7.3 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਫੋਰਡ ਸਰਕਾਰ ਵੱਲੋਂ ਵੈਕਸੀਨ ਸ਼ਡਿਊਲ ਨੂੰ ਮੱਠਾ ਕੀਤੇ ਜਾਣ ਉਤੇ ਵਿਰੋਧੀ ਧਿਰਾਂ...

ਫੋਰਡ ਸਰਕਾਰ ਵੱਲੋਂ ਵੈਕਸੀਨ ਸ਼ਡਿਊਲ ਨੂੰ ਮੱਠਾ ਕੀਤੇ ਜਾਣ ਉਤੇ ਵਿਰੋਧੀ ਧਿਰਾਂ ਨੇ ਪ੍ਰਗਟਾਇਆ ਇਤਰਾਜ਼

ਟੋਰਾਂਟੋ/ਬਿਊਰੋ ਨਿਊਜ਼ : ਫੋਰਡ ਸਰਕਾਰ ਵੱਲੋਂ ਛੁੱਟੀਆਂ ਦੇ ਦਿਨਾਂ ਵਿੱਚ ਕੋਵਿਡ-19 ਵੈਕਸੀਨੇਸ਼ਨ ਸ਼ਡਿਊਲ ਨੂੰ ਮੱਠਾ ਕੀਤੇ ਜਾਣ ਉੱਤੇ ਵਿਰੋਧੀ ਧਿਰਾਂ ਵੱਲੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ।
ਹਾਲਾਂਕਿ ਪ੍ਰੋਵਿੰਸ ਨੂੰ ਇਸ ਮਹੀਨੇ ਫਾਈਜ਼ਰ-ਬਾਇਓਐਨਟੈਕ ਵੈਕਸੀਨ ਦੀਆਂ 90,000 ਡੋਜ਼ਾਂ ਹਾਸਲ ਹੋਈਆਂ ਹਨ ਪਰ ਹੁਣ ਤੱਕ ਇਨ੍ਹਾਂ ਵਿੱਚੋਂ ਕੁੱਝ ਡੋਜ਼ਾਂ ਹੀ ਲਾਈਆਂ ਗਈਆਂ ਹਨ। ਨਵੀਂ ਮਨਜ਼ੂਰ ਕੀਤੀ ਗਈ ਮੌਡਰਨਾ ਵੈਕਸੀਨ ਦੀਆਂ ਡੋਜ਼ਾਂ ਵੀ ਪਿਛਲੇ ਹਫਤੇ ਪ੍ਰੋਵਿੰਸ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਪ੍ਰੋਵਿੰਸ਼ੀਅਲ ਅਧਿਕਾਰੀਆਂ ਨੇ ਦੱਸਿਆ ਕਿ ਓਨਟਾਰੀਓ ਨੂੰ ਉਸ ਵੈਕਸੀਨ ਦੀਆਂ 53000 ਡੋਜ਼ਾਂ ਦਸੰਬਰ ਦੇ ਅੰਤ ਤੱਕ ਹਾਸਲ ਹੋ ਜਾਣਗੀਆਂ। ਪਰ ਪ੍ਰੋਵਿੰਸ ਮੁਤਾਬਕ ਸੋਮਵਾਰ ਦੁਪਹਿਰੇ 4:00 ਵਜੇ ਤੱਕ ਸਿਰਫ 13,200 ਵੈਕਸੀਨ ਦੀਆਂ ਡੋਜ਼ਾਂ ਹੀ ਦਿੱਤੀਆਂ ਗਈਆਂ ਸਨ। 24 ਦਸੰਬਰ ਨੂੰ ਬਹੁਤੇ ਵੈਕਸੀਨੇਸ਼ਨ ਕਲੀਨਿਕ ਥੋੜ੍ਹੇ ਸਮੇਂ ਲਈ ਹੀ ਖੋਲ੍ਹੇ ਗਏ। ਫਿਰ ਸਾਰੇ ਕਲੀਨਿਕ 25 ਤੇ 26 ਦਸੰਬਰ ਨੂੰ ਬੰਦ ਰੱਖੇ ਗਏ। ਐਤਵਾਰ ਨੂੰ ਸਿਰਫ ਪੰਜ ਜਦਕਿ 10 ਕਲੀਨਿਕ ਸੋਮਵਾਰ ਨੂੰ ਖੋਲ੍ਹੇ ਗਏ। ਸਾਰੇ 19 ਕਲੀਨਿਕ ਮੰਗਲਵਾਰ ਨੂੰ ਖੋਲ੍ਹੇ ਜਾਣ ਦੀ ਸੰਭਾਵਨਾ ਹੈ। ਇੱਕ ਬਿਆਨ ਵਿੱਚ ਸਿਹਤ ਮੰਤਰਾਲੇ ਨੇ ਆਖਿਆ ਕਿ ਛੁੱਟੀਆਂ ਦੇ ਸੋਧੇ ਹੋਏ ਸ਼ਡਿਊਲ ਦੀ ਮੰਗ ਹਸਪਤਾਲਾਂ ਵੱਲੋਂ ਕੀਤੀ ਗਈ ਸੀ। ਇਸ ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਪ੍ਰੋਵਿੰਸ ਭਰ ਦੇ ਲਾਂਗ ਟਰਮ ਕੇਅਰ ਹੋਮਜ਼ ਤੇ ਹਸਪਤਾਲਾਂ ਵਿੱਚ ਸਟਾਫ ਦੀ ਸਮੱਸਿਆ ਆ ਰਹੀ ਹੈ। ਨਤੀਜੇ ਵਜੋਂ ਛੁੱਟੀਆਂ ਸਮੇਂ ਹਸਪਤਾਲਾਂ ਵੱਲੋਂ ਵੈਕਸੀਨੇਸ਼ਨ ਸਾਈਟਸ ਦੇ ਸ਼ਡਿਊਲ ਵਿੱਚ ਥੋੜ੍ਹਾ ਹੇਰ ਫੇਰ ਕਰਨ ਦੀ ਮੰਗ ਕੀਤੀ ਗਈ ਸੀ। ਦੂਜੇ ਪਾਸੇ ਓਨਟਾਰੀਓ ਹੌਸਪਿਟਲ ਐਸੋਸਿਏਸ਼ਨ ਨੇ ਇਸ ਸਬੰਧ ਵਿੱਚ ਕੋਈ ਸਪਸ਼ਟੀਕਰਣ ਨਹੀੱਂ ਦਿੱਤਾ ਕਿ ਛੁੱਟੀਆਂ ਵਿੱਚ ਵੈਕਸੀਨੇਸ਼ਨ ਦੇ ਸ਼ਡਿਊਲ ਵਿੱਚ ਕਿਸੇ ਤਰ੍ਹਾਂ ਦੀ ਸੋਧ ਦੀ ਮੰਗ ਕੀਤੀ ਗਈ ਸੀ ਜਾਂ ਨਹੀਂ। ਵੈਕਸੀਨੇਸ਼ਨ ਵਿੱਚ ਇਸ ਤਰ੍ਹਾਂ ਦੀ ਦੇਰੀ ਉੱਤੇ ਐਨਡੀਪੀ ਆਗੂ ਐਂਡਰੀਆ ਹੌਰਵਥ ਤੇ ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਸਖਤ ਇਤਰਾਜ਼ ਪ੍ਰਗਟਾਉਂਦਿਆਂ ਆਖਿਆ ਕਿ ਹੁਣ ਦੇਰ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਇਨ੍ਹਾਂ ਆਗੂਆਂ ਨੇ ਆਖਿਆ ਕਿ ਸਾਨੂੰ ਇਸ ਮਹਾਂਮਾਰੀ ਤੋਂ ਨਿਜਾਤ ਪਾਉਣ ਦਾ ਮਸ੍ਹਾਂ ਮੌਕਾ ਮਿਲਿਆ ਹੈ ਤੇ ਇਸ ਵਿੱਚ ਇਸ ਤਰ੍ਹਾਂ ਕੀਤੀ ਜਾਣ ਵਾਲੀ ਢਿੱਲਮੱਠ ਪਰੇਸ਼ਾਨ ਕਰਨ ਵਾਲੀ ਗੱਲ ਹੈ।

RELATED ARTICLES
POPULAR POSTS