ਭਾਰਤ ਫੇਰੀ ਤੋਂ ਪਰਤੇ ਓਨਟਾਰੀਓ ਦੇ ਮਿਨਿਸਟਰ ਟਾਡ ਸਮਿੱਥ ਦੀ ਮੀਡੀਆ ਨਾਲ ਵਿਸ਼ੇਸ਼ ਮੁਲਾਕਾਤ
ਟੋਰਾਂਟੋ/ਬਿਊਰੋ ਨਿਊਜ਼: ਲੰਘੇ ਦਿਨੀਂ ਆਪਣੇ ਛੇ ਰੋਜ਼ਾ ਭਾਰਤੀ ਦੌਰੇ ਤੋਂ ਪਰਤੇ ਓਨਟਾਰੀਓ ਦੇ ਇਕਨਾਮਿਕ ਡਿਵੈਲਪਮੈਂਟ ਮੰਤਰੀ ਟਾਡ ਸਮਿੱਥ ਨੇ ਬੁੱਧਵਾਰ ਨੂੰ ਕਵੀਨਜ਼ਪਾਰਕ ਵਿਖੇ ਭਾਰਤੀ ਮੂਲ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਭਾਰਤ ਦੀ ਫੇਰੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਹ ਹੀਰੋ ਮੋਟਰਸਾਈਕਲ, ਟਾਟਾ, ਮਹਿੰਦਰਾ ਐਂਡ ਮਹਿੰਦਰਾ ਅਤੇ ਪੇ ਟੀ ਐਮ ਵਰਗੀਆਂ ਕਈ ਕੰਪਨੀਆਂ ਨੂੰ ਮਿਲਕੇ ਆਏ ਹਨ ਅਤੇ ਆਸ ਕਰਦੇ ਹਨ ਕਿ ਇਹ ਕੰਪਨੀਆਂ ਜਲਦੀ ਹੀ ਓਨਟਾਰੀਓ ਵਿੱਚ ਨਿਵੇਸ਼ ਕਰਨਗੀਆਂ, ਜਿਸ ਨਾਲ ਸੈਂਕੜੇ ਨੌਕਰੀਆਂ ਪੈਦਾ ਹੋਣਗੀਆਂ। ਪਰਵਾਸੀ ਵਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੀ ਭਾਰਤ ਯਾਤਰਾ ਦੌਰਾਨ ਹੋਏ ਸਮਝੌਤਿਆਂ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਉਹ ਤਾਂ ਸਿਰਫ ਬਿਜ਼ਨਸ ਵਧਾਉਣ ਦੇ ਮਕਸਦ ਨਾਲ ਗਏ ਸਨ, ਨਾ ਕਿ ਸੈਰ ਸਪਾਟਾ ਕਰਨ ਜਾਂ ਤਸਵੀਰਾਂ ਖਿਚਵਾਉਣ।
ਮੰਤਰੀ ਦਾ ਕਹਿਣਾ ਸੀ ਕਿ ਭਾਰਤ ਤੋਂ ਕੈਨੇਡਾ ਆਉਣ ਵਾਲੇ ਇੰਮੀਗਰੈਂਟਾਂ ਵਿੱਚੋਂ ਲਗਭਗ ਅੱਧੇ ਓਨਟਾਰੀਓ ਨੂੰ ਸਥਾਈ ਤੌਰ ‘ਤੇ ਰਹਿਣ ਲਈ ਚੁਣਦੇ ਹਨ। ਇਸ ਲਈ ਅਸੀਂ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਓਨਟਾਰੀਓ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਉਨ੍ਹਾਂ ਨਾਲ ਹੀ ਕਿਹਾ ਕਿ ਓਨਟਾਰੀਓ ਨੇ ਪੀ ਐਨ ਪੀ ਪ੍ਰੋਗਰਾਮ ਤਹਿਤ ਟਰੱਕ ਡਰਾਈਵਰਾਂ ਨੂੰ ਵੀ ਵਰਕ ਪਰਮਿਟ ਦੇਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਖ਼ਬਰਾਂ ਵਿੱਚ ਆਏ ਇੱਕ ਵਿਦਿਆਰਥੀ ਜੋਬਨਜੀਤ ਸੰਧੂ ਦਾ ਕੇਸ ਵੀ ਮੰਤਰੀ ਨਾਲ ਵਿਚਾਰਿਆ ਗਿਆ, ਜਿਸਦਾ ਉਨ੍ਹਾਂ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ।
ਅਦਾਰਾ ‘ਪਰਵਾਸੀ’ ਵੱਲੋਂ ਪੁੱਛੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਮੰਨਿਆ ਕਿ ਓਨਟਾਰੀਓ ਵਿੱਚ ਪੰਜਾਬੀ ਫਿਲਮਾਂ ਦੇ ਨਿਰਮਾਣ ਦੀ ਵੱਡੀ ਸੰਭਾਵਨਾ ਹੈ ਅਤੇ ਸਰਕਾਰ ਅਜਿਹੇ ਲੋਕਾਂ ਨੂੰ ਹਰ ਪੱਖੋਂ ਮਦਦ ਕਰਨ ਲਈ ਤਿਆਰ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …