ਬਰੈਂਪਟਨ/ਬਿਊਰੋ ਨਿਊਜ਼ : ਕੋਵਿਡ-19 ਖਿਲਾਫ ਲੋਕਲ ਸਕੂਲਾਂ ਦੀ ਹਿਫਾਜਤ ਕਰਨ ਤੇ ਇਨਫਰਾਸਟ੍ਰਕਚਰ ਨੂੰ ਅਪਗ੍ਰੇਡ ਕਰਨ ਲਈ ਓਨਟਾਰੀਓ ਤੇ ਕੈਨੇਡਾ ਸਰਕਾਰ ਵੱਲੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੂੰ 41, 649,300 ਡਾਲਰ ਤੇ ਡਫਰਿਨ ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਨੂੰ 24,606,595 ਡਾਲਰ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਬਰੈਂਪਟਨ ਵੈਸਟ ਤੋਂ ਮੈਂਬਰ ਆਫ ਪ੍ਰੋਵਿੰਸੀਅਲ ਪਾਰਲੀਮੈਂਟ ਅਮਰਜੋਤ ਸੰਧੂ ਨੇ ਆਖਿਆ ਕਿ ਅਗਾਂਹ ਨਿਵੇਸ਼ ਕਰਨ ਦੀ ਚੰਗੀ ਖਬਰ ਹੈ। ਅਸੀਂ ਆਪਣੇ ਟੀਚਰਜ਼, ਸਕੂਲ ਸਟਾਫ ਤੇ ਵਿਦਿਆਰਥੀਆਂ ਦੀ ਮਦਦ ਤੇ ਉਨ੍ਹਾਂ ਦੀ ਹਿਫਾਜ਼ਤ ਲਈ ਹਮੇਸ਼ਾਂ ਤਿਆਰ ਹਾਂ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਸਾਡਾ ਪਹਿਲਾ ਫਰਜ਼ ਹੈ।
ਇਹ ਫੰਡ ਇਨਵੈਸਟਿੰਗ ਇਨ ਕੈਨੇਡਾ ਇਨਫਰਾਸਟ੍ਰਕਚਰ ਪ੍ਰੋਗਰਾਮ ਤਹਿਤ ਕੋਵਿਡ-19 ਰਿਲਾਇੰਸ ਇਨਫਰਾਸਟ੍ਰਕਚਰ ਸਟਰੀਮ ਰਾਹੀਂ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਸਕੂਲ ਬੋਰਡਜ਼ ਨੂੰ ਦਿੱਤੀ ਜਾਣ ਵਾਲੀ ਫੰਡਿੰਗ ਨਾਲ ਸਕੂਲਾਂ ਤੇ ਨਾਲ ਲੱਗਦੀਆਂ ਚਾਈਲਡ ਕੇਅਰ ਫੈਸਿਲਿਟੀਜ਼ ਦੀਆਂ ਬਿਲਡਿੰਗਾਂ ਵਿੱਚ ਮੁਰੰਮਤ, ਅਪਡੇਟ ਤੇ ਅਪਗ੍ਰੇਡ ਕਰਨ ਦਾ ਕੰਮ ਕੀਤਾ ਜਾਵੇਗਾ। ਇਨ੍ਹਾਂ ਨਾਲ ਸਬੰਧਤ ਪ੍ਰੋਜੈਕਟ ਵਿੱਚ ਐਚਵੀਏਸੀ ਰੈਨੋਵੇਸਨਜ਼ ਵੀ ਸ਼ਾਮਲ ਹੋ ਸਕਦੀਆਂ ਹਨ, ਜਿਨ੍ਹਾਂ ਨਾਲ ਏਅਰ ਦੇ ਮਿਆਰ ਵਿੱਚ ਸੁਧਾਰ ਹੋਵੇਗਾ, ਪੀਣ ਵਾਲੇ ਸਾਫ ਪਾਣੀ ਤੱਕ ਪਹੁੰਚ ਯਕੀਨੀ ਬਣਾਉਣ ਲਈ ਵਾਟਰ ਬੌਟਲ ਰੀਫਿਲਿੰਗ ਸਟੇਸ਼ਨਜ਼ ਨੂੰ ਇਨਸਟਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫਿਜੀਕਲ ਡਿਸਟੈਂਸਿੰਗ ਵਿੱਚ ਵਾਧਾ ਕਰਨ ਲਈ ਨਵੀਆਂ ਕੰਧਾਂ ਤੇ ਦਰਵਾਜ਼ੇ ਲਾਉਣ ਦਾ ਕੰਮ ਵੀ ਕੀਤਾ ਜਾ ਸਕਦਾ ਹੈ। ਇਹ ਸਭ 2019 ਵਿੱਚ ਓਨਟਾਰੀਓ ਸਰਕਾਰ ਵੱਲੋਂ ਕੀਤੇ ਗਏ 1 ਬਿਲੀਅਨ ਡਾਲਰ ਦੇ ਨਿਵੇਸ਼ ਸਦਕਾ ਹੀ ਸੰਭਵ ਹੋ ਸਕਿਆ ਹੈ।
ਪ੍ਰੋਵਿੰਸ਼ੀਅਲ ਫੰਡਿੰਗ ਤੋਂ ਵੀ ਇਸ ਨੂੰ ਸਮਰਥਨ ਹਾਸਲ ਹੈ, ਓਨਟਾਰੀਓ ਦੇ ਕਈ ਸਕੂਲਾਂ ਵਿੱਚ ਹੁਣ ਤੱਕ ਏਅਰ ਫਿਲਟ੍ਰੇਸ਼ਨ ਸਿਸਟਮਜ ਵਿੱਚ ਵਾਧਾ ਹੋਇਆ ਹੈ, 40,000 ਤੋਂ ਵੱਧ ਹੈਪਾ ਫਿਲਟਰਜ਼ ਲਾਏ ਜਾ ਚੁੱਕੇ ਹਨ ਤੇ ਇਸ ਦੇ ਨਾਲ ਹੀ ਕਲਾਸਾਂ ਵਿੱਚ ਵੈਂਟੀਲੇਸ਼ਨ ਡਿਵਾਇਸਿਜ਼ ਵੀ ਲਾਈਆਂ ਜਾ ਚੁੱਕੀਆਂ ਹਨ। ਕੈਨੇਡਾ ਸਰਕਾਰ ਵੱਲੋਂ ਇਨ੍ਹਾਂ ਪ੍ਰੋਜੈਕਟਾਂ ਵਿੱਚ 525.2 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ। ਇਨ੍ਹਾਂ ਪ੍ਰੋਜੈਕਟਾਂ ਲਈ ਓਨਟਾਰੀਓ ਸਰਕਾਰ 131.3 ਮਿਲੀਅਨ ਡਾਲਰ ਖਰਚ ਕਰੇਗੀ।