ਚੋਣ ਤਿਆਰੀਆਂ ਜ਼ੋਰ ਫੜਨ ਲੱਗੀਆਂ, ਵੱਖੋ-ਵੱਖ ਪਾਰਟੀਆਂ ‘ਚ ਉਮੀਦਵਾਰਾਂ ਦੀ ਭਾਲ ਨੇ ਵੀ ਫੜੀ ਤੇਜ਼ੀ
ਐਨ.ਡੀ.ਪੀ. ਉਮੀਦਵਾਰ ਐਲਾਨਣ ‘ਚ ਪਛੜੀ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੀਆਂ (43ਵੀਂ) ਫੈਡਰਲ ਚੋਣਾਂ ‘ਚ ਦੋ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਇਸ ਦੌਰਾਨ ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਵਲੋਂ ਤਿਆਰੀਆਂ ਤੇਜ਼ੀ ਨਾਲ ਕਰ ਦਿੱਤੀਆਂ ਗਈਆਂ ਹਨ ਅਤੇ ਚੋਣਾਂ ਵਾਸਤੇ ਲੋੜੀਂਦੀ ਸਮਗਰੀ ਛਪਾ ਕੇ ਸਾਰੇ 338 ਹਲਕਿਆਂ ‘ਚ ਭੇਜੀ ਜਾ ਰਹੀ ਹੈ। ਮੁੱਖ ਰਾਜਨੀਤਕ ਪਾਰਟੀਆਂ ਦੇ ਆਗੂ ਹਰੇਕ ਹਲਕੇ ‘ਚ ਆਪਣੇ ਉਮੀਦਵਾਰ ਉਤਾਰਨ, ਚੋਣ ਪ੍ਰਚਾਰ ਅਤੇ ਅਕਤੂਬਰ ਵਿਚ ਸ਼ੁਰੂ ਹੋਣ ਵਾਲੀ ਸਿਲਸਿਲੇਵਾਰ ਬਹਿਸ ਦੀਆਂ ਤਿਆਰੀਆਂ ਵਿਚ ਜੁਟੇ ਹਨ। ਪਤਾ ਲੱਗਾ ਹੈ ਕਿ ਸਤੰਬਰ ਦੇ ਦੂਸਰੇ ਹਫ਼ਤੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਗਵਰਨਰ ਜਨਰਲ ਜੂਲੀ ਪੇਅਟ ਨੂੰ ਮਿਲ ਕੇ ਸੰਸਦ ਭੰਗ ਕਰਨ ਤੋਂ ਬਾਅਦ ਪਾਰਲੀਮਾਨੀ ਚੋਣਾਂ ਦਾ ਐਲਾਨ ਕੀਤਾ ਜਾਵੇਗਾ। ਹਾਲ ਦੀ ਘੜੀ ਉਮੀਦਵਾਰ ਐਲਾਨਣ ਵਿਚ ਕੰਸਰਵੇਟਿਵ ਪਾਰਟੀ ਮੋਹਰੀ ਹੈ ਜਿਸ ਨੇ 332 ਹਲਕਿਆਂ ਵਿਚ ਉਮੀਦਵਾਰ ਉਤਾਰ ਦਿੱਤੇ ਹਨ। ਸੱਤਾਧਾਰੀ ਲਿਬਰਲ ਪਾਰਟੀ ਦੇ ਟਰੂਡੋ ਸਮੇਤ 273 ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਕੈਨੇਡਾ ‘ਚ ਤੀਸਰੇ ਨੰਬਰ ਦੀ ਵੱਡੀ ਪਾਰਟੀ, ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਹੈ ਪਰ ਉਮੀਦਵਾਰਾਂ ਦੀ ਗਿਣਤੀ ਵਿਚ ਐਨ.ਡੀ.ਪੀ.ਅਜੇ ਗਰੀਨ ਪਾਰਟੀ ਤੋਂ ਅਤੇ ਸਤੰਬਰ 2018 ‘ਚ ਨਵੀਂ ਹੋਂਦ ਵਿਚ ਆਈ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਤੋਂ ਪਛੜੀ ਹੋਈ ਹੈ। ਪੀ.ਪੀ.ਸੀ.314 ਅਤੇ ਗਰੀਨ ਪਾਰਟੀ ਦੇ ਆਗੂ 274 ਉਮੀਦਵਾਰ ਪੇਸ਼ ਕਰ ਚੁੱਕੇ ਹਨ ਜਦ ਕਿ ਐਨ.ਡੀ.ਪੀ.