ਅਮਰੀਕੀ ਰਾਸ਼ਟਰਪਤੀ ਨੇ ਮੈਕਸੀਕੋ ਸਰਹੱਦ ‘ਤੇ ਕੈਲੇਕਿਸਕੋ ਪੁੱਜ ਕੇ ਕੀਤਾ ਐਲਾਨ
ਕੈਲੀਫੋਰਨੀਆ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਸਰਹੱਦ ਤੋਂ ਦਾਖਲ ਹੋਣ ਵਾਲੇ ਨਜਾਇਜ਼ ਪਰਵਾਸੀਆਂ ਨੂੰ ਵਾਪਸ ਪਰਤ ਜਾਣ ਨੂੰ ਕਿਹਾ ਹੈ। ਕੈਲੀਫੋਰਨੀਆ ਦੇ ਕੈਲੇਕਿਸਕੋ ਸ਼ਹਿਰ ਪੁੱਜੇ ਟਰੰਪ ਨੇ ਕਿਹਾ ਕਿ ਅਮਰੀਕਾ ਪੂਰੀ ਤਰ੍ਹਾਂ ਭਰ ਚੁੱਕਾ ਹੈ। ਇੱਥੇ ਨਜਾਇਜ਼ ਪਰਵਾਸੀਆਂ ਲਈ ਕੋਈ ਥਾਂ ਨਹੀਂ ਹੈ।
ਜ਼ਿਕਰਯੋਗ ਹੈ ਕਿ 2016 ਦੀ ਰਾਸ਼ਟਰਪਤੀ ਚੋਣ ਵਿਚ ਟਰੰਪ ਨੇ ਨਜਾਇਜ਼ ਪਰਵਾਸੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਮੈਕਸੀਕੋ ਦੀ ਸਰਹੱਦ ‘ਤੇ ਦੀਵਾਰ ਬਣਾਉਣ ਦਾ ਵਾਅਦਾ ਕੀਤਾ ਸੀ। ਅਗਲੇ ਸਾਲ ਦੀ ਚੋਣ ਵਿਚ ਇਹ ਦੀਵਾਰ ਅਤੇ ਨਜਾਇਜ਼ ਪਰਵਾਸੀਆਂ ਨੂੰ ਉਹ ਫਿਰ ਤੋਂ ਮੁੱਦਾ ਬਣਾਉਣਾ ਚਾਹੁੰਦੇ ਹਨ। ਇਨ੍ਹਾਂ ਦੋਨਾਂ ਮੁੱਦਿਆਂ ਨੂੰ ਕੌਮੀ ਸੰਕਟ ਐਲਾਨ ਕਰ ਚੁੱਕੇ ਟਰੰਪ ਕਈ ਵਾਰ ਮੈਕਸੀਕੋ ਸਰਹੱਦ ਬੰਦ ਕਰਨ ਦੀ ਵੀ ਧਮਕੀ ਦੇ ਚੁੱਕੇ ਹਨ। ਕੈਲੇਕਿਸਕੋ ਵਿਚ ਸਰਹੱਦ ‘ਤੇ ਬਾਰਡਰ ਪੈਟਰੋਲ ਏਜੰਟ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਵਿਚ ਟਰੰਪ ਨੇ ਕਿਹਾ ਕਿ ਨਜਾਇਜ਼ ਪਰਵਾਸੀਆਂ ਦੀ ਵਧਦੀ ਗਿਣਤੀ ਨੂੰ ਰੋਕਣਾ ਹੀ ਹੋਵੇਗਾ। ਉਹ ਇਮੀਗ੍ਰੇਸ਼ਨ ਸਿਸਟਮ ‘ਤੇ ਭਾਰੀ ਪੈ ਰਹੇ ਹਨ। ਨਜਾਇਜ਼ ਪਰਵਾਸੀਆਂ ਨੂੰ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਹੁਣ ਭਰ ਚੁੱਕਾ ਹੈ, ਅਸੀਂ ਹੁਣ ਤੁਹਾਨੂੰ ਨਹੀਂ ਰੱਖ ਸਕਦੇ। ਇਸ ਲਈ ਤੁਸੀਂ ਆਪਣੇ ਦੇਸ਼ ਪਰਤ ਜਾਓ।
