ਅੰਮ੍ਰਿਤਸਰ/ਬਿਊਰੋ ਨਿਊਜ਼ : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਵਰਲਡ ਟ੍ਰਾਇਥਲੌਨ ਕਾਰਪੋਰੇਸ਼ਨ ਵਲੋਂ ਕਰਵਾਏ ਗਏ ਮੁਕਾਬਲੇ ਵਿਚ ਅੰਮ੍ਰਿਤਸਰ ਵਾਸੀ ਗੁਰਸਿੱਖ ਨੌਜਵਾਨ ਸੁਖਰੀਤ ਸਿੰਘ (26) ਨੇ ‘ਆਇਰਨ ਮੈਨ’ ਦਾ ਖ਼ਿਤਾਬ ਜਿੱਤਿਆ ਹੈ। ਸੁਖਰੀਤ ਨੇ ਐਤਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਹ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਅਤੇ ਨਰਿੰਦਰ ਸਿੰਘ ਦਾ ਬੇਟਾ ਹੈ। ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ ਆਨਰਜ਼ ਕਰਨ ਤੋਂ ਬਾਅਦ ਸੁਖਰੀਤ ਆਪਣਾ ਕਾਰੋਬਾਰ ਕਰ ਰਿਹਾ ਹੈ। ਇਸ ਮੁਕਾਬਲੇ ਲਈ ਉਸ ਨੇ ਵਿਸ਼ੇਸ਼ ਸਿਖ਼ਲਾਈ ਪ੍ਰਾਪਤ ਕੀਤੀ ਹੈ। ਮੁਕਾਬਲੇ ਦੌਰਾਨ ਤੈਰਨ, ਸਾਈਕਲ ਦੌੜ ਤੇ ਬਾਅਦ ਵਿਚ ਲੰਮੀ ਦੌੜ ਹੁੰਦੀ ਹੈ। ਇਸ ਮੁਕਾਬਲੇ ਲਈ 25 ਸੌ ਤੋਂ ਵੱਧ ਖਿਡਾਰੀ ਮੈਦਾਨ ਵਿਚ ਸਨ ਤੇ ਇਸ ਨੂੰ ਉੱਥੇ ਕਾਫ਼ੀ ਅਹਿਮੀਅਤ ਦਿੱਤੀ ਜਾਂਦੀ ਹੈ। ਸੁਖਰੀਤ ਨੇ ਦੱਸਿਆ ਕਿ ਉਸ ਨੇ ਚਾਰ ਕਿਲੋਮੀਟਰ ਤੈਰਾਕੀ ਕੀਤੀ, 180 ਕਿਲੋਮੀਟਰ ਸਾਈਕਲ ਚਲਾਇਆ ਅਤੇ ਮੁੜ 42 ਕਿਲੋਮੀਟਰ ਦੌੜ ਲਾਈ। ਮੁਕਾਬਲੇ ਵਿਚ ਉਹ ਪੰਜਾਬ ਤੋਂ ਇਕੱਲਾ ਗੁਰਸਿੱਖ ਨੌਜਵਾਨ ਸੀ, ਜਿਸ ਨੂੰ ਇਹ ਐਵਾਰਡ ਪ੍ਰਾਪਤ ਹੋਇਆ ਹੈ। ਸੁਖਰੀਤ ਦੀ ਮਾਂ ਬੀਬੀ ਕਿਰਨਜੋਤ ਕੌਰ ਉੱਘੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਦੀ ਰਿਸ਼ਤੇ ਵਿਚ ਦੋਹਤੀ ਲੱਗਦੀ ਹੈ। ਨੌਜਵਾਨ ਨੂੰ ਐੱਸਜੀਪੀਸੀ ਦੇ ਸੂਚਨਾ ਕੇਂਦਰ ਵਿਚ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਿਰੋਪਾਓ, ਲੋਈ, ਹਰਿਮੰਦਰ ਸਾਹਿਬ ਦਾ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …