ਮਾਂਟਰੀਅਲ/ਬਿਊਰੋ ਨਿਊਜ਼ : ਕੈਨੇਡਾ ਦੇ ਕਿਊਬਕ ਸੂਬੇ ਦੇ ਸ਼ਹਿਰ ਮਾਂਟਰੀਅਲ ਦੀ ਜੰਮਪਲ ਤੇ ਸਾਬਕਾ ਉਲੰਪੀਅਨ ਖਿਡਾਰਨ ਜੋਅਨੀ ਰੋਚੇਟ ਸਕੇਟਿੰਗ ਖਿਡਾਰਨ ਤੋਂ ਡਾਕਟਰ ਬਣ ਗਈ ਹੈ। ਜੋਅਨੀ ਰੋਚੇਟ ਨੇ ਲੰਘੇ ਹਫ਼ਤੇ ਹੀ ਮਾਂਟਰੀਅਲ ਦੀ ਮੈਕਗਿੱਲ ਯੂਨੀਵਰਸਿਟੀ ਤੋਂ ਐਨਥਾਇਲੋਜਿਸਟ ਦੀ ਡਿਗਰੀ ਹਾਸਲ ਕੀਤੀ ਹੈ ਤੇ ਕੱਲ੍ਹ ਉਸ ਨੇ ਕਿਹਾ ਕਿ ਉਹ ਕਿਊਬਕ ਦੇ ਸਭ ਤੋਂ ਵੱਧ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਬਜ਼ੁਰਗਾਂ ਦੇ ਆਸਰਾ ਘਰਾਂ ਵਿਚ ਆਪਣੀਆਂ ਸੇਵਾਵਾਂ ਦੇਵੇਗੀ। ਖਿਡਾਰਨ ਤੋਂ ਡਾਕਟਰ ਬਣੀ ਜੋਅਨੀ ਰੋਚੇਟ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕੋਰੋਨਾ ਵਾਇਰਸ ਨਾਲ ਕੈਨੇਡਾ ਦੀਆਂ ਕੁੱਲ ਮੌਤਾਂ ਵਿਚੋਂ ਅੱਧ ਤੋਂ ਵੱਧ ਮੌਤਾਂ ਉਸ ਦੇ ਜੱਦੀ ਸੂਬੇ ਕਿਊਬਕ ਵਿਚ ਹੋਈਆਂ ਹਨ। ਉਸ ਨੇ ਕਿਹਾ ਕਿ ਕੋਰੋਨਾ ਦੇ ਮਰੀਜ਼ਾਂ ਨੂੰ ਤੰਦਰੁਸਤ ਕਰਨ ਵਿਚ ਆਪਣੀ ਪੂਰੀ ਵਾਹ ਲਾਵੇਗੀ। ਵਰਨਣਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਕੈਨੇਡਾ ਵਿਚ ਹੁਣ ਤੱਕ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਅਤੇ ਹਜ਼ਾਰਾਂ ਹੀ ਮਰੀਜ਼ ਕਰੋਨਾ ਤੋਂ ਪੀੜਤ ਹਨ। ਜਦਕਿ ਕਿਊਬਕ ਸੂਬਾ ਕਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ। ਜੋਅਨੀ ਰੋਚੇਟ ਨੇ ਸੰਨ 2010 ਵਿਚ ਵੈਨਕੂਵਰ ਵਿਖੇ ਹੋਈਆਂ ਉਲੰਪਿਕ ਖੇਡਾਂ ਵਿਚ ਸਕੇਟਿੰਗ ਮੁਕਾਬਲਿਆਂ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਕੈਨੇਡਾ ਦੀ ਸਾਬਕਾ ਉਲੰਪੀਅਨ ਖਿਡਾਰਨ ਬਣੀ ਡਾਕਟਰ
RELATED ARTICLES

