ਟੋਰਾਂਟੋ/ਸਤਪਾਲ ਸਿੰਘ ਜੌਹਲ : ਭਾਰਤ ‘ਚ ਸੀਰਮ ਇੰਸਟੀਚਿਊਟ ਤੋਂ ਯੂਰਪ ਤੇ ਕੈਨੇਡਾ ਸਮੇਤ ਵਿਦੇਸ਼ਾਂ ਨੂੰ ਭੇਜੀ ਜਾਂਦੀ ਕੋਵਿਡ-19 ਦੀ ਵੈਕਸੀਨ ਐਸਟ੍ਰਾਜ਼ੈਨਿਕਾ ਹੁਣ 55 ਸਾਲ ਤੋਂ ਉਪਰ ਉਮਰ ਦੇ ਕੈਨੇਡੀਅਨ ਲਗਵਾ ਸਕਦੇ ਹਨ। ਕੈਨੇਡਾ ‘ਚ ਪਹਿਲਾਂ ਇਸ ਦਵਾਈ ਨੂੰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਉਣ ਉਪਰ ਪਾਬੰਦੀ ਲਗਾਈ ਗਈ ਸੀ। ਬੀਤੇ ਦਿਨੀਂ ਕੈਨੇਡਾ ਦੇ ਸਿਹਤ ਵਿਭਾਗ ਨੇ ਇਸ ਨੂੰ ਹਰੇਕ ਵਿਅਕਤੀ ਨੂੰ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਸੀ ਪਰ ਇਸ ਤੋਂ 10 ਦਿਨਾਂ ਬਾਅਦ ਹੀ ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜੇਸ਼ਨ ਵਲੋਂ ਹੁਣ ਨਵਾਂ ਐਲਾਨ ਕਰ ਦਿੱਤਾ ਗਿਆ। ਜਿਸ ਮੁਤਾਬਿਕ ਦੇਸ਼ ਭਰ ‘ਚ 55 ਸਾਲ ਤੋਂ ਛੋਟੀ ਉਮਰ ਦੇ ਲੋਕਾਂ ਨੂੰ ਐਸਟ੍ਰਾਜ਼ੈਨਿਕਾ ਦਾ ਟੀਕਾ ਨਾ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਕੈਨੇਡਾ ਨੂੰ ਹਾਲ ਦੀ ਘੜੀ ਭਾਰਤ ਤੋਂ ਇਲਾਵਾ ਅਮਰੀਕਾ ਤੋਂ ਵੀ ਐਸਟ੍ਰਜ਼ੈਨਿਕਾ ਵੈਕਸੀਨ ਦੀ ਸਪਲਾਈ ਮਿਲ਼ ਰਹੀ ਹੈ।