ਟੋਰਾਂਟੋ/ਬਿਊਰੋ ਨਿਊਜ਼ : ਸਰਦੀ ਦੇ ਮੌਸਮ ਨੂੰ ਧਿਆਨ ‘ਚ ਰੱਖਦਿਆਂ ਏਅਰ ਟਰਾਂਜੈਟ ਵੱਲੋਂ ਟੋਰਾਂਟੋ ਤੋਂ ਬਾਹਰ ਜਾਣ ਵਾਲੀਆਂ ਸਾਰੀਆਂ ਉਡਾਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਹ ਫੈਸਲਾ ਵੀਰਵਾਰ ਤੋਂ ਸੁਰੂ ਹੋ ਕੇ 30 ਅਪ੍ਰੈਲ ਤੱਕ ਲਾਗੂ ਰਹੇਗਾ। ਇੱਕ ਬਿਆਨ ਜਾਰੀ ਕਰਕੇ ਏਅਰ ਟਰਾਂਜੈਟ ਨੇ ਆਖਿਆ ਕਿ ਫੈਡਰਲ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਪਾਬੰਦੀਆਂ ਤੇ ਮਾਪਦੰਡਾਂ ਤਹਿਤ ਟਰੈਵਲ ਕਰਨ ਤੋਂ ਪਹਿਲਾਂ ਕੋਵਿਡ-19 ਦਾ ਨੈਗੇਟਿਵ ਟੈਸਟ ਪੇਸ਼ ਕਰਨ ਦੀ ਰੱਖੀ ਗਈ ਸ਼ਰਤ ‘ਤੇ ਕੈਨੇਡਾ ਪਰਤਣ ਉਪਰੰਤ 14 ਦਿਨਾਂ ਲਈ ਖੁਦ ਨੂੰ ਇਕਾਂਤਵਾਸ ਕੀਤੇ ਜਾਣ ਵਰਗੇ ਦਿਸ਼ਾ ਨਿਰਦੇਸ਼ਾਂ ਕਾਰਨ ਉਨ੍ਹਾਂ ਦੇ ਕੰਮਕਾਜ ਉੱਤੇ ਅਸਰ ਪਿਆ ਹੈ। ਏਅਰ ਟਰਾਂਜੈਟ ਦੀ ਤਰਜਮਾਨ ਡੈਬੀ ਕਬਾਨਾ ਨੇ ਆਖਿਆ ਕਿ ਸਾਨੂੰ ਇਨ੍ਹਾਂ ਨਿਯਮਾਂ ਦੇ ਮੱਦੇਨਜਰ ਆਪਣੇ ਸਰਦੀਆਂ ਦੇ ਫਲਾਈਟ ਸ਼ਡਿਊਲ ਦਾ ਮੁਲਾਂਕਣ ਕਰਨਾ ਪਿਆ। ਅਜਿਹਾ ਅਸੀਂ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਰਦੇ ਆਏ ਹਾਂ। ਅਸੀਂ ਹਾਲਾਤ ਤੇ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਆਪਣਾ ਸ਼ਡਿਊਲ ਬਣਾਇਆ ਹੈ। ਏਅਰ ਟਰਾਂਜੈਟ ਮਾਂਟਰੀਅਲ ਤੋਂ ਛੇ ਕੌਮਾਂਤਰੀ ਮੰਜਿਲਾਂ, ਜਿਨ੍ਹਾਂ ਵਿੱਚ ਕੈਂਕਨ (ਮੈਕਸਿਕੋ), ਹੌਲਗੁਇਨ (ਕਿਊਬਾ), ਪੋਰਟ-ਓ-ਪ੍ਰਿੰਸ (ਹਾਇਤੀ), ਪੁੰਟਾ ਕਾਨਾ ਐਂਡ ਪਿਓਰਟੋ ਪਲਾਟਾ (ਡੌਮੀਨਿਕ ਰਿਪਬਲਿਕ) ਤੇ ਪੈਰਿਸ (ਫਰਾਂਸ) ਸਾਮਲ ਹਨ, ਤੱਕ ਆਪਣੀਆਂ ਉਡਾਨਾਂ ਜਾਰੀ ਰੱਖੇਗੀ। ਇਸ ਦੌਰਾਨ ਟੋਰਾਂਟੋ ਵਾਲੀਆਂ ਉਡਾਨਾਂ ਰੱਦ ਰਹਿਣਗੀਆਂ। ਇਨ੍ਹਾਂ ਉਡਾਨਾਂ ਨੂੰ ਮੁਲਤਵੀ ਕੀਤੇ ਜਾਣ ਬਾਰੇ ਫੈਸਲੇ ਤੋਂ ਏਅਰਲਾਈਨ ਨੇ ਟਰੈਵਲ ਏਜੰਟਾਂ ਨੂੰ ਵੀ ਬੁੱਧਵਾਰ ਨੂੰ ਜਾਣੂ ਕਰਵਾ ਦਿੱਤਾ। ਏਅਰਲਾਈਨ ਵੱਲੋਂ ਜਾਰੀ ਮੀਮੋ ਵਿੱਚ ਦੱਸਿਆ ਗਿਆ ਕਿ ਉਡਾਨਾਂ ਲਈ ਜਾਂ ਛੁੱਟੀਆਂ ਮਨਾਉਣ ਲਈ ਪੈਕੇਜ ਵਾਸਤੇ ਅਦਾਇਗੀ ਕਰ ਚੁੱਕੇ ਯਾਤਰੀਆਂ ਨੂੰ ਪੂਰਾ ਰਿਫੰਡ ਮਿਲੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …