ਕੱਲ ਸ਼ਾਮ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਫੰਡਰੇਜਿ਼ੰਗ ਡਿਨਰ ਦੀ ਆਪਣੀ ਯੋਜਨਾ ਰੱਦ ਕਰਨੀ ਪਈ। ਇਸ ਈਵੈਂਟ ਦੇ ਦੋ ਸਪੀਕਰਜ਼ ਨੇ ਦੱਸਿਆ ਕਿ ਸਰ੍ਹੀ, ਬੀਸੀ ਵਿੱਚ ਕਰਵਾਏ ਜਾਣ ਵਾਲੇ ਇਸ ਈਵੈਂਟ ਵਿੱਚ ਬਹੁਤਾ ਕਰਕੇ ਸਾਊਥ ਏਸ਼ੀਆਈ ਲੋਕ ਹੀ ਹਿੱਸਾ ਲੈਣ ਲਈ ਪਹੁੰਚੇ ਸਨ ਤੇ ਕੁੱਝ ਮੁਜ਼ਾਹਰਾਕਾਰੀਆਂ ਵੱਲੋਂ ਨਸਲੀ ਟਿੱਪਣੀਆਂ ਕੀਤੇ ਜਾਣ ਕਾਰਨ ਟਰੂਡੋ ਵੱਲੋਂ ਇਸ ਈਵੈਂਟ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਗਿਆ।
ਟਰੂਡੋ ਇਮਾਰਤ ਵਿੱਚ ਹੀ ਦਾਖਲ ਨਹੀਂ ਹੋਏ ਤੇ ਉਨ੍ਹਾਂ ਇੱਥੇ ਇੱਕਠੇ ਹੋਏ ਲੋਕਾਂ ਨਾਲ ਜ਼ੂਮ ਰਾਹੀਂ ਤਿੰਨ ਮਿੰਟ ਲਈ ਗੱਲ ਕੀਤੀ। ਉਨ੍ਹਾਂ ਆਖਿਆ ਕਿ ਕਿਸੇ ਨੂੰ ਵੀ ਆਪਣੇ ਜਮਹੂਰੀ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਕਿਉਂਕਿ ਸਾਡੇ ਦੇਸ਼ ਵਿੱਚ ਜਮਹੂਰੀ ਆਜ਼ਾਦੀ ਦੀ ਪੂਰੀ ਖੁੱਲ੍ਹ ਹੈ।
ਪੀਐਮ ਟਰੂਡੋ ਨੇ ਆਖਿਆ ਕਿ ਉਹ ਭਵਿੱਖ ਵਿੱਚ ਸਰ੍ਹੀ ਦੇ ਆਪਣੇ ਸਮਰਥਕਾਂ ਨੂੰ ਮਿਲਣ ਲਈ ਜ਼ਰੂਰ ਆਉਣਗੇ। ਇਸ ਦੌਰਾਨ ਈਵੈਂਟ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪ੍ਰਬੰਧਕਾਂ ਨੇ ਆਖਿਆ ਕਿ ਉਹ ਉੱਥੇ ਹੀ ਰਹਿਣ ਤੇ ਖਾਣੇ ਦਾ ਆਨੰਦ ਮਾਨਣ। ਰੱਖਿਆ ਮੰਤਰੀ ਅਨੀਤਾ ਆਨੰਦ ਨੇ ਇੱਕਠ ਨੂੰ ਸੰਬੋਧਨ ਕੀਤਾ ਪਰ ਲਿਬਰਲ ਪਾਰਟੀ ਦੇ ਸਟਾਫ ਵੱਲੋਂ ਇੱਕ ਪੱਤਰਕਾਰ ਨੂੰ ਕਮਰਾ ਛੱਡ ਕੇ ਬਾਹਰ ਜਾਣ ਲਈ ਵੀ ਆਖਿਆ ਗਿਆ।
ਜਿ਼ਕਰਯੋਗ ਹੈ ਕਿ ਚਾਰ ਦਰਜਨ ਦੇ ਨੇੜੇ ਤੇੜੇ ਪ੍ਰਦਰਸ਼ਨਕਾਰੀ ਕਨਵੈਂਸ਼ਨ ਸੈਂਟਰ ਦੇ ਬਾਹਰ ਇੱਕਠੇ ਹੋ ਗਏ ਤੇ ਉਨ੍ਹਾਂ ਪੀਐਮ ਟਰੂਡੋ ਖਿਲਾਫ ਨਾਅਰੇ ਲਾਏ ਤੇ ਹੌਰਨ ਵੀ ਵਜਾਏ। ਇਹ ਪਹਿਲੀ ਵਾਰ ਨਹੀਂ ਹੈ ਜਦ ਪੀਐਮ ਟਰੂਡੋ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੋਵੇ ਇਸ ਤੋਂ ਪਹਿਲਾ ਵੀ ਪੀਐਮ ਟਰੂਡੋ ਨੂੰ ਇਸ ਤਰਾਂ ਦੀਆ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ |