ਟੋਰਾਂਟੋ/ਸਤਪਾਲ ਸਿੰਘ ਜੌਹਲ : ਉਨਟਾਰੀਓ ‘ਚ ਹਰੇਕ ਸਾਲ ਨਵੰਬਰ ਮਹੀਨਾ ਹਿੰਦੂ ਹੈਰੀਟੇਜ਼ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਜਿਸ ਦੌਰਾਨ ਭਾਈਚਾਰੇ ਦੇ ਲੋਕਾਂ ਦੇ ਕੈਨੇਡਾ ‘ਚ ਵੱਖ-ਵੱਖ ਖੇਤਰਾਂ ‘ਚ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਹੋਰਨਾਂ ਭਾਈਚਾਰਿਆਂ ਨੂੰ ਹਿੰਦੂ ਵਿਰਾਸਤ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਬਰੈਂਪਟਨ ਅਤੇ ਓਟਾਵਾ ਦੀਆਂ ਮਿਊਂਸਪਲ ਸਰਕਾਰਾਂ ਵਲੋਂ ਵੀ ਨਵੰਬਰ ਨੂੰ ਹਿੰਦੂ ਭਾਈਚਾਰੇ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਬਾਰੇ ਲੰਘੇ ਦਿਨੀਂ ਬਰੈਂਪਟਨ ‘ਚ ਸਿਟੀ ਹਾਲ ਦੇ ਬਾਹਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਅਤੇ ਭਾਈਚਾਰੇ ਦਾ ਪ੍ਰਵਾਨਿਤ ਝੰਡਾ ਝੁਲਾਇਆ ਗਿਆ। ਇਸ ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਸ਼ਹਿਰ ਦੇ ਮੇਅਰ ਪੈਟ੍ਰਿਕ ਬਰਾਊਨ, ਕਾਊਂਸਲਰ ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ, ਜੈਫ ਬੋਮੈਨ, ਮਾਈਕ ਪਲੈਸ਼ੀ, ਉਨਟਾਰੀਓ ਦੇ ਮੰਤਰੀ ਪ੍ਰਭਮੀਤ ਸਰਕਾਰੀਆ, ਵਿਧਾਇਕ ਅਮਰਜੋਤ ਸੰਧੂ, ਦੀਪਕ ਆਨੰਦ, ਕੇਵਿਨ ਯਾਰਡ, ਗੁਰਰਤਨ ਸਿੰਘ ਅਤੇ ਸਕੂਲ ਟੱਰਸਟੀ ਕੈਥੀ ਮੈਕਡਾਨਲਡ ਨੇ ਵੀ ਸ਼ਮੂਲੀਅਤ ਕੀਤੀ।