Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਸਰਕਾਰ ਨੇ ਸੀਨੀਅਰਾਂ ਦੀ ਮਦਦ ਲਈ ਕਮਿਊਨਿਟੀ ਪ੍ਰਾਜੈਕਟਾਂ ਵਾਸਤੇ ਤਜਵੀਜ਼ਾਂ ਮੰਗੀਆਂ

ਕੈਨੇਡਾ ਸਰਕਾਰ ਨੇ ਸੀਨੀਅਰਾਂ ਦੀ ਮਦਦ ਲਈ ਕਮਿਊਨਿਟੀ ਪ੍ਰਾਜੈਕਟਾਂ ਵਾਸਤੇ ਤਜਵੀਜ਼ਾਂ ਮੰਗੀਆਂ

ਐਮ ਪੀ ਰੂਬੀ ਸਹੋਤਾ ਵੱਲੋਂ ਸਥਾਨਕ ਸੰਗਠਨਾਂ ਨੂੰ ਅਰਜ਼ੀਆਂ ਦੇਣ ਲਈ ਅਪੀਲ
ਬਰੈਂਪਟਨ/ਬਿਊਰੋ ਨਿਊਜ਼
ਸਾਡੇ ਪਰਿਵਾਰਾਂ, ਕਮਿਊਨਿਟੀ ਅਤੇ ਸਮਾਜ ਵਿੱਚ ਬਜ਼ੁਰਗਾਂ ਦੁਆਰਾ ਪਾਏ ਜਾਂਦੇ ਅਹਿਮ ਅਤੇ ਕੀਮਤੀ ਯੋਗਦਾਨ ਨੂੰ ਸਮਝਦੇ ਹੋਏ ਕੈਨੇਡਾ ਸਰਕਾਰ ਦੁਆਰਾ ਉਨ੍ਹਾਂ ਦੀ ਬਿਹਤਰੀ ਲਈ ਨਿਊ ਹੌਰਾਈਜ਼ਨ ਫੌਰ ਸੀਨੀਅਰ ਪ੍ਰੋਗਰਾਮ (NHSP)  ਚਲਾਇਆ ਜਾ ਰਿਹਾ ਹੈ। ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਮਨਿਸਟਰੀ ਔਫ ਫੈਮਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਲਪਮੈਂਟ Jean-Yves Duclos  ਦੀ ਤਰਫੋਂ ਐਲਾਨ ਕਰਦਿਆਂ ਸਾਲ 2017-18 ਲਈ ਕਮਿਊਨਿਟੀ ਪ੍ਰਾਜੈਕਟਾਂ ਵਾਸਤੇ ਤਜਵੀਜ਼ਾਂ ਪੇਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸੀਨੀਅਰਜ਼ ਨੂੰ ਕਮਿਊਨਿਟੀ ਕਾਰਜਾਂ ਵਿੱਚ ਸ਼ਿਰਕਤ ਕਰਨ ਲਈ ਪ੍ਰੇਰਤ ਕਰਦੇ ਹਨ ਅਤੇ ਸਿਹਤ ਪੱਖੋਂ ਵੀ ਉਨ੍ਹਾਂ ਨੂੰ ਤੰਦਰੁਸਤ ਅਤੇ ਐਕਟਿਵ ਰਹਿਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਮੌਕਾ ਵੀ ਮਿਲਦਾ ਹੈ ਕਿ ਉਹ ਆਪਣਾ ਗਿਆਨ ਅਤੇ ਅਨੁਭਵ ਦੂਜਿਆਂ ਨਾਲ ਸਾਂਝਾ ਕਰ ਸਕਣ। ਇਸ ਪ੍ਰੋਗਰਾਮ ਲਈ ਤਜਵੀਜ਼ਾਂ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 23 ਜੂਨ, 2017 ਹੈ। ਪ੍ਰਸਤਾਵਿਤ ਕਮਿਊਨਿਟੀ ਪ੍ਰਾਜੈਕਟ ਸੀਨੀਅਰਜ਼ ਦੁਆਰਾ ਚਲਾਏ ਜਾਣ ਵਾਲੇ ਹੋਣ ਜਾਂ ਉਨ੍ਹਾਂ ਦੀ ਪ੍ਰੇਰਨਾ ਨਾਲ ਚੱਲ ਰਹੇ ਹੋਣ। ਜਿਨ੍ਹਾਂ ਪ੍ਰਾਜੈਕਟਾਂ ਲਈ ਫੰਡਿੰਗ ਵਾਸਤੇ ਸੰਗਠਨ ਅਪਲਾਈ ਕਰ ਸਕਦੇ ਹਨ, ਉਹ ਪ੍ਰਾਜੈਕਟਸੀਨੀਅਰਾਂ ਲਈ ਬੁਢਾਪੇ ਦੇ ਸਮੇਂ ਨੂੰ ਸੁਖਾਵਾਂ ਬਣਾਉਣ ਅਤੇ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਮਦਦ ਕਰਨ, ਜਿਸ ਨਾਲ ਸਮਾਜ ਦਾ ਭਲਾ ਹੁੰਦਾ ਹੋਵੇ। ਇਸ ਤਰ੍ਹਾਂ ਦੇ ਪ੍ਰਾਜੈਕਟਾਂ ਲਈ ਯੋਗ ਸੰਗਠਨਾਂ ਨੂੰ $25,000 ਤੱਕ ਦੀ ਰਾਸ਼ੀ ਮਿਲ ਸਕਦੀ ਹੈ। ਸਥਾਨਕ ਸਰਕਾਰਾਂ, ਸੰਸਥਾਵਾਂ ਅਤੇ ਸੰਗਠਨਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਵਾਲੇ ਇਨ੍ਹਾਂ ਪ੍ਰਾਜੈਕਟਾਂ ਵਿੱਚ ਨਿਵੇਸ਼ ਕਰਕੇ ਕੈਨੇਡਾ ਸਰਕਾਰ ਸੀਨੀਅਰਾਂ ਦੇ ਜੀਵਨ ਵਿੱਚ ਇਕ ਸੁਖਾਵੀਂ ਤਬਦੀਲੀ ਲਿਆਉਣ ਵਾਸਤੇ ਵਚਨਬੱਧ ਹੈ। ਐਮ ਪੀ ਰੂਬੀ ਸਹੋਤਾ ਨੇ ਕਿਹਾ, ”ਨਿਊ ਹੌਰਾਈਜ਼ਨ ਫੌਰ ਸੀਨੀਅਰਜ਼ ਪ੍ਰੋਗਰਾਮ ਬਜ਼ੁਰਗਾਂ ਅੰਦਰ ਸੇਵਾ-ਭਾਵਨਾ ਅਤੇ ਸਿਵਕ ਲੀਡਰਸ਼ਿਪ ਨੂੰ ਉਤਸ਼ਾਹਤ ਕਰੇਗਾ ਅਤੇ ਕੈਨੇਡੀਅਨ ਭਾਈਚਾਰਿਆਂ ਅੰਦਰ ਸਾਂਝੀਵਾਲਤਾ ਅਤੇ ਸਹਿਯੋਗ ਦੀ ਭਾਵਨਾ ਪੈਦਾ ਕਰੇਗਾ”। ਉਨ੍ਹਾਂ ਸਥਾਨਕ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪ੍ਰਾਜੈਕਟਾਂ ਦੀ ਫੰਡਿੰਗ ਲਈ ਅਤੇ ਸੀਨੀਅਰ ਲੋਕਾਂ ਦੀ ਮਦਦ ਲਈ ਪ੍ਰਾਜੈਕਟ ਚਲਾਉਣ ਵਾਸਤੇ ਅਪਲਾਈ ਕਰਨ। ਇਨ੍ਹਾਂ ਪ੍ਰਾਜੈਕਟਾਂ ਲਈ ਤਜਵੀਜ਼ਾਂ ਵਾਸਤੇ ਸੱਦਾ 10 ਮਈ, 2017 ਨੂੰ ਦਿੱਤਾ ਗਿਆ ਸੀ ਅਤੇ 23 ਜੂਨ, 2017 ਇਨ੍ਹਾਂ ਦੀ ਆਖਰੀ ਤਰੀਕ ਹੈ। ਸਾਲ 2016-17 ਵਿੱਚ ਕੈਨੇਡਾ ਸਰਕਾਰ ਨੇ 1850 ਦੇ ਕਰੀਬ ਕਮਿਊਨਿਟੀ ਪ੍ਰਾਜੈਕਟਾਂ ਵਾਸਤੇ ਕੁੱਲ $35 ਮਿਲੀਅਨ ਦੀ ਰਾਸ਼ੀ ਪ੍ਰਦਾਨ ਕੀਤੀ ਸੀ। 2004 ਤੋਂ ਲੈ ਕੇ ਹੁਣ ਤੱਕ ਇਸ ਪ੍ਰੋਗਰਾਮ ਤਹਿਤ ਮੁਲਕ ਭਰ ਵਿੱਚ 19700 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ਤੇ ਕੈਨੇਡਾ ਸਰਕਾਰ ਨੇ ਕੁੱਲ $417 ਮਿਲੀਅਨ ਦੇ ਕਰੀਬ ਨਿਵੇਸ਼ ਕੀਤਾ ਹੈ। ਸਟੈਟਿਸਟਿਕਸ ਕੈਨੇਡਾ ਦੇ 2016 ਦੇ ਅੰਕੜਿਆਂ ਮੁਤਾਬਕ ਇਸ ਵਕਤ ਸੀਨੀਅਰਾਂ ਦੀ ਗਿਣਤੀ ਬੱਚਿਆਂ ਦੀ ਗਿਣਤੀ ਨਾਲੋਂ ਜ਼ਿਆਦਾ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਸੀਨੀਅਰਾਂ ਦੀ ਗਿਣਤੀ 5.9 ਮਿਲੀਅਨ ਹੈ ਅਤੇ ਬੱਚਿਆਂ ਦੀ 5.8 ਮਿਲੀਅਨ। ਅਨੁਮਾਨਾਂ ਮੁਤਾਬਕ 2061 ਤੱਕ 8 ਮਿਲੀਅਨ ਬੱਚਿਆਂ ਦੇ ਮੁਕਾਬਲੇ ਸੀਨੀਅਰਾਂ ਦੀ ਗਿਣਤੀ 12 ਮਿਲੀਅਨ ਹੋਵੇਗੀ।

Check Also

ਕੈਨੇਡਾ ‘ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ

ਭਾਰਤੀ ਵਿਦਿਆਰਥੀ ਹੋਏ ਪ੍ਰੇਸ਼ਾਨ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਿੰਸ ਐਡਵਰਡ ਆਈਲੈਂਡ ਇਲਾਕੇ ਵਿੱਚ ਸੈਂਕੜੇ …