ਭਾਰਤ ਦੁਨੀਆ ਦੇ ਸਭ ਤੋਂ ਵੱਧ ਟੈਕਸ ਲਾਉਣ ਵਾਲੇ ਮੁਲਕਾਂ ‘ਚੋਂ ਇਕ : ਟਰੰਪ
ਭਾਰਤ ਨੂੰ ਟੈਕਸਾਂ ਦਾ ਬਾਦਸ਼ਾਹ ਦੱਸਿਆ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਪਾਰ ਮਾਮਲਿਆਂ ਸਬੰਧੀ ਭਾਰਤ ਨੂੰ ਮੁੜ ਨਿਸ਼ਾਨੇ ‘ਤੇ ਲਿਆ ਹੈ। ਟਰੰਪ ਨੇ ਕਿਹਾ ਕਿ ਭਾਰਤ ਦੁਨੀਆਂ ਦੇ ਸਭ ਤੋਂ ਵੱਧ ਟੈਕਸ ਲਾਉਣ ਵਾਲੇ ਮੁਲਕਾਂ ਵਿਚੋਂ ਇੱਕ ਹੈ। ਰਾਸ਼ਟਰਪਤੀ ਨੇ ਨੈਸ਼ਨਲ ਰਿਪਬਲਿਕਨ ਕਾਂਗਰੈਸ਼ਨਲ ਕਮੇਟੀ ਦੇ ਸਾਲਾਨਾ ਰਾਤਰੀ ਭੋਜ ਮੌਕੇ ਕਿਹਾ ਕਿ ਭਾਰਤ ਹਾਰਲੇ-ਡੇਵਿਡਸਨ ਮੋਟਰਸਾਈਕਲਾਂ ਸਮੇਤ ਅਮਰੀਕੀ ਉਤਪਾਦਾਂ ‘ਤੇ 100 ਫ਼ੀਸਦੀ ਟੈਕਸ ਲਗਾਉਂਦਾ ਹੈ। ਉਨ੍ਹਾਂ ਕਿਹਾ ਕਿ ਏਨਾ ਜ਼ਿਆਦਾ ਟੈਕਸ ਸਹੀ ਨਹੀਂ ਹੈ। ਟਰੰਪ ਨੇ ਕਈ ਵਾਰ ਭਾਰਤ ਨੂੰ ਟੈਕਸਾਂ ਦਾ ਬਾਦਸ਼ਾਹ ਦੱਸਿਆ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਦੁਹਰਾਇਆ, ”ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੋਨ ਆਇਆ ਸੀ। ਉਹ ਦੁਨੀਆ ਭਰ ਵਿਚੋਂ ਸਭ ਤੋਂ ਵੱਧ ਟੈਕਸ ਲਾਉਣ ਵਾਲਾ ਮੁਲਕ ਹੈ। ਉਹ ਸਾਡੇ ਉੱਪਰ 100 ਪ੍ਰਤੀਸ਼ਤ ਟੈਕਸ ਲਗਾਉਂਦੇ ਹਨ। ਜਦੋਂ ਉਹ ਸਾਨੂੰ ਮੋਟਰਸਾਈਕਲ ਭੇਜਦੇ ਹਨ ਤਾਂ ਅਸੀਂ ਕੋਈ ਟੈਕਸ ਨਹੀਂ ਲਗਾਉਂਦੇ। ਅਸੀਂ ਉਨ੍ਹਾਂ ਨੂੰ ਹਾਰਲੇ ਡੇਵਿਡਸਨ ਭੇਜਦੇ ਹਾਂ ਅਤੇ ਉਹ ਸਾਡੇ ਉੱਪਰ 100 ਫੀਸਦੀ ਟੈਕਸ ਲਗਾਉਂਦੇ ਹਨ। ਇਹ ਠੀਕ ਨਹੀਂ ਹੈ।” ਰਾਤਰੀ ਭੋਜ ਮੌਕੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਉਨ੍ਹਾਂ ਦੀਆਂ ਵਪਾਰ ਨੀਤੀਆਂ ਮੁਤਾਬਕ ਬਾਕੀ ਮੁਲਕਾਂ ਨਾਲ ਵਪਾਰ ਦੇ ਮੁੱਦਿਆਂ ਸਬੰਧੀ ਹੱਲ ਕੱਢੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਪਾਰ ਬਾਰੇ ਚੀਨ ਨਾਲ ਵੀ ਵਾਰਤਾ ਚੱਲ ਰਹੀ ਹੈ। ਦੱਸਣਯੋਗ ਹੈ ਕਿ ਟਰੰਪ ਵਲੋਂ ਪਿਛਲੇ ਸਾਲ ਮਾਰਚ ਵਿੱਚ ਚੀਨ ਤੋਂ ਦਰਾਮਦ ਕੀਤੇ ਜਾਂਦੇ ਲੋਹੇ ਅਤੇ ਐਲੂਮੀਨੀਅਮ ਦੇ ਸਾਮਾਨ ‘ਤੇ ਭਾਰੀ ਟੈਰਿਫ ਦਰਾਂ ਲਾ ਦਿੱਤੀਆਂ ਗਈਆਂ ਸਨ, ਜਿਸ ਕਾਰਨ ਵਿਸ਼ਵ ਦੀਆਂ ਇਨ੍ਹਾਂ ਸਭ ਤੋਂ ਵੱਡੀਆਂ ਅਰਥ-ਵਿਵਸਥਾਵਾਂ ਦੇ ਵਪਾਰ ਮੁੱਦਿਆਂ ‘ਤੇ ਆਪਸ ਵਿਚ ਸਿੰਙ ਫਸੇ ਹੋਏ ਹਨ।
ਟਰੰਪ ਖਿਲਾਫ ਲੱਗੇ ਨਾਅਰੇ
ਮੈਕਸੀਕੋ ਸਰਹੱਦ ‘ਤੇ ਪੁੱਜੇ ਟਰੰਪ ਦਾ ਲੋਕਾਂ ਨੇ ਵਿਰੋਧ ਕੀਤਾ। ਕਰੀਬ 200 ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਖਿਲਾਫ ਨਾਅਰੇ ਲਗਾਏ। ਮੈਕਸੀਕੋ ਅਤੇ ਅਮਰੀਕਾ ਦਾ ਝੰਡਾ ਲਹਿਰਾਉਂਦੇ ਹੋਏ ਪ੍ਰਦਰਸ਼ਨਕਾਰੀ ਪੋਸਟਰ ਵੀ ਵਿਖਾ ਰਹੇ ਸਨ। ਉਸ ਵਿਚ ਲਿਖਿਆ ਸੀ ਕਿ ਪਰਿਵਾਰਾਂ ਨੂੰ ਵੱਖਰਾ ਕਰਨਾ ਬੰਦ ਕਰੋ। ਜੇਕਰ ਤੁਸੀਂ ਦੀਵਾਰ ਬਣਾਈ ਤਾਂ ਅਸੀਂ ਉਸ ਨੂੰ ਤੋੜ ਦਿਆਂਗੇ। ਪ੍ਰਦਰਸ਼ਨਕਾਰੀਆਂ ਨੇ ਇਕ ਗੁਬਾਰਾ ਵੀ ਫੜਿਆ ਹੋਇਆ ਸੀ, ਜਿਸ ਵਿਚ ਟਰੰਪ ਨੂੰ ਬੱਚੇ ਵਰਗਾ ਵਿਖਾਇਆ ਗਿਆ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …