ਐਨ.ਡੀ.ਪੀ. ਨੇ ਡਾਲਰ ਲੋਕਾਂ ਦੇ ਹੱਥਾਂ ‘ਚ ਦੇਣ ਤੇ ਨੌਕਰੀਆਂ ਸੁਰੱਖ਼ਿਅਤ ਰੱਖਣ ਦਾ ਸੁਝਾਅ ਦਿੱਤਾ
ਔਟਵਾ/ਡਾ. ਝੰਡ : ਐੱਨ.ਡੀ.ਪੀ. ਦੇ ਮੁੱਖ-ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨੂੰ ਪ੍ਰਬੰਧਕੀ ਬੋਝ ਘਟਾਉਣ ਲਈ ਕੈਨੇਡਾ-ਵਾਸੀਆਂ ਨੂੰ ਵਿੱਤੀ-ਸਹਾਇਤਾ ਸਿੱਧੀ ਪਹੁੰਚਾਉਣ ਅਤੇ ਕਾਰੋਬਾਰਾਂ ਲਈ ਵਰਕਰਾਂ ਦੀਆਂ ਤਨਖ਼ਾਹਾਂ ਦੀ ਸਬਸਿਟੀ ਵਧਾਉਣ ਤੇ ਉਨ੍ਹਾਂ ਦੀਆਂ ਨੌਕਰੀਆਂ ਸੁਰੱਖ਼ਿਅਤ ਕਰਨ ਦੀ ਗੱਲ ਕਹੀ ਹੈ।
ਇਸ ਦੇ ਬਾਰੇ ਗੱਲਬਾਤ ਕਰਦਿਆਂ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਕਿਹਾ, ”ਲੋਕ ਇਸ ਸਮੇਂ ਆਪਣੇ ਬਿੱਲਾਂ ਦੀ ਅਦਾਇਗੀ ਤੇ ਘਰਾਂ ਦੇ ਖ਼ਰਚੇ ਚਲਾਉਣ ਬਾਰੇ ਫ਼ਿਕਰਮੰਦ ਹਨ ਅਤੇ ਲਿਬਰਲ ਸਰਕਾਰ ਵੱਲੋਂ ਇਸ ਦੇ ਬਾਰੇ ਜੋ ਕਦਮ ਲਏ ਜਾ ਰਹੇ ਹਨ, ਉਨ੍ਹਾਂ ਮੁਤਾਬਿਕ ਇਹ ਸਹਾਇਤਾ ਤਾਂ ਕੁਝ ਹਫ਼ਤਿਆਂ ਜਾਂ ਮਹੀਨਿਆਂ ਬਾਅਦ ਆਏਗੀ। ਜਿਨ੍ਹਾਂ ਲੋਕਾਂ ਨੇ ਇਸ ਮਹੀਨੇ ਦਾ ਮਕਾਨ ਦਾ ਕਿਰਾਇਆ ਦੇਣਾ ਹੈ, ਉਨ੍ਹਾਂ ਲਈ ਇਸ ਦੀ ਅਦਾਇਗੀ ਕਰਨ ਲਈ ਤਾਂ ਅਗਲੇ ਕੁਝ ਦਿਨ ਹੀ ਬਚੇ ਹਨ। ਸਰਕਾਰ ਨੂੰ ਕੈਨੇਡਾ-ਵਾਸੀਆਂ ਨੂੰ ਇਹ ਵਿੱਤੀ-ਸਹਾਇਤਾ ਜਲਦੀ ਤੋਂ ਜਲਦੀ ਪਹੁੰਚਾਉਣੀ ਚਾਹੀਦੀ ਹੈ।”
ਐੱਨ.ਡੀ.ਪੀ. ਨੇ ਹਰੇਕ ਪਰਿਵਾਰ ਨੂੰ 2,000 ਡਾਲਰ ਦੀ ਵਿੱਤੀ-ਸਹਾਇਤਾ ਦੇਣ ਅਤੇ ਹਰੇਕ ਬੱਚੇ ਲਈ 250 ਡਾਲਰ ਵਧੇਰੇ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ਼ ਹੀ ਇਸ ਨੇ ਹੋਰਨਾਂ ਦੇਸ਼ਾਂ ਵਾਂਗ ਕਰਮਚਾਰੀਆਂ ਦੀਆਂ ਤਨਖ਼ਾਹਾਂ ਲਈ ਸਬਸਿਡੀ 75 ਫੀਸਦੀ ਤੱਕ ਵਧਾਉਣ ਦੀ ਵੀ ਗੱਲ ਕੀਤੀ ਹੈ ਅਤੇ ਇਸ ਦੇ ਬਦਲੇ ਕੰਪਨੀਆਂ ਆਪਣੇ ਵਰਕਰਾਂ ਨੂੰ ‘ਲੇਅ-ਆਫ਼’ ‘ਤੇ ਨਹੀਂ ਭੇਜਣਗੀਆਂ।
ਜਗਮੀਤ ਸਿੰਘ ਨੇ ਕਿਹਾ,”ਲੱਖਾਂ ਹੀ ਕੈਨੇਡੀਅਨ ਵਰਕਰ ਪਹਿਲਾਂ ਹੀ ਲੇਅ-ਆਫ਼ ਕੀਤੇ ਜਾ ਚੁੱਕੇ ਹਨ ਅਤੇ ਹੋਰ ਕਈਆਂ ਨੂੰ ਆਪਣੀਆਂ ਨੌਕਰੀਆਂ ਦੇ ਖੁੱਸਣ ਦਾ ਡਰ ਹੈ। ਇਹ ਗੱਲ ਹੁਣ ਸ਼ੀਸ਼ੇ ਵਾਂਗ ਸਾਫ਼ ਹੈ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ 10 ਫੀਸਦੀ ਸਬਸਿਡੀ ਵਰਕਰਾਂ ਦੀ ਲੇਅ-ਆਫ਼ ਨੂੰ ਰੋਕਣ ਲਈ ਕਾਫ਼ੀ ਨਹੀਂ ਹੋਵੇਗੀ। ਇਨ੍ਹਾਂ ਨੌਕਰੀਆਂ ਨੂੰ ਬਚਾਉਣ ਅਤੇ ਵਰਕਰਾਂ ਨੂੰ ਯਕੀਨੀ ਬਨਾਉਣ ਲਈ ਇਸ ਸਬਸਿਡੀ ਨੂੰ ਵਧਾਉਣ ਦੀ ਲੋੜ ਹੈ, ਜਿਵੇਂ ਕਈ ਹੋਰ ਦੇਸ਼ਾਂ ਨੇ ਕੀਤਾ ਹੈ। ਸਰਕਾਰ ਵੱਲੋਂ ਅਗਲੇ ਕਦਮ ਲੈਣ ਤੱਕ ਸਾਨੂੰ ਹੋਰ ਵਰਕਰਾਂ ਦੀਆਂ ਨੌਕਰੀਆਂ ਦੇ ਜਾਣ ਦੀ ਉਡੀਕ ਨਹੀਂ ਕਰਨੀ ਚਾਹੀਦੀ।
ਇਸ ‘ਫ਼ਾਇਰਿੰਗ ਫ਼ਰੀਜ’ ਨੂੰ ਅਮਲ ਵਿਚ ਲਿਆਉਣ ਲਈ ਸਾਨੂੰ ਹੁਣੇ ਹੀ ਲੋੜੀਂਦੀ ਕਾਰਵਾਈ ਕਰਨ ਦੀ ਜ਼ਰੂਰਤ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …