-13.4 C
Toronto
Thursday, January 29, 2026
spot_img
Homeਜੀ.ਟੀ.ਏ. ਨਿਊਜ਼ਭਾਰੀ ਮੀਂਹ ਕਾਰਨ ਟੋਰਾਂਟੋ ਹੋਇਆ ਜਲ-ਥਲ

ਭਾਰੀ ਮੀਂਹ ਕਾਰਨ ਟੋਰਾਂਟੋ ਹੋਇਆ ਜਲ-ਥਲ

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਟੋਰਾਂਟੋ ‘ਚ ਭਾਰੀ ਮੀਂਹ ਪੈਣ ਕਾਰਨ ਕਈ ਮੋਟਰਿਸਟਸ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਮੁੱਖ ਸੜਕਾਂ ਉੱਤੇ ਪਾਣੀ ਭਰ ਜਾਣ ਕਾਰਨ ਹੜ੍ਹ ਵਾਲੀ ਸਥਿਤੀ ਬਣ ਗਈ ਤੇ ਕਈ ਗੱਡੀਆਂ ਪਾਣੀ ਵਿੱਚ ਫਸ ਗਈਆਂ। ਟੋਰਾਂਟੋ ਫਾਇਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਵੇਰੇ 9:30 ਤੇ 11:30 ਦਰਮਿਆਨ ਉਨ੍ਹਾਂ ਨੂੰ ਪਾਣੀ ਵਿੱਚ ਫਸੇ ਲੋਕਾਂ ਦੀਆਂ 12 ਕਾਲਾਂ ਆਈਆਂ ਤੇ ਹਰੇਕ ਲੋਕੇਸ਼ਨ ਉੱਤੇ ਪਹੁੰਚਣ ਉੱਤੇ ਉਨ੍ਹਾਂ ਵੇਖਿਆ ਕਿ ਕਈ ਗੱਡੀਆਂ ਹੜ੍ਹ ਵਾਲੇ ਪਾਣੀ ਵਿੱਚ ਫਸੀਆਂ ਹੋਈਆਂ ਸਨ। ਇਸਲਿੰਗਟਨ ਐਵਨਿਊ ਨੂੰ ਜਾਣ ਵਾਲੇ ਹਾਈਵੇਅ 400 ਰੈਂਪ ਉੱਤੇ ਕਾਫੀ ਪਾਣੀ ਖੜ੍ਹਾ ਸੀ ਜਿਸ ਕਾਰਨ ਇੱਕ ਕਾਰ ਨੂੰ ਤਾਂ ਕਰੇਨ ਦੀ ਮਦਦ ਨਾਲ ਪਾਣੀ ਵਿੱਚੋਂ ਕੱਢਣਾ ਪਿਆ। ਬੁੱਧਵਾਰ ਸਵੇਰੇ ਐਨਵਾਇਰਮੈਂਟ ਕੈਨੇਡਾ ਵੱਲੋਂ ਸਿਟੀ ਲਈ ਜਾਰੀ ਕੀਤੇ ਗਏ ਮੌਸਮ ਸਬੰਧੀ ਵਿਸ਼ੇਸ਼ ਬਿਆਨ ਵਿੱਚ 20 ਤੋਂ 40 ਮਿਲੀਮੀਟਰ ਤੱਕ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ। ਸ਼ਾਮ ਨੂੰ ਵੀ ਦੁਬਾਰਾ ਮੀਂਹ ਪੈਣ ਦੀ ਪੇਸ਼ੀਨਿਗੋਈ ਕੀਤੀ ਗਈ ਸੀ ਪਰ ਬਹੁਤਾ ਭਾਰੀ ਮੀਂਹ ਨਹੀਂ ਸੀ ਦੱਸਿਆ ਗਿਆ। ਕਈ ਥਾਂਵਾਂ ਉੱਤੇ ਪਾਣੀ ਖੜ੍ਹ ਜਾਣ ਕਾਰਨ ਕਈ ਸੜਕਾਂ ਤੇ ਹਾਈਵੇਅ ਰੈਂਪਸ ਬੰਦ ਕਰ ਦਿੱਤੇ ਗਏ ਸਨ। ਪਰ ਪਾਣੀ ਉਤਰਨ ਤੋਂ ਬਾਅਦ ਇਨ੍ਹਾਂ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਟੀਟੀਸੀ ਵੱਲੋਂ ਵੀ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣਨ ਸਦਕਾ ਕਈ ਰੂਟਾਂ ਉੱਤੇ ਦੇਰ ਹੋ ਸਕਦੀ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਮੋਟਰਿਸਟਸ ਨੂੰ ਸੜਕਾਂ ਉੱਤੇ ਵਿਸ਼ੇਸ਼ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਗਈ ਸੀ। ਟੋਰਾਂਟੋ ਐਂਡ ਰੀਜਨਲ ਕੰਜ਼ਰਵੇਸ਼ਨ ਅਥਾਰਟੀ (ਟੀਆਰਸੀਏ) ਵੱਲੋਂ ਬੁੱਧਵਾਰ ਦੁਪਹਿਰ ਨੂੰ ਹੜ੍ਹ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਸੀ। ਕਈ ਇਲਾਕਿਆਂ ਵਿੱਚ ਤਾਂ ਛੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ 80 ਮਿਲੀਮੀਟਰ ਮੀਂਹ ਪਿਆ ਸੀ।
ਟੀਆਰਸੀਏ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਜੀਟੀਏ ਭਰ ਵਿੱਚ ਭਾਰੀ ਮੀਂਹ ਪੈਣ ਕਾਰਨ ਇੱਥੋਂ ਦੀਆਂ ਨਦੀਆਂ ਚੜ੍ਹ ਚੁੱਕੀਆਂ ਹਨ ਤੇ ਉਨ੍ਹਾਂ ਵਿੱਚ ਪਾਣੀ ਦਾ ਪੱਧਰ ਵੀ ਵੱਧ ਚੁੱਕਿਆ ਹੈ। ਲੋਕਾਂ ਨੂੰ ਪਾਣੀ ਵਾਲੀਆਂ ਥਾਂਵਾਂ ਤੋਂ ਲੰਘਣ ਸਮੇਂ ਅਹਿਤਿਆਤ ਵਰਤਣ ਤੇ ਖੜ੍ਹੇ ਪਾਣੀ ਵਿੱਚੋਂ ਗੱਡੀਆਂ ਨਾ ਕੱਢਣ ਦੀ ਸਲਾਹ ਵੀ ਦਿੱਤੀ ਗਈ ਸੀ। ਸ਼ਨਿੱਚਰਵਾਰ ਨੂੰ ਦੁਬਾਰਾ ਮੀਂਹ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ।

RELATED ARTICLES
POPULAR POSTS