ਟੋਰਾਂਟੋ : ਵਿਦੇਸ਼ਾਂ ਵਿੱਚ ਵਸੇ ਪੰਜਾਬੀ ਜਿੱਥੇ ਸਾਹਿਤ, ਰਾਜਨੀਤੀ, ਖੇਡਾਂ, ਵਪਾਰ, ਸਿੱਖਿਆ ਅਤੇ ਖੇਤੀ ਦੇ ਖੇਤਰਾਂ ਵਿੱਚ ਵਧੀਆ ਕਾਰਗੁਜਾਰੀ ਵਿਖਾਉਦੇ ਰਹੇ ਹਨ, ਉੱਥੇ ਧਰਮ ਦੇ ਖੇਤਰ ਵਿਚ ਵੀ ਉਨ੍ਹਾਂ ਦੀਆਂ ਸਰਗਰਮੀਆਂ ਘੱਟ ਸ਼ਲਾਘਾ ਯੋਗ ਨਹੀਂ ਹਨ। ਕੈਨੇਡਾ ‘ਚ ਵਸਦੇ ਪੰਜਾਬੀਆਂ ਨੂੰ ਜਿੱਥੇ ਹਰ ਖੇਤਰ ਵਿਚ ਮੋਹਰੀ ਰਹਿਣ ਦਾ ਮਾਣ ਹਾਸਿਲ ਹੈ, ਉਥੇ ਧਾਰਮਿਕ ਖੇਤਰ ਵਿਚ ਵੀ ਉਨ੍ਹਾਂ ਦੀ ਭੂਮਿਕਾ ਬਹੁਤ ਵਿਲੱਖਣ ਹੈ। ਸਿੱਖ ਧਰਮ ਨਾਲ ਜੁੜੀਆਂ ਕੈਨੇਡਾ ਦੀਆਂ ਧਾਰਮਿਕ ਸਖਸ਼ੀਅਤਾਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਇਸ ਦੇਸ਼ ਵਿੱਚ ਵਸਦੇ ਪੰਜਾਬੀਆਂ ਅਤੇ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਨਾਲ ਜੋੜ ਕੇ ਰੱਖਣ ਇਸ ਦੇ ਪ੍ਰਚਾਰ ਅਤੇ ਪਸਾਰ ਲਈ ਗੁਰਬਪੁਰਬ ਮਨਾਉਣ, ਸਿੱਖ ਧਰਮ ਉੱਤੇ ਲੈਕਚਰ ਕਰਵਾਉਣ, ਦਸਤਾਰ ਸਜਾਉਣ ਮੁਕਾਬਲੇ ਕਰਵਾਉਣ, ਗੁਰਬਾਣੀ ਉਚਾਰਣ ਮੁਕਾਬਲੇ, ਢਾਡੀ ਦਰਬਾਰ ਕਰਵਾਉਣ ਅਤੇ ਪੰਜਾਬੀ ਭਾਸ਼ਾ ਸਿਖਾਉਣ ਲਈ ਕਲਾਸਾਂ ਲਗਾਉਣ ਦੀਆਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਗਤੀਵਿਧੀਆਂ ਅਧੀਨ ਓਨਟਾਰੀਓ ਸੂਬੇ ਦੇ ਸਟੋਨੀ ਕ੍ਰੀਕ (ਹੈਮਿਲਟਨ) ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਿਤੀ 28 ਜਨਵਰੀ 2024 ਨੂੰ ਸ਼੍ਰੀ ਗੁਰੂ ਨਾਨਕ ਦਰਬਾਰ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਗਿਆਨਕ ਸੋਚ ਨਾਲ ਸਬੰਧਤ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਕਰਵਾਉਣ ਦਾ ਮੁੱਖ ਮੰਤਵ ਸਿੱਖ ਸੰਗਤ ਨੂੰ ਸ਼੍ਰੀ ਗੁਰੂ ਨਾਨਕ ਜੀ ਦੇ ਜੀਵਨ ਦੇ ਫਲਸਫੇ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਰੂੜੀਵਾਦੀ ਪ੍ਰੰਪਰਾਵਾਂ, ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸ਼ਾਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣਾ ਸੀ। ਇਸ ਲੈਕਚਰ ਦੇ ਮੁੱਖ ਵਕਤਾ ਅੰਤਰ ਰਾਸ਼ਟਰੀ ਵਿਗਿਆਨੀ ਅਤੇ ਸਿੱਖ ਧਰਮ ਦੇ ਵਿਦਵਾਨ ਡਾਕਟਰ ਦੇਵਿੰਦਰ ਪਾਲ ਸਿੰਘ (ਉਰਫ਼ ਡਾ. ਡੀ. ਪੀ. ਸਿੰਘ) ਸਨ ।
ਡਾਕਟਰ ਦੇਵਿੰਦਰ ਪਾਲ ਸਿੰਘ ਧਰਮ ਅਤੇ ਵਿਗਿਆਨ ਵਿਸ਼ੇ ਉੱਤੇ ਕਈ ਪੁਸਤਕਾਂ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਅਨੇਕਾਂ ਲੇਖ ਅਤੇ ਖੋਜ ਪੱਤਰ ਲਿਖ ਚੁੱਕੇ ਹਨ। ਉਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਵਿਗਿਆਨ ਨਾਲ ਜੋੜ ਕੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਇਹ ਦੋਵੇਂ ਸਾਨੂੰ ਸੰਸਾਰ ਵਿੱਚ ਵਿਚਰਣ ਦਾ ਢੰਗ ਸਿਖਾਉਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਵੇਂ ਕਮਲ ਦਾ ਫੁੱਲ ਅਤੇ ਬਤਖ਼ ਪਾਣੀ ‘ਚ ਰਹਿੰਦੇ ਹੋਏ ਵੀ ਪਾਣੀ ਦੇ ਗਿੱਲੇਪਣ ਤੋਂ ਅਭਿੱਜ ਜੀਵਨ ਜਿਉਂਦੇ ਹਨ, ਉਸੇ ਤਰ੍ਹਾਂ ਮਨੁੱਖ ਨੂੰ ਵੀ ਵਿਗਿਆਨਕ ਸੋਚ ਨੂੰ ਅਪਣਾਉਂਦਿਆਂ ਵਿਕਾਰਾਂ, ਵਹਿਮਾਂ, ਭਰਮਾਂ, ਰੂੜ੍ਹੀਵਾਦੀ ਪ੍ਰੰਪਰਾਵਾਂ ਅਤੇ ਅੰਧ ਵਿਸ਼ਵਸਾਂ ਦੀ ਲਾਗ ਤੋਂ ਅਭਿੱਜ ਜੀਵਨ ਜਿਊਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ ਦਾ ਅਧਾਰ ਵਿਗਿਆਨਕ ਸੀ। ਉਨ੍ਹਾਂ ਦੇ ਉਪਦੇਸ਼ਾਂ ਵਿੱਚ ਉਤਸੁਕਤਾ, ਨਿਰਪੱਖਤਾ, ਸਿਰੜਤਾ, ਸਚਾਈ ਅਤੇ ਦੂਜਿਆਂ ਦੇ ਪੱਖ ਨੂੰ ਸੁਣ ਕੇ ਆਪਣੇ ਵਿਚਾਰ ਰੱਖਣ ਦੀ ਭਾਵਨਾ ਵਰਗੇ ਤੱਤ ਵੇਖਣ ਅਤੇ ਸੁਣਨ ਨੂੰ ਮਿਲਦੇ ਹਨ। ਉਨ੍ਹਾਂ ਨੇ ਆਪਣੀਆਂ ਉਦਾਸੀਆਂ ਅਤੇ ਯਾਤਰਾਵਾਂ ਦੌਰਾਨ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਅਪਣਾਉਂਦੇ ਹੋਏ ਬਹੁਤ ਹੀ ਨਿਮਰਤਾ ਨਾਲ ਅੰਧ ਵਿਸ਼ਵਾਸਾਂ ਵਿੱਚ ਫਸੇ ਲੋਕਾਂ ਦੀਆਂ ਗਲਤ ਧਾਰਨਾਵਾਂ ਦਾ ਖੰਡਨ ਕੀਤਾ। ਡਾਕਟਰ ਸਾਬ੍ਹ ਨੇ ਬੇਂਈ ਨਦੀ, ਹਰਿਦੁਆਰ, ਕੁਰੂਕਸ਼ੇਤਰ, ਮੱਕੇ ਮਦੀਨੇ, ਜਗਨਨਾਥ ਪੁਰੀ ਅਨੇਕਾਂ ਧਾਰਮਿਕ ਤੀਰਥ ਸਥਾਨਾਂ ਵਿਖੇ, ਅਨੇਕ ਕੁਦਰਤੀ ਵਰਤਾਰਿਆਂ ਜਿਵੇਂ ਕਿ ਸੂਰਜ ਗ੍ਰਹਿਣ, ਚੰਦਰ ਗ੍ਰਹਿਣ, ਖੰਡਾਂ ਬ੍ਰਹਿਮੰਡਾਂ, ਅਕਾਸਾਂ ਪਤਾਲਾਂ, ਧਰਤੀਆਂ, ਗ੍ਰਹਿਆਂ, ਮਾਸ ਖਾਣ ਜਾਂ ਨਾ ਖਾਣ, ਜਨੇਊ ਦੀ ਰਸਮ ਅਤੇ ਸੂਤਕ ਪਾਟਕ ਬਾਰੇ ਵੱਖ ਵੱਖ ਧਰਮਾਂ ਦੇ ਮਹਾਂਪੁਰਸ਼ਾਂ ਨਾਲ ਆਪਣੇ ਗਿਆਨ, ਡੂੰਘੀ ਸੋਚ ਅਤੇ ਵਿਗਿਆਨਕ ਦ੍ਰਿਸ਼ਟੀਕੌਣ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਰੂੜੀਵਾਦੀ ਪ੍ਰੰਪਰਾਵਾਂ, ਧਾਰਨਾਵਾਂ ਅਤੇ ਪਾਖੰਡਾਂ ਨੂੰ ਨਕਾਰਿਆ।
ਉਨ੍ਹਾਂ ਨੇ ਸਿੱਧਾਂ ਨਾਥਾਂ ਅਤੇ ਜੋਗੀਆਂ ਨਾਲ ਸੰਵਾਦ ਰਚਾ ਕੇ ਉਨ੍ਹਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਦੁਨੀਆ ਦੇ ਵਰਤਾਰੇ ਨੂੰ ਵਿਗਿਆਨ ਨਾਲ ਜੋੜ ਕੇ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਮੁਕਤ ਕਰਨ ਲਈ ਦੁਨੀਆ ਭਰ ਦੀਆਂ ਯਾਤਰਾਵਾਂ ਕੀਤੀਆਂ। ਡਾਕਟਰ ਸਾਬ੍ਹ ਨੇ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਸੰਗਤ ਨੂੰ ਦਸਿਆ ਕਿ ਮਨੁੱਖ ਨੂੰ ਜਾਤਾਂ ਅਤੇ ਧਰਮਾਂ ਦੀ ਸਰਵਵਿਆਪਕ ਏਕਤਾ ਤੇ ਸਮਾਨਤਾ ਨੂੰ ਸਥਾਪਿਤ ਕਰਨ ਲਈ ਸੰਗਤ, ਪੰਗਤ ਅਤੇ ਲੰਗਰ ਦੀ ਪਰੰਪਰਾ ਦਾ ਆਗਾਜ਼ ਕੀਤਾ। ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਦਾ ਸੁਨੇਹਾ ਦੇ ਕੇ ਸਮਾਜ ਵਿਚ ਉਨ੍ਹਾਂ ਨਾਲ ਹੋਣ ਵਾਲੇ ਅਨਿਆਂ ਦੇ ਵਿਰੁੱਧ ਆਵਾਜ਼ ਉਠਾਈ। ਇਸ ਸੈਮੀਨਾਰ ਦਾ ਮੰਚ ਸੰਚਾਲਨ ਸਰਦਾਰ ਗਗਨਦੀਪ ਸਿੰਘ ਵਲੋਂ ਕੀਤਾ ਗਿਆ। ਗੁਰੂ ਨਾਨਕ ਸਾਹਿਬ ਦਰਬਾਰ ਗੁਰਦਵਾਰੇ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਡਾਕਟਰ ਦਵਿੰਦਰ ਪਾਲ ਸਿੰਘ ਦਾ ਸੰਗਤ ਨੂੰ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਸੈਮੀਨਾਰ ਦੀ ਸਮਾਪਤੀ ਤੋਂ ਬਾਅਦ ਡਾਕਟਰ ਸਾਬ੍ਹ ਨੇ ਸੰਗਤ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
-ਪ੍ਰਿੰਸੀਪਲ ਵਿਜੈ ਕੁਮਾਰ
[email protected]