ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ 12 ਮਿਲੀਅਨ ਡਾਲਰ ਟੋਰਾਂਟੋ ਦੀਆਂ ਉਨ੍ਹਾਂ ਕਮਿਊਨਿਟੀ ਆਗਰੇਨਾਈਜੇਸ਼ਨ ਨੂੰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦਾ ਮੁੱਖ ਟੀਚਾ ਗੰਨ ਕਲਚਰ ਤੇ ਗੈਂਗ ਹਿੰਸਾ ਨੂੰ ਰੋਕਣਾ ਹੀ ਨਹੀਂ ਸਗੋਂ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਾ ਹੈ।
ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੋਸਿਨੋ ਨੇ ਮੇਅਰ ਜੌਹਨ ਟੋਰੀ ਦੇ ਨਾਲ ਇਸ ਸਬੰਧ ਵਿੱਚ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਇਹ ਫੰਡਿੰਗ ਬਿਲਡਿੰਗ ਸੇਫਰ ਕਮਿਊਨਿਟੀਜ਼ ਫੰਡ ਵੱਲੋਂ ਆਵੇਗੀ ਤੇ ਇਸ ਫੰਡ ਨਾਲ ਉਨ੍ਹਾਂ ਨੌਜਵਾਨਾਂ ਦੀ ਮਦਦ ਲਈ ਪੇਸ਼ਕਦਮੀਆਂ ਕੀਤੀਆਂ ਜਾਣਗੀਆਂ ਜਿਹੜੇ ਗੈਂਗ ਦਾ ਮੈਂਬਰ ਬਣਨ ਦੀ ਕਗਾਰ ਉੱਤੇ ਹਨ ਤੇ ਜਾਂ ਫਿਰ ਅਜਿਹਾ ਗਲਤ ਫੈਸਲਾ ਕਰ ਚੁੱਕੇ ਹਨ।
ਸਿਟੀ ਵਿੱਚ ਗੰਨ ਹਿੰਸਾ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਇਹ ਫੈਸਲਾ ਕੀਤਾ ਗਿਆ ਹੈ। 2022 ਵਿੱਚ 200 ਦੇ ਨੇੜੇ ਤੇੜੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਗੰਨਜ਼ ਦੀ ਵਰਤੋਂ ਕੀਤੀ ਗਈ ਹੋਵੇ ਤੇ ਜਿਸ ਕਾਰਨ 95 ਲੋਕਾਂ ਦੀ ਮੌਤ ਹੋ ਗਈ ਜਾਂ ਉਹ ਜਖਮੀ ਹੋ ਗਏ। ਹੁਣ ਤੱਕ ਗੰਨ ਹਿੰਸਾ ਕਾਰਨ 24 ਮੌਤਾਂ ਹੋ ਚੁੱਕੀਆਂ ਹਨ ਤੇ ਪਿਛਲੇ ਸਾਲ ਦੇ ਇਸ ਅਰਸੇ ਦੇ ਮੁਕਾਬਲੇ ਅਜਿਹੇ ਮਾਮਲਿਆਂ ਵਿੱਚ 41.2 ਫੀਸਦੀ ਵਾਧਾ ਵੇਖਣ ਨੂੰ ਮਿਲਿਆ ਹੈ। ਇੱਕ ਹਫਤੇ ਪਹਿਲਾਂ ਫਾਦਰਜ਼ ਡੇਅ ਮੌਕੇ ਸਾਰਾ ਦਿਨ ਵਾਪਰੀਆਂ ਵਾਰਦਾਤਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਵੱਖੋ ਵੱਖ ਮਾਮਲਿਆਂ ਵਿੱਚ ਸੱਤ ਵਿਅਕਤੀ ਹੋਰ ਜਖਮੀ ਹੋ ਗਏ।
ਮੈਂਡੋਸਿਨੋ ਨੇ ਆਖਿਆ ਕਿ ਨਜਦੀਕੀ ਪਾਰਟਨਰ ਵਾਇਲੰਸ ਤੇ ਗੰਨ ਵਾਇਲੰਸ ਵਿੱਚ ਵਾਧਾ ਹੋਣ ਦੇ ਖਤਰਨਾਕ ਅੰਕੜੇ ਵੀ ਮਿਲ ਰਹੇ ਹਨ ਤੇ ਘਰੇਲੂ ਹਿੰਸਾ ਵਿੱਚ ਵੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ।
ਉਨ੍ਹਾਂ ਆਖਿਆ ਕਿ ਇਸ ਨਵੇਂ ਫੰਡ ਨਾਲ ਉਨ੍ਹਾਂ ਥਾਂਵਾਂ ਉੱਤੇ ਨਿਵੇਸ ਕੀਤਾ ਜਾਵੇਗਾ ਜਿੱਥੇ ਇਸ ਦੀ ਸਭ ਤੋਂ ਵੱਧ ਲੋੜ ਹੋਵੇਗੀ। ਜਿਹੜੀਆਂ ਕਮਿਊਨਿਟੀਜ਼ ਨੂੰ ਸੱਭ ਤੋਂ ਵੱਧ ਖਤਰਾ ਹੈ ਉਨ੍ਹਾਂ ਨੂੰ ਸਮੇਂ ਸਿਰ ਮਦਦ ਮਿਲਣੀ ਯਕੀਨੀ ਬਣਾਈ ਜਾਵੇਗੀ।