ਟੋਰਾਂਟੋ/ਬਿਊਰੋ ਨਿਊਜ਼ : ਅਗਲੇ ਦਹਾਕੇ ਵਿੱਚ ਇਲੈਕਟ੍ਰਿਕ ਵ੍ਹੀਕਲਜ਼ ਦੇ ਉਤਪਾਦਨ ਦੇ ਖੇਤਰ ਵਿੱਚ ਮੋਹਰੀ ਰਹਿਣ ਦਾ ਦਾਅਵਾ ਕਰਨ ਵਾਲੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਇਲੈਕਟ੍ਰਿਕ ਵ੍ਹੀਕਲ (ਈ ਵੀ) ਰਿਬੇਟ ਪ੍ਰੋਗਰਾਮ ਲਈ ਕੋਈ ਵਾਅਦਾ ਨਹੀਂ ਕੀਤਾ ਜਾ ਰਿਹਾ।
ਪ੍ਰੀਮੀਅਰ ਫੋਰਡ ਨੇ ਨਵੀਂ ਰਣਨੀਤੀ ਤਹਿਤ 2030 ਤੱਕ ਓਨਟਾਰੀਓ ਵਿੱਚ 400,000 ਇਲੈਕਟ੍ਰਿਕ ਤੇ ਹਾਈਬ੍ਰਿਡ ਗੱਡੀਆਂ ਤਿਆਰ ਕਰਨ ਦੀ ਗੱਲ ਆਖੀ। ਫੋਰਡ ਨੇ ਇਸ ਮੌਕੇ ਆਖਿਆ ਕਿ ਛੋਟ ਪ੍ਰਤੀ ਰੁਝਾਨ ਵੀ ਪੈਦਾ ਹੋ ਰਿਹਾ ਹੈ। ਪਰ ਸਰਕਾਰ ਇਹ ਸੰਕੇਤ ਦੇ ਰਹੀ ਹੈ ਕਿ ਓਨਟਾਰੀਓ ਦੇ ਡਰਾਈਵਰਾਂ ਨੂੰ ਓਨਟਾਰੀਓ ਵਿੱਚ ਹੀ ਤਿਆਰ ਇਲੈਕਟ੍ਰਿਕ ਵ੍ਹੀਕਲ ਦੀ ਖਰੀਦ ਉੱਤੇ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਫੋਰਡ ਨੇ ਆਖਿਆ ਕਿ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮਾਰਕਿਟ ਕਿਸ ਤਰ੍ਹਾਂ ਚੱਲਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ 2018 ਵਿੱਚ ਆਫਿਸ ਸਾਂਭਦਿਆਂ ਸਾਰ ਹੀ ਪ੍ਰੀਮੀਅਰ ਫੋਰਡ ਨੇ ਸਾਬਕਾ ਲਿਬਰਲ ਸਰਕਾਰ ਵੱਲੋਂ ਇਲੈਕਟ੍ਰਿਕ ਕਾਰਾਂ ਖਰੀਦਣ ਲਈ 14000 ਡਾਲਰ ਦੀ ਕੀਤੀ ਪੇਸ਼ਕਸ਼ ਇਹ ਆਖਦਿਆਂ ਹੋਇਆਂ ਰੱਦ ਕਰ ਦਿੱਤੀ ਸੀ ਕਿ ਇਸ ਨਾਲ ਸਿਰਫ ਮਿਲੀਅਨੇਅਰਜ਼ ਹੀ ਮਹਿੰਗੀਆਂ ਇਲੈਕਟ੍ਰਿਕ ਗੱਡੀਆਂ ਖਰੀਦ ਸਕਣਗੇ। ਵਿੱਤ ਮੰਤਰੀ ਪੀਟਰ ਬੈਥਲੈਨਫੈਲਵੀ ਨੇ ਆਖਿਆ ਕਿ ਅਸੀਂ ਪ੍ਰੋਵਿੰਸ ਵਿੱਚ ਇਲੈਕਟ੍ਰਿਕ ਕਾਰਾਂ ਦੇ ਉਤਪਾਦਨ ਨੂੰ ਜਲਦ ਤੋਂ ਜਲਦ ਲਿਆਉਣਾ ਚਾਹੁੰਦੇ ਹਾਂ। ਇਸ ਨਾਲ ਅਸੀਂ ਪਹਿਲਾਂ ਖੁੱਸ ਚੁੱਕੀਆਂ ਮੈਨੂਫੈਕਚਰਿੰਗ ਜੌਬਜ਼ ਨੂੰ ਵੀ ਬਦਲ ਸਕਾਂਗੇ। ਜਦੋਂ ਇਹ ਪੁੱਛਿਆ ਗਿਆ ਕਿ ਕੀ ਚਾਰਜਿੰਗ ਸਟੇਸ਼ਨ ਪ੍ਰੋਵਿੰਸੀਅਲ ਸਰਕਾਰ ਵੱਲੋਂ ਬਣਾਏ ਜਾਣਗੇ ਤਾਂ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਆਖਿਆ ਕਿ ਇਸ ਪਾਸੇ ਅਸੀਂ ਬਾਅਦ ਵਿੱਚ ਫੈਸਲਾ ਕਰਾਂਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …