Breaking News
Home / ਜੀ.ਟੀ.ਏ. ਨਿਊਜ਼ / ਬਲਾਕ ਐਮ ਪੀ ਨੂੰ ਨਸਲਵਾਦੀ ਕਹਿਣ ‘ਤੇ ਐਨ ਡੀ ਪੀ ਆਗੂ ਜਗਮੀਤ ਸਿੰਘ ਨੂੰ ਹਾਊਸ ਤੋਂ ਕੀਤਾ ਬਾਹਰ

ਬਲਾਕ ਐਮ ਪੀ ਨੂੰ ਨਸਲਵਾਦੀ ਕਹਿਣ ‘ਤੇ ਐਨ ਡੀ ਪੀ ਆਗੂ ਜਗਮੀਤ ਸਿੰਘ ਨੂੰ ਹਾਊਸ ਤੋਂ ਕੀਤਾ ਬਾਹਰ

ਓਟਵਾ : ਬਲਾਕ ਕਿਊਬਿਕ ਦੇ ਐਮਪੀ ਨੂੰ ਨਸਲਵਾਦੀ ਦੱਸਣ ਤੋਂ ਬਾਅਦ ਹਾਊਸ ਆਫ ਕਾਮਨਜ਼ ਤੋਂ ਇਕ ਦਿਨ ਲਈ ਬਾਹਰ ਕੀਤੇ ਗਏ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਉਹ ਆਪਣੀ ਆਖੀ ਗੱਲ ਉੱਤੇ ਅਜੇ ਵੀ ਕਾਇਮ ਹਨ।
ਬਲਾਕ ਕਿਊਬਿਕ ਦੇ ਹਾਊਸ ਲੀਡਰ ਐਲੇਨ ਥੈਰੇਨ ਤੋਂ ਮੁਆਫੀ ਮੰਗਣ ਤੋਂ ਇਨਕਾਰ ਕਰਨ ਤੋਂ ਬਾਅਦ ਜਗਮੀਤ ਸਿੰਘ ਨੂੰ ਹਾਊਸ ਤੋਂ ਬਾਹਰ ਕਰ ਦਿੱਤਾ ਗਿਆ। ਆਰਸੀਐਮਪੀ ਦੇ ਪੂਰੇ ਸਿਸਟਮ ਵਿੱਚ ਨਸਲਵਾਦ ਭਾਰੂ ਹੋਣ ਦੇ ਮਾਮਲੇ ਵਿਚ ਮਤੇ ਨੂੰ ਮਨਜੂਰੀ ਦੇਣ ਤੋਂ ਇਨਕਾਰ ਕਰਨ ਉਪਰੰਦ ਜਗਮੀਤ ਸਿੰਘ ਨੇ ਥੈਰੇਨ ਨੂੰ ਨਸਲਵਾਦੀ ਆਖਿਆ ਸੀ। ਫੈਡਰਲ ਸਰਕਾਰ ਵੱਲੋਂ ਕੀਤੇ ਜਾ ਰਹੇ ਖਰਚਿਆਂ ਦਾ ਅਧਿਐਨ ਕਰਨ ਲਈ ਹਾਊਸ ਦੀ ਸਪੈਸ਼ਲ ਸਿਟਿੰਗ ਦੌਰਾਨ ਇਸ ਤਰ੍ਹਾਂ ਦੇ ਪੈਦਾ ਹੋਏ ਤਣਾਅਪੂਰਨ ਮਾਹੌਲ ਤੋਂ ਕੁੱਝ ਘੰਟੇ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਨਸਲਵਾਦ ਖਿਲਾਫ ਆਵਾਜ਼ ਬੁਲੰਦ ਕਰਨ ਤੋਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਆਖਿਆ ਕਿ ਗਲਤ ਸੋਚ ਵਾਲੇ ਲੋਕਾਂ ਦੇ ਇਸ ਤਰ੍ਹਾਂ ਨਾਂ ਲੈਣ ਨਾਲ ਭਾਵੇਂ ਉਨ੍ਹਾਂ ਦਾ ਕੋਈ ਭਲਾ ਨਹੀਂ ਹੋਵੇਗਾ ਪਰ ਉਨ੍ਹਾਂ ਆਖਿਆ ਕਿ ਉਸ ਸਮੇਂ ਉਹ ਗੁੱਸੇ ਵਿੱਚ ਸਨ ਤੇ ਉਹ ਆਪਣੀ ਆਖੀ ਗੱਲ ਉੱਤੇ ਅਜੇ ਵੀ ਕਾਇਮ ਹਨ।
ਜ਼ਾਹਿਰਾ ਤੌਰ ਉੱਤੇ ਭਾਵੁਕ ਨਜ਼ਰ ਆ ਰਹੇ ਜਗਮੀਤ ਸਿੰਘ ਨੇ ਆਖਿਆ ਕਿ ਉਸ ਸਮੇਂ ਤਾਂ ਉਹ ਗੁੱਸੇ ਵਿੱਚ ਸਨ ਪਰ ਇਸ ਸਮੇਂ ਉਹ ਇਸ ਗੱਲ ਨੂੰ ਲੈ ਕੇ ਉਦਾਸ ਹਨ ਕਿਉਂਕਿ ਅਸੀਂ ਨਸਲਵਾਦ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਸਕਦੇ?
ਅਸੀਂ ਲੋਕਾਂ ਨੂੰ ਬਚਾਉਣ ਲਈ ਕੁਝ ਕਿਉਂ ਨਹੀਂ ਕਰ ਸਕਦੇ? ਅਸੀਂ ਕੁਝ ਤਾਂ ਕਰ ਹੀ ਸਕਦੇ ਹਾਂ ਤੇ ਕੋਈ ਇਸ ਲਈ ਮਨ੍ਹਾ ਕਿਵੇਂ ਕਰ ਸਕਦਾ ਹੈ?
ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਹਾਊਸ ਆਫ ਕਾਮਨਜ਼ ਵਿੱਚ ਇਹ ਮਤਾ ਲਿਆਉਣ ਲਈ ਸਰਬਸੰਮਤੀ ਚਾਹੁੰਦੇ ਸਨ ਕਿ ਹਾਊਸ ਇਸ ਮੁੱਦੇ ਨੂੰ ਮਾਨਤਾ ਦੇਵੇ ਕਿ ਆਰਸੀਐਮਪੀ ਵਿੱਚ ਨਸਲਵਾਦ ਹੈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਉਹ ਆਰਸੀਐਮਪੀ ਦੇ ਬਜਟ ਦੇ ਨਾਲ ਨਾਲ ਫੈਡਰਲ ਕਾਨੂੰਨ, ਜਿਹੜਾ ਪੁਲਿਸ ਬਲ ਨੂੰ ਨਿਯੰਤਰਿਤ ਕਰਦਾ ਹੈ, ਦਾ ਮੁਲਾਂਕਣ ਕਰੇ। ਇੰਜ ਲਗ ਰਿਹਾ ਸੀ ਕਿ ਹੋਰ ਪਾਰਟੀਆਂ ਵੀ ਇਸ ਮਤੇ ਦੇ ਹੱਕ ਵਿੱਚ ਸਨ ਪਰ ਨਾਂਹ ਦੀ ਆਵਾਜ਼ ਉਸ ਏਰੀਆ ਵਿੱਚੋਂ ਆਈ ਜਿਥੇ ਬਲਾਕ ਕਿਊਬਿਕ ਬੈਠਦਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …