ਐਨ-ਪੋ੍ਰ ਇੰਟਰਨੈਸ਼ਨਲ ਇਨਕਾਰਪੋਰੇਸ਼ਨ ਦੇ ਚੀਫ ਪੈਟਰੋਲੀਅਮ ਵਿਸ਼ਲੇਸ਼ਕ ਰੌਜਰ ਮੈਕਨਾਈਟ ਅਨੁਸਾਰ ਜੀਟੀਏ ਦੇ ਡਰਾਈਵਰਾਂ ਨੂੰ ਇਸ ਹਫਤੇ ਵੀਰਵਾਰ ਤੱਕ ਗੈਸ ਲਈ ਕਾਫੀ ਵੱਧ ਕੀਮਤ ਦੇਣੀ ਹੋਵੇਗੀ। ਇੱਕ ਅੰਦਾਜ਼ੇ ਮੁਤਾਬਕ ਵੀਰਵਾਰ ਸਵੇਰ ਤੱਕ ਗੈਸ ਦੀਆਂ ਕੀਮਤਾਂ 11 ਸੈਂਟ ਤੱਕ ਵੱਧ ਜਾਣਗੀਆਂ। ਜੇ ਇਹ ਅੰਦਾਜ਼ਾ ਸਹੀ ਨਿਕਲਦਾ ਹੈ ਤਾਂ ਵੀਰਵਾਰ ਤੱਕ ਗੈਸ ਦੀ ਕੀਮਤ 171·9 ਡਾਲਰ ਤੱਕ ਅੱਪੜ ਸਕਦੀ ਹੈ ਤੇ ਇਸ ਤੋਂ ਪਹਿਲਾਂ ਬੁੱਧਵਾਰ ਦੀ ਰਾਤ ਤੱਕ ਗੈਸ ਦੀ ਕੀਮਤ ਦੋ ਸੈਂਟ ਵਧਣ ਦੀ ਸੰਭਾਵਨਾ ਹੈ। ਮੈਕਨਾਈਟ ਨੇ ਆਖਿਆ ਕਿ ਇਨ੍ਹਾਂ ਵਧੀਆਂ ਕੀਮਤਾਂ ਵਿੱਚ ਨੇੜ ਭਵਿੱਖ ਵਿੱਚ ਕੋਈ ਬਦਲਾਵ ਵੀ ਨਹੀਂ ਹੋਣ ਵਾਲਾ। ਉਨ੍ਹਾਂ ਆਖਿਆ ਕਿ ਅਜੇ ਵੀ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਰੂਸ ਤੇ ਯੂਕਰੇਨ ਦਰਮਿਆਨ ਤਣਾਅ ਕਿੱਥੋਂ ਤੱਕ ਜਾਵੇਗਾ ਤੇ ਤੇਲ ਦੀ ਸਪਲਾਈ ਉੱਤੇ ਇਸ ਦਾ ਕਿੰਨਾ ਕੁ ਅਸਰ ਪਵੇਗਾ। ਜਿ਼ਕਰਯੋਗ ਹੈ ਕਿ ਰੂਸ ਦੁਨੀਆਂ ਦੇ ਸੱਭ ਤੋਂ ਵੱਡੇ ਤੇਲ ਉਤਪਾਦਕਾਂ ਵਿੱਚੋਂ ਇੱਕ ਹੈ। ਇਸ ਸੰਘਰਸ਼ ਤੋਂ ਪਹਿਲਾਂ ਤੋਂ ਹੀ ਸਪਲਾਈ ਵਿੱਚ ਦਿੱਕਤ ਆ ਰਹੀ ਸੀ।ਬ੍ਰੈਂਟ ਕਰੂਡ, ਜਿਹੜਾ ਤੇਲ ਦੀਆਂ ਕੀਮਤਾਂ ਲਈ ਕੌਮਾਂਤਰੀ ਮਾਅਰਕਾ ਹੈ, ਵਿੱਚ ਮੰਗਲਵਾਰ ਨੂੰ 107 ਡਾਲਰ ਪ੍ਰਤੀ ਬੈਰਲ ਤੱਕ ਦਾ ਵਾਧਾ ਵੇਖਣ ਨੂੰ ਮਿਲਿਆ। ਸੱਤ ਸਾਲਾਂ ਵਿੱਚ ਇਹ ਸੱਭ ਤੋਂ ਵੱਧ ਕੀਮਤ ਦਰਜ ਕੀਤੀ ਗਈ ਹੈ। ਅਮਰੀਕਾ ਤੇ ਇਸ ਦੇ ਸਹਿਯੋਗੀਆਂ ਵੱਲੋਂ ਰੂਸ ਉੱਤੇ ਲਾਈਆਂ ਜਾਣ ਵਾਲੀਆਂ ਆਖਰੀ ਗੇੜ ਦੀਆਂ ਪਾਬੰਦੀਆਂ ਨਾਲ ਸਿਰਫ ਤੇਲ ਦੀਆਂ ਕੀਮਤਾਂ ਵਿੱਚ ਹੀ ਵਾਧਾ ਨਹੀਂ ਹੋਵੇਗਾ ਸਗੋਂ ਮਹਿੰਗਾਈ ਵੀ ਅਸਮਾਨ ਛੂਹੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …