕਿਟ ਅਨੁਸਾਰ ਢੁਕਵਾਂ ਹੋਵੇਗਾ। ਮੁੱਖ ਮੰਤਰੀ ਫਰਾਂਸੋਅ ਲੀਗਾਲਟ ਨੇ ਵਿਧਾਨ ਸਭਾ ਵਿਚ ਦੱਸਿਆ ਕਿ ਇਸ ਸਮੇਂ ਸੂਬੇ ‘ਚ ਬਹੁਤ ਸਾਰੇ ਪਰਵਾਸੀ ਫਰੈਂਚ ਨਹੀਂ ਬੋਲ ਸਕਦੇ ਤੇ ਨਾ ਹੀ ਉਨ੍ਹਾਂ ਕੋਲ ਕਿਊਬਕ ਵਿਚ ਕੋਈ ਕੰਮ ਕਰਨ ਦੀ ਮੁਹਾਰਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਰਵਾਸੀਆਂ ਨੂੰ ਮੁਫ਼ਤ ਫਰੈਂਚ ਸਿਖਾਈ ਜਾਵੇਗੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰੀਖਿਆ ਪਾਸ ਕਰਨੀ ਪਵੇਗੀ। ਕਿਊਬਕ ਦੇ ਇਮੀਗ੍ਰੇਸ਼ਨ ਮੰਤਰੀ ਸਾਈਮਨ ਜੋਲੀਨ ਨੇ ਦੱਸਿਆ ਕਿ ਬਿੱਲ 9 ਪਾਸ ਹੋ ਕੇ ਕਾਨੂੰਨ ਬਣੇਗਾ ਤਾਂ ਉਸ ਦਾ ਹਰੇਕ ਸਾਰਿਆਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਯੋਗ ਪਰਵਾਸੀਆਂ ਨੂੰ ਪਹਿਲ ਦਿੱਤੀ ਜਾਵੇਗੀ ਤੇ ਪੇਸ਼ੇਵਰ ਕਾਮਿਆਂ ਦੀ ਅਰਜ਼ੀ ਦਾ ਫ਼ੈਸਲਾ 6 ਮਹੀਨਿਆਂ ਵਿਚ ਹੋ ਜਾਇਆ ਕਰੇਗਾ ਜਦਕਿ ਹੁਣ ਲਗਪਗ ਤਿੰਨ ਸਾਲ ਲੱਗਦੇ ਹਨ। ਕਿਊਬਕ ਸਕਿੱਲਡ ਵਰਕਰਜ਼ ਪ੍ਰੋਗਰਾਮ ਤਹਿਤ 2 ਅਗਸਤ 2018 ਤੋਂ ਪਹਿਲਾਂ ਦੀਆਂ ਵਿਚਾਰ ਅਧੀਨ ਤਕਰੀਬਨ 18 ਹਜ਼ਾਰ ਅਰਜ਼ੀਆਂ ਖ਼ਾਰਜ ਕਰਨ (ਜਿਸ ਨਾਲ 50 ਹਜ਼ਾਰ ਤੋਂ ਵਧੇਰੇ ਵਿਅਕਤੀ ਪ੍ਰਭਾਵਿਤ ਹੋਣਗੇ) ਬਾਰੇ ਪਤਾ ਲੱਗਣ ‘ਤੇ ਕਿਊਬਕ ਸਰਕਾਰ ਪ੍ਰਤੀ ਨਰਾਜ਼ਗੀ ਪਾਈ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਅਜਿਹੇ ਲੋਕ ਹਨ ਜੋ 2008 ਜਾਂ ਉਸ ਤੋਂ ਵੀ ਪਹਿਲਾਂ ਅਪਲਾਈ ਕਰਨ ਮਗਰੋਂ ਆਪਣੀ ਵਾਰੀ ਉਡੀਕ ਰਹੇ ਹਨ। ਤਸੱਲੀ ਵਾਲੀ ਗੱਲ ਇਹ ਹੈ ਕਿ ਹਰੇਕ ਵਿਅਕਤੀ ਨੂੰ ਉਸ ਵਲੋਂ ਦਿੱਤੀ ਗਈ ਫੀਸ ਵਾਪਿਸ ਕਰ ਦਿੱਤੀ ਜਾਵੇਗੀ। ਮੌਜੂਦਾ ਸਰਕਾਰ ਕੋਲ ਵਿਧਾਨ ਸਭਾ ਵਿੱਚ ਬਹੁਮੱਤ ਹੈ ਜਿਸ ਕਰਕੇ ਬਿੱਲ 9 ਪਾਸ ਹੋਣ ਵਿੱਚ ਕੋਈ ਰੁਕਾਵਟ ਨਹੀਂ ਹੋਵੇਗੀ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …