ਓਟਵਾ/ਬਿਊਰੋ ਨਿਊਜ਼ : ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ, ਫੈਡਰਲ ਕੰਸਰਵੇਟਿਵ ਲੀਡਰਸ਼ਿਪ ਦੌੜ ਦੌਰਾਨ ਆਪਣੇ ਸਿਰ ਚੜ੍ਹੇ ਕਰਜੇ ਨੂੰ ਉਤਾਰਨ ਲਈ ਕੰਮ ਕਰ ਰਹੇ ਹਨ। ਪਰ ਇਸ ਦੌਰਾਨ ਉਨ੍ਹਾਂ ਵੱਲੋਂ ਪਾਰਟੀ ਤੋਂ ਕਿਸੇ ਤਰ੍ਹਾਂ ਦੀ ਮਦਦ ਜਾਂ ਡੋਨਰਜ਼ ਲਈ ਟੈਕਸ ਰਸੀਦਾਂ ਜਾਰੀ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਲੀਡਰਸ਼ਿਪ ਦੌੜ ਸਬੰਧੀ ਨਿਯਮਾਂ ਅਤੇ ਕੈਨੇਡਾ ਇਲੈਕਸ਼ਨ ਐਕਟ ਦੀ ਕਥਿਤ ਤੌਰ ਉੱਤੇ ਉਲੰਘਣਾਂ ਕਰਨ ਦੇ ਮਾਮਲੇ ਵਿੱਚ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਵੱਲੋਂ ਬ੍ਰਾਊਨ ਨੂੰ ਇਸ ਦੌੜ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਇਨਕਾਰ ਕਰਦੇ ਰਹੇ ਬ੍ਰਾਊਨ ਨੇ ਬਰੈਂਪਟਨ ਦੇ ਮੇਅਰ ਦੀ ਚੋਣ ਮੁੜ ਜਿੱਤ ਲਈ। ਪਰ ਆਪਣੀ ਕੈਂਪੇਨ ਦੌਰਾਨ ਸਿਰ ਚੜ੍ਹੇ ਕਰਜੇ ਨੂੰ ਉਤਾਰਨ ਲਈ ਬ੍ਰਾਊਨ ਵੱਲੋਂ ਪਿਛਲੇ ਹਫਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਫੰਡਰੇਜ਼ਰ ਕਰਵਾਇਆ ਗਿਆ ਜਿਸ ਲਈ 1700 ਡਾਲਰ ਪ੍ਰਤੀ ਟਿਕਟ ਚਾਰਜ ਕੀਤੇ ਗਏ।
ਬ੍ਰਾਊਨ ਦੀ ਕੈਂਪੇਨ ਦੇ ਮੈਨੇਜਰ ਜੌਹਨ ਮਿਕਿਤਿਸਿਨ ਨੇ ਆਖਿਆ ਕਿ ਡੋਨੇਸ਼ਨ ਇੱਕਠੀ ਕਰਨ ਲਈ ਉਨ੍ਹਾਂ ਦੀ ਟੀਮ ਵੱਲੋਂ ਉਨ੍ਹਾਂ ਦੇ ਸਰਕਾਰੀ ਏਜੰਟ ਦੇ ਨਾਂ ਉੱਤੇ ਐਕਾਊਂਟ ਕਾਇਮ ਕੀਤਾ ਗਿਆ। ਮਿਕਿਤਿਸਿਨ ਨੇ ਇਹ ਨਹੀਂ ਦੱਸਿਆ ਕਿ ਕੈਂਪੇਨ ਲਈ ਬ੍ਰਾਊਨ ਸਿਰ ਕਿੰਨਾਂ ਕਰਜਾ ਹੈ ਪਰ ਉਨ੍ਹਾਂ ਆਖਿਆ ਕਿ ਇਹ ਇੱਕ ਮਿਲੀਅਨ ਡਾਲਰ ਤੋਂ ਵੱਧ ਨਹੀਂ ਹੈ। ਇਸ ਦੌਰਾਨ ਇਲੈਕਸਨ ਕੈਨੇਡਾ ਦੇ ਇੱਕ ਬੁਲਾਰੇ ਨੇ ਆਖਿਆ ਕਿ ਬ੍ਰਾਊਨ ਨੂੰ ਆਪਣੀ ਫਾਈਨਲ ਕੈਂਪੇਨ ਰਿਟਰਨ 10 ਮਾਰਚ ਤੱਕ ਹਰ ਹਾਲ ਜਮ੍ਹਾਂ ਕਰਵਾਉਣੀ ਹੋਵੇਗੀ।