ਕੋਲ ਅਜੇ 148 ਉਮੀਦਵਾਰ ਹਨ। ਜਾਣਕਾਰੀ ਅਨੁਸਾਰ ਸਰਵੇਖਣਾਂ ‘ਚ ਪਛੜੇ ਹੋਣ ਕਾਰਨ ਇਸ ਵਾਰ ਐਨ.ਡੀ.ਪੀ.ਨੂੰ ਦੇਸ਼ ਦੇ ਪੇਂਡੂ ਖੇਤਰਾਂ (ਜਿੱਥੇ ਆਮ ਤੌਰ ‘ਤੇ ਕੰਸਰਵੇਟਿਵ ਪਾਰਟੀ ਦਾ ਜ਼ੋਰ ਹੁੰਦਾ ਹੈ) ‘ਚ ਉਮੀਦਵਾਰ ਮੁਸ਼ਕਿਲ ਨਾਲ ਮਿਲ ਰਹੇ ਹਨ। ਦੂਸਰੇ ਪਾਸੇ ਪਰਵਾਸੀ ਭਾਈਚਾਰਿਆਂ ਦੀ ਸੰਘਣੀ ਵਸੋਂ ਵਾਲੇ ਇਲਾਕਿਆਂ (ਵਿਸ਼ੇਸ਼ ਤੌਰ ‘ਤੇ ਸ਼ਹਿਰਾਂ) ‘ਚ ਉਮੀਦਵਾਰ ਉਤਾਰਨੇ ਹਰੇਕ ਪਾਰਟੀ ਲਈ ਵੱਧ ਆਸਾਨ ਹੋ ਰਿਹਾ ਹੈ। ਐਨ.ਡੀ.ਪੀ. ਨੂੰ ਸਭ ਤੋਂ ਵੱਧ ਹੁੰਗਾਰਾ ਬਿਮਸ਼ਿ ਕੋਲੰਬੀਆ ਤੋਂ ਮਿਲਦਾ ਜਾਪਦਾ ਹੈ ਜਿੱਥੋਂ ਕੁੱਲ 42 ਸੀਟਾਂ ‘ਚੋਂ 30 ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਅਲਬਰਟਾ ਵਿਚ ਕੰਸਰਵੇਟਿਵ ਪਾਰਟੀ ਦੀ ਹੂੰਝਾ ਫੇਰ ਜਿੱਤ ਦੇ ਆਸਾਰ ਦੱਸੇ ਜਾ ਰਹੇ ਹਨ ਜਿੱਥੇ ਐਨ.ਡੀ.ਪੀ ਨੂੰ ਅਜੇ 5 ਉਮੀਦਵਾਰ ਮਿਲੇ ਹਨ। ਇਸ ਦੇ ਉਲਟ ਨਵੀਂ ਪੀ.ਪੀ.ਸੀ. ਸਾਰੀਆਂ 34 ਸੀਟਾਂ ‘ਤੇ ਉਮੀਦਵਾਰ ਦੇ ਚੁੱਕੀ ਹੈ। ਗਰੀਨ ਪਾਰਟੀ ਕੋਲ 20 ਅਤੇ ਲਿਬਰਲ ਕੋਲ ਅਲਬਰਟਾ ‘ਚ 13 ਉਮੀਦਵਾਰ ਹਨ। ਉਨਟਾਰੀਓ ‘ਚ 121 ਸੀਟਾਂ ਤੋਂ ਕੰਸਰਵੇਟਿਵ ਮੋਹਰੀ ਹਨ ਅਤੇ ਉਨ੍ਹਾਂ ਵਲੋਂ ਸਾਰੀਆਂ ਸੀਟਾਂ ਦੇ ਉਮੀਦਵਾਰ ਪੇਸ਼ ਕੀਤੇ ਜਾ ਚੁੱਕੇ ਹਨ। ਲਿਬਰਲ ਪਾਰਟੀ ਨੇ ਹੁਣ ਤੱਕ 108 ਅਤੇ ਐਨ.ਡੀ.ਪੀ.ਨੇ 71 ਉਮੀਦਵਾਰ ਸਾਹਮਣੇ ਲਿਆਂਦੇ ਹਨ। ਪੀ.ਪੀ.ਸੀ ਕੋਲ ਹੁਣ ਤੱਕ 116 ਹਲਕਿਆਂ ਵਿਚ ਉਮੀਦਵਾਰ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਵੇਖਣਾਂ ‘ਚ ਸਾਲ ਕੁ ਪਹਿਲਾਂ ਨਵੀਂ ਬਣੀ ਪੀ.ਪੀ.ਸੀ. ਦੀ ਹਰਮਨ ਪਿਆਰਤਾ ਮਾਮੂਲੀ (2 ਕੁ ਫ਼ੀਸਦੀ ਤੱਕ) ਦੱਸੀ ਜਾ ਰਹੀ ਹੈ ਜਦ ਕਿ ਉਸ ਪਾਰਟੀ ਕੋਲ ਉਮੀਦਵਾਰਾਂ ਦੀ ਕਮੀ ਨਹੀਂ ਹੈ। ਕਿਊਬਕ ਵਿਚ ਕੁੱਲ 78 ਸੀਟਾਂ ਹਨ ਜਿੱਥੇ ਬਾਕੀ ਸਾਰੀਆਂ ਪਾਰਟੀਆਂ ਉਮੀਦਵਾਰ ਪੂਰੇ ਕਰਨ ਦੇ ਨੇੜੇ ਹਨ ਪਰ ਐਨ.ਡੀ.ਪੀ. ਪਛੜੀ ਹੋਈ ਹੈ ਅਤੇ ਮਸਾਂ 22 ਉਮੀਦਵਾਰ ਐਲਾਨੇ ਜਾ ਸਕੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …