ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਦੱਸਿਆ ਹੈ ਕਿ ਬੀਤੇ ਕੁਝ ਮਹੀਨਿਆਂ ਦੌਰਾਨ ਰਿਕਾਰਡ ਤੋੜ (ਵੱਖ-ਵੱਖ ਕੈਟੇਗਰੀਆਂ ‘ਚ ਤਕਰੀਬਨ 48 ਲੱਖ) ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਹੈ ਜਿਸ ਨਾਲ਼ ਮੰਤਰਾਲੇ ਕੋਲ਼ ਪੁੱਜੀਆਂ ਹੋਈਆਂ ਅਰਜ਼ੀਆਂ ਦਾ ਬੈਕਲਾਗ ਘੱਟ ਕਰਨ ਵਿਚ ਮਦਦ ਮਿਲੀ ਹੈ।
2022 ਦੌਰਾਨ 30 ਨਵੰਬਰ ਤੱਕ ਸਟੱਡੀ ਪਰਮਿਟ ਦੀਆਂ ਲਗਪਗ 6,70,000 ਅਰਜ਼ੀਆਂ ਨਿਪਟਾਈਆਂ ਗਈਆਂ ਹਨ ਜਦਕਿ ਬੀਤੇ ਸਾਲ ਇਸੇ ਸਮੇਂ ਦੌਰਾਨ 5 ਲੱਖ ਅਰਜ਼ੀਆਂ ਦਾ ਅੰਤਿਮ ਫੈਸਲਾ ਕੀਤਾ ਗਿਆ ਸੀ ਇਹ ਵੀ ਕਿ ਵੱਡੀ ਗਿਣਤੀ ਵਿਚ ਸਟੱਡੀ ਪਰਮਿਟ ਦੀ ਨਵੀਂ ਅਰਜ਼ੀ ਦਾ ਨਿਪਟਾਰਾ ਦੋ ਮਹੀਨਿਆਂ ਅੰਦਰ ਕਰ ਦਿੱਤਾ ਜਾਂਦਾ ਹੈ ਮੰਤਰੀ ਫਰੇਜ਼ਰ ਨੇ ਆਖਿਆ ਹੈ ਕਿ ਇਸ ਸਾਲ ਦੌਰਾਨ ਵਿਦੇਸ਼ੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕਰਨ ਦਾ ਇਕ ਨਵਾਂ ਰਿਕਾਰਡ ਸਥਾਪਿਤ ਹੋਵੇਗਾ 30 ਨਵੰਬਰ ਤੱਕ ਹੀ 700000 ਦੇ ਕਰੀਬ ਵਿਦੇਸ਼ੀ ਕਾਮਿਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਦਾ ਫੈਸਲਾ ਵੀ ਕੀਤਾ ਜਾ ਚੁੱਕਿਆ ਹੈ, ਜੋ ਕਿ ਬੀਤੇ ਤਿੰਨ ਸਾਲਾਂ ਦੌਰਾਨ ਲਗਪਗ ਤਿੰਨ ਗੁਣਾ ਵੱਧ ਹੈ।
ਕੈਨੇਡਾ ਵਿਚ ਇਸ ਸਮੇਂ 6,40,000 ਤੋਂ ਵੱਧ ਵਿਦੇਸ਼ੀ ਵਿਦਿਆਰਥੀ ਹਨ ਜਿਨ੍ਹਾਂ ਨੂੰ ਵਰਕ ਪਰਮਿਟ ਮਿਲੇ ਹੋਏ ਹਨ।
ਇਸੇ ਦੌਰਾਨ ਕੈਨੇਡਾ ਦੇ ਸੈਲਾਨੀ ਵੀਜ਼ਾ ਦੀਆਂ ਅਰਜ਼ੀਆਂ ਦੇ ਨਿਪਟਾਰੇ ਵਿਚ ਵੀ ਤੇਜ਼ੀ ਆਈ ਹੋਈ ਹੈ ਜਿਸ ਤਹਿਤ ਨਵੰਬਰ ਮਹੀਨੇ ਦੇ 30 ਦਿਨਾਂ ਦੌਰਾਨ ਹੀ 260000 ਵੱਧ ਅਰਜ਼ੀਆਂ ਦਾ ਫ਼ੈਸਲਾ ਕੀਤਾ ਗਿਆ।
ਮੰਤਰੀ ਫਰੇਜ਼ਰ ਨੇ ਆਖਿਆ ਕਿ 2022 ਦੌਰਾਨ 4,31,000 ਨਵੇਂ ਪ੍ਰਵਾਸੀਆਂ ਨੂੰ ਦੇਸ਼ ਵਿੱਚ ਪੱਕੇ ਤੌਰ ‘ਤੇ ਵਸਣ ਦਾ ਟੀਚਾ ਵੀ 31 ਦਸੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਐਕਸਪ੍ਰੈਸ ਐਂਟਰੀ ਦੇ ਡਰਾਅ ਤੋਂ ਬਾਅਦ ਪੱਕੇ ਵੀਜ਼ੇ ਦੀ ਅਰਜ਼ੀ ਦਾ ਨਿਪਟਾਰਾ ਛੇ ਕੁ ਮਹੀਨਿਆਂ ਵਿਚ ਅਤੇ ਵਿਆਹ ਦੇ ਕੇਸਾਂ ਦਾ ਨਿਪਟਾਰਾ ਇਕ ਸਾਲ ਦੇ ਸਮੇਂ ਦੌਰਾਨ ਕੀਤਾ ਜਾ ਰਿਹਾ ਹੈ।
ਬੀਤੇ ਸੱਤ ਕੁ ਮਹੀਨਿਆਂ ਦੌਰਾਨ ਕਰੀਬ 2,51,000 ਵਿਦੇਸ਼ੀ ਨਾਗਰਿਕਾਂ ਵਲੋਂ ਕੈਨੇਡਾ ਦੀ ਨਾਗਰਿਕਤਾ ਵੀ ਪ੍ਰਾਪਤ ਕੀਤੀ ਗਈ ਹੈ ਅਤੇ ਨਾਗਰਿਕਤਾ ਦੀ ਨਵੀਂ ਅਰਜ਼ੀ ਦਾ ਨਿਪਟਾਰਾ ਕਰਨ ਨੂੰ ਲਗਪਗ ਦੋ ਸਾਲ ਲੱਗ ਰਹੇ ਹਨ।
ਮੰਤਰੀ ਫਰੇਜ਼ਰ ਨੇ ਆਖਿਆ ਕਿ ਅਰਜੀਆਂ ਜਮ੍ਹਾਂ ਕਰਵਾਉਣ ਦਾ ਸਿਸਟਮ ਆਨਲਾਈਨ ਕਰਨ ਅਤੇ ਮੰਤਰਾਲੇ ਵਲੋਂ ਨਵਾਂ ਸਟਾਫ ਭਰਤੀ ਕੀਤੇ ਜਾਣ ਤੋਂ ਬਾਅਦ ਅਰਜੀਆਂ ਦਾ ਨਿਪਟਾਰਾ ਜਲਦੀ ਕੀਤਾ ਜਾ ਸਕਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਅਜੇ ਵੀ ਕੈਨੇਡਾ ਇਮੀਗ੍ਰੇਸ਼ਨ ਮੰਤਰਾਲੇ ਕੋਲ਼ ਲੱਗਭੱਗ 22 ਲੱਖ ਅਰਜੀਆਂ ਪਈਆਂ ਹਨ ਜਿਨ੍ਹਾਂ ਦਾ ਫੈਸਲਾ ਅਗਲੇ ਮਹੀਨਿਆਂ ਦਨਰਾਨ ਕੀਤਾ ਜਾਵੇਗਾ।