ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਦਾ ਮੰਨਣਾ ਹੈ ਕਿ ਭਾਰਤ ਦੀਆਂ ਆਮ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਦੇ ਜਿੱਤਣ ਮਗਰੋਂ ਸ਼ਾਂਤੀ ਵਾਰਤਾ ਅਤੇ ਕਸ਼ਮੀਰ ਮੁੱਦਾ ਹੱਲ ਹੋਣ ਦੀਆਂ ਸੰਭਾਵਨਾਵਾਂ ਵੱਧ ਹੋਣਗੀਆਂ। ਵਿਦੇਸ਼ੀ ਪੱਤਰਕਾਰਾਂ ਨੂੰ ਦਿੱਤੇ ਇੰਟਰਵਿਊ ਵਿਚ ਇਮਰਾਨ ਖ਼ਾਨ ਨੇ ਕਿਹਾ, ”ਜੇਕਰ ਭਾਜਪਾ ਜਿੱਤੀ ਤਾਂ ਕਸ਼ਮੀਰ ‘ਤੇ ਕਿਸੇ ਤਰ੍ਹਾਂ ਦਾ ਸਮਝੌਤਾ ਹੋ ਸਕਦਾ ਹੈ।” ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਨੂੰ ਕਸ਼ਮੀਰ ਮਸਲੇ ‘ਤੇ ਸਮਝੌਤਾ ਕਰਨ ਦੇ ਮਾਮਲੇ ਵਿਚ ਸੱਜੇ ਪੱਖੀ ਧਿਰਾਂ ਦੇ ਪ੍ਰਤੀਕਰਮ ਦਾ ਖ਼ੌਫ਼ ਰਹੇਗਾ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਕਸ਼ਮੀਰ ਇਕ ਮੁੱਖ ਮੁੱਦਾ ਹੈ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਜੈਸ਼ ਸਮੇਤ ਸਾਰੀਆਂ ਅੱਤਵਾਦੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ, ”ਅਸੀਂ ਅਜਿਹੀਆਂ ਜਥੇਬੰਦੀਆਂ ਦੇ ਮਦਰਸਿਆਂ ਨੂੰ ਆਪਣੇ ਕੰਟਰੋਲ ਵਿਚ ਲੈ ਲਿਆ ਹੈ। ਦਹਿਸ਼ਤੀ ਜਥੇਬੰਦੀਆਂ ਨੂੰ ਨਿਹੱਥਾ ਕਰਨ ਲਈ ਸੰਜੀਦਾ ਕਦਮ ਉਠਾਏ ਜਾ ਰਹੇ ਹਨ।”
ਪਹਿਲਾਂ ਆਈਐਸਆਈ ਚਾਹੁੰਦੀ ਸੀ ਮੋਦੀ ਬਣਨ ਪ੍ਰਧਾਨ ਮੰਤਰੀ, ਹੁਣ ਇਮਰਾਨ ਦੀ ਵੀ ਇਹੋ ਇੱਛਾ: ਯੇਚੁਰੀ
ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਇਮਰਾਨ ਖਾਨ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪਹਿਲਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਟਾਈ ਚਾਹੁੰਦੀ ਸੀ ਕਿ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਪਰ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਵੀ ਚਾਹੁੰਦੇ ਹਨ ਕਿ ਮੋਦੀ ਹੀ ਪ੍ਰਧਾਨ ਮੰਤਰੀ ਬਣਨ। ਉਨ੍ਹਾਂ ਨਵੀਂ ਦਿੱਲੀ ਵਿਚ ਇਕ ਬਿਆਨ ਵਿਚ ਕਿਹਾ ਕਿ ਸਾਡੀ ਇਸ ਗੱਲ ‘ਤੇ ਗੰਭੀਰ ਚਿੰਤਾ ਹੈ ਕਿ ਵਿਦੇਸ਼ੀ ਸਰਕਾਰਾਂ ਸਾਡੀ ਲੋਕਰਾਜੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਮੋਦੀ ਦੀ ਚੋਣ ਮੁਹਿੰਮ ਵਿਚ ਪਾਕਿਸਤਾਨ ਦੀ ਇਕੋ-ਇਕ ਮੁੱਦਾ ਹੈ। ਇਸ ਰਾਹੀਂ ਉਹ ਪਰਦੇ ਪਿੱਛੇ ਪਾਕਿਸਤਾਨ ਨਾਲ ਵਿਰੋਧੀ ਧਿਰ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਮਰਾਨ ਦੇ ਬਿਆਨ ਦਾ ਹਵਾਲਾ ਦੇ ਕੇ ਉਨ੍ਹਾਂ ਕਿ ਹੁਣ ਸਪੱਸ਼ਟ ਹੋ ਗਿਆ ਹੈ ਕਿ ਪਾਕਿਸਤਾਨ ਅਸਲ ਵਿਚ ਕਿਸ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦਾ ਹੈ।
ਰਣਦੀਪ ਸੂਰਜੇਵਾਲਾ ਦਾ ਟਵੀਟ : ‘ਮੋਦੀ ਜੀ, ਪਹਿਲਾਂ ਨਵਾਜ਼ ਸ਼ਰੀਫ ਨਾਲ ਪਿਆਰ ਤੇ ਹੁਣ ਇਮਰਾਨ ਖਾਨ ਤੁਹਾਡਾ ਚਹੇਤਾ ਯਾਰ’
ਕਾਂਗਰਸ ਨੇ ਇਮਰਾਨ ਦੇ ਬਿਆਨ ਨੂੰ ਲੈ ਕੇ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਬੋਲਿਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਨੂੰ ਵੋਟ ਦਾ ਮਤਲਬ ਪਾਕਿਸਤਾਨ ਨੂੰ ਵੋਟ ਦੇਣਾ ਹੋਵੇਗਾ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਟਵੀਟ ਰਾਹੀਂ ਕਿਹਾ ਕਿ ਪਾਕਿਸਤਾਨ ਦਾ ਮੋਦੀ ਨਾਲ ਅਧਿਕਾਰਤ ਤੌਰ ‘ਤੇ ਗਠਜੋੜ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ‘ਮੋਦੀ ਜੀ, ਪਹਿਲਾਂ ਨਵਾਜ਼ ਸ਼ਰੀਫ ਨਾਲ ਪਿਆਰ ਤੇ ਹੁਣ ਇਮਰਾਨ ਖਾਨ ਤੁਹਾਡਾ ਯਾਰ। ਢੋਲ ਦੀ ਪੋਲ ਖੁੱਲ੍ਹ ਗਈ ਹੈ’।
Home / ਦੁਨੀਆ / ਭਾਰਤ ‘ਚ ਭਾਜਪਾ ਦੀ ਜਿੱਤ ਨਾਲ ਸ਼ਾਂਤੀ ਵਾਰਤਾ ਤੇ ਕਸ਼ਮੀਰ ਮਸਲਾ ਹੱਲ ਹੋਣ ਦੀਆਂ ਸੰਭਾਵਨਾਵਾਂ ਵਧਣਗੀਆਂ : ਇਮਰਾਨ ਖਾਨ
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …