ਓਟਵਾ/ਬਿਊਰੋ ਨਿਊਜ਼ : ਬੱਚਿਆਂ ਲਈ ਇੱਕ ਮਿਲੀਅਨ ਤੋਂ ਵੀ ਵੱਧ ਕੋਵਿਡ-19 ਵੈਕਸੀਨ ਕੈਨੇਡਾ ਪਹੁੰਚ ਚੁੱਕੀ ਹੈ। ਇਹ ਜਾਣਕਾਰੀ ਦੇਸ਼ ਦੇ ਪਬਲਿਕ ਸਰਵਿਸਿਜ ਤੇ ਪ੍ਰੋਕਿਓਰਮੈਂਟ ਮੰਤਰੀ ਨੇ ਦਿੱਤੀ।
ਫਿਲੋਮੈਨਾ ਤਾਸੀ ਨੇ ਆਖਿਆ ਕਿ ਫਾਈਜਰ-ਬਾਇਓਐਨਟੈਕ ਕੌਮਿਰਨਾਟੀ ਦੀਆਂ 1.136 ਮਿਲੀਅਨ ਡੋਜਾਂ ਕੈਨੇਡਾ ਪਹੁੰਚ ਚੁੱਕੀਆਂ ਹਨ। ਪੰਜ ਤੋਂ 11 ਸਾਲ ਦੇ ਬੱਚੇ ਜਦੋਂ ਵੀ ਯੋਗ ਹੋਣਗੇ ਉਨ੍ਹਾਂ ਨੂੰ ਹੁਣ ਆਪਣੀ ਦੂਜੀ ਡੋਜ ਹਾਸਲ ਹੋ ਜਾਵੇਗੀ। ਫੈਡਰਲ ਸਰਕਾਰ ਨੇ ਆਖਿਆ ਕਿ ਅਸੀਂ ਇਨ੍ਹਾਂ ਡੋਜਾਂ ਨੂੰ ਜਲਦ ਤੋਂ ਜਲਦ ਪ੍ਰੋਵਿੰਸਾਂ ਨੂੰ ਦੇਣ ਲਈ ਤੇਜੀ ਨਾਲ ਕੰਮ ਕਰ ਰਹੇ ਹਾਂ।
ਇਸ ਸਾਲ ਦੇ ਸ਼ੁਰੂ ਵਿੱਚ ਕੈਨੇਡਾ ਨੂੰ ਬੱਚਿਆਂ ਲਈ ਕੋਵਿਡ ਵੈਕਸੀਨ ਦੀਆਂ 2.9 ਮਿਲੀਅਨ ਡੋਜਾਂ ਹਾਸਲ ਹੋ ਗਈਆਂ ਸਨ। ਸਰਕਾਰ ਨੇ ਉਸ ਸਮੇਂ ਆਖਿਆ ਸੀ ਕਿ ਐਨੀਆਂ ਡੋਜਾਂ ਕੈਨੇਡਾ ਵਿੱਚ ਹਰੇਕ ਯੋਗ ਬੱਚੇ ਨੂੰ ਪਹਿਲੀ ਡੋਜ ਦੇਣ ਲਈ ਕਾਫੀ ਸਨ। ਸਿਹਤ ਮੰਤਰੀ ਜੀਨ-ਯਵੇਸ ਡਕਲਸ ਨੇ ਆਖਿਆ ਕਿ ਕੈਨੇਡੀਅਨ ਮਾਪੇ ਇਸ ਲਈ ਚਿੰਤਤ ਸਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੋਵਿਡ-19 ਤੋਂ ਕਿਸ ਤਰ੍ਹਾਂ ਬਚਾਇਆ ਜਾਵੇ। ਡਕਲਸ ਨੇ ਇੱਕ ਰਲੀਜ ਵਿੱਚ ਆਖਿਆ ਕਿ ਮਾਪੇ ਹੋਣ ਨਾਤੇ ਸਾਨੂੰ ਵੀ ਰਾਹਤ ਮਿਲੀ ਹੈ ਕਿ ਇਹ ਦੂਜਾ ਬੈਚ ਬੱਚਿਆਂ ਲਈ ਜਲਦ ਆ ਗਿਆ। ਉਨ੍ਹਾਂ ਆਖਿਆ ਕਿ ਇਸ ਨਾਲ ਇਹ ਯਕੀਨ ਬੱਝ ਗਿਆ ਹੈ ਕਿ ਹਾਲੀਡੇਅ ਸੀਜਨ ਦੌਰਾਨ ਕੈਨੇਡੀਅਨ ਬੱਚਿਆਂ ਨੂੰ ਵੀ ਸ਼ੌਟਸ ਮਿਲ ਜਾਣਗੇ ਤੇ ਕੋਵਿਡ-19 ਦੇ ਪਸਾਰ ਨੂੰ ਰੋਕਣ ਵਿੱਚ ਹੋਰ ਮਦਦ ਮਿਲੇਗੀ।