Breaking News
Home / ਭਾਰਤ / ਆਬਕਾਰੀ ਨੀਤੀ ਕੇਸ

ਆਬਕਾਰੀ ਨੀਤੀ ਕੇਸ

ਸੀਬੀਆਈ ਵੱਲੋਂ ਮਨੀਸ਼ ਸਿਸੋਦੀਆ ਗ੍ਰਿਫ਼ਤਾਰ
ਜਾਂਚ ‘ਚ ਸਹਿਯੋਗ ਨਹੀਂ ਦੇ ਰਹੇ ਸਨ ਉਪ ਮੁੱਖ ਮੰਤਰੀ : ਸੀਬੀਆਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਬੀਆਈ ਨੇ ਆਬਕਾਰੀ ਨੀਤੀ ਘੁਟਾਲੇ ਦੇ ਮਾਮਲੇ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਨੇ ਕਿਹਾ ਕਿ ਕਰੀਬ ਅੱਠ ਘੰਟਿਆਂ ਤੱਕ ਚੱਲੀ ਪੁੱਛ-ਪੜਤਾਲ ਦੌਰਾਨ ਸਿਸੋਦੀਆ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੇ ਆ ਰਹੇ ਸਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਕੁਝ ਜਵਾਬ ਤਸੱਲੀਬਖ਼ਸ਼ ਨਹੀਂ ਸਨ। ਸਿਸੋਦੀਆ ਸਵੇਰੇ ਕਰੀਬ 11.12 ਵਜੇ ਦਿੱਲੀ ਵਿਖੇ ਸੀਬੀਆਈ ਹੈੱਡਕੁਆਰਟਰ ‘ਤੇ ਪਹੁੰਚੇ ਸਨ। ਸੀਬੀਆਈ ਦਫ਼ਤਰ ਦੇ ਬਾਹਰ ਬੈਰੀਕੇਡ ਲਗਾ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੁਲਿਸ ਨੂੰ ਖ਼ਦਸ਼ਾ ਸੀ ਕਿ ‘ਆਪ’ ਵਰਕਰ ਹੰਗਾਮਾ ਕਰ ਸਕਦੇ ਹਨ।
ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਦੇ ਅਧਿਕਾਰੀਆਂ ਨੇ ਆਬਕਾਰੀ ਨੀਤੀ ਦੇ ਵੱਖ-ਵੱਖ ਪਹਿਲੂਆਂ, ਉਨ੍ਹਾਂ ਦੇ ਦਿਨੇਸ਼ ਅਰੋੜਾ ਤੇ ਹੋਰ ਮੁਲਜ਼ਮਾਂ ਨਾਲ ਸਬੰਧਾਂ ਅਤੇ ਫੋਨਾਂ ‘ਤੇ ਸੁਨੇਹਿਆਂ ਦੇ ਆਦਾਨ-ਪ੍ਰਦਾਨ ਦੇ ਵੇਰਵਿਆਂ ਬਾਰੇ ਸਵਾਲ ਪੁੱਛੇ ਸਨ। ਸੀਬੀਆਈ ਜਾਂਚਕਾਰ ਸਿਸੋਦੀਆ ਵੱਲੋਂ ਦਿੱਤੇ ਗਏ ਜਵਾਬਾਂ ਤੋਂ ਸੰਤੁਸ਼ਟ ਨਹੀਂ ਸਨ। ਉਨ੍ਹਾਂ ਕਿਹਾ ਕਿ ਸਿਸੋਦੀਆ ਜਾਂਚ ‘ਚ ਸਹਿਯੋਗ ਨਹੀਂ ਕਰ ਰਹੇ ਸਨ ਅਤੇ ਅਹਿਮ ਨੁਕਤਿਆਂ ‘ਤੇ ਸਫ਼ਾਈ ਦੇਣ ਤੋਂ ਗੁਰੇਜ਼ ਕਰ ਰਹੇ ਸਨ ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੀਬੀਆਈ ਦਫ਼ਤਰ ਪਹੁੰਚਣ ਤੋਂ ਪਹਿਲਾਂ ਸਿਸੋਦੀਆ ਨੇ ਖ਼ਦਸ਼ਾ ਜਤਾਇਆ ਸੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਪੁੱਛ-ਪੜਤਾਲ ਲਈ ਸੀਬੀਆਈ ਅੱਗੇ ਪੇਸ਼ ਹੋਣ ਤੋਂ ਪਹਿਲਾਂ ਸਿਸੋਦੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ‘ਝੂਠੇ ਦੋਸ਼ਾਂ’ ਦੇ ਮਾਮਲੇ ‘ਚ ਜੇਲ੍ਹ ਜਾਣ ਤੋਂ ਨਹੀਂ ਡਰਦੇ ਹਨ। ‘ਜਦੋਂ ਮੈਂ ਪੱਤਰਕਾਰ ਵਜੋਂ ਆਪਣੀ ਨੌਕਰੀ ਛੱਡੀ ਸੀ ਤਾਂ ਮੇਰੀ ਪਤਨੀ ਨੇ ਮੈਨੂੰ ਹਮਾਇਤ ਦਿੱਤੀ ਸੀ ਅਤੇ ਅੱਜ ਵੀ ਮੇਰਾ ਪਰਿਵਾਰ ਨਾਲ ਖੜ੍ਹਾ ਹੈ। ਜੇਕਰ ਮੈਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤਾਂ ਮੇਰੇ ਵਰਕਰ ਪਰਿਵਾਰ ਦਾ ਧਿਆਨ ਰਖਣਗੇ।’
ਜਾਂਚ ‘ਚ ਪੂਰਾ ਸਹਿਯੋਗ ਦੇਣ ਦੀ ਗੱਲ ਆਖਦਿਆਂ ਸਿਸੋਦੀਆ ਨੇ ਕਿਹਾ ਕਿ ਲੱਖਾਂ ਬੱਚਿਆਂ ਅਤੇ ਕਰੋੜਾਂ ਦੇਸ਼ਵਾਸੀਆਂ ਦਾ ਪਿਆਰ ਉਨ੍ਹਾਂ ਨਾਲ ਹੈ। ‘ਜੇਕਰ ਮੈਨੂੰ ਕੁਝ ਮਹੀਨਿਆਂ ਲਈ ਜੇਲ੍ਹ ਜਾਣਾ ਵੀ ਪਿਆ ਤਾਂ ਮੈਂ ਇਸ ਦੀ ਪ੍ਰਵਾਹ ਨਹੀਂ ਕਰਦਾ। ਅਸੀਂ ਭਗਤ ਸਿੰਘ ਦੇ ਪੈਰੋਕਾਰ ਹਾਂ। ਭਗਤ ਸਿੰਘ ਦੇਸ਼ ਲਈ ਸ਼ਹੀਦ ਹੋਏ ਸਨ। ਜੇਕਰ ਝੂਠੇ ਦੋਸ਼ਾਂ ਲਈ ਮੈਨੂੰ ਜੇਲ੍ਹ ਜਾਣਾ ਪਵੇਗਾ ਤਾਂ ਇਹ ਬਹੁਤ ਛੋਟੀ ਗੱਲ ਹੈ।’ ਸਿਸੋਦੀਆ ਰਾਜ ਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਮਗਰੋਂ ਸੀਬੀਆਈ ਦਫ਼ਤਰ ਪਹੁੰਚੇ। ਦਿੱਲੀ ਦੇ ਉਪ ਮੁੱਖ ਮੰਤਰੀ, ਜਿਨ੍ਹਾਂ ਕੋਲ ਵਿੱਤ ਵਿਭਾਗ ਦਾ ਅਹੁਦਾ ਵੀ ਹੈ, ਨੂੰ ਸੀਬੀਆਈ ਨੇ ਪਿਛਲੇ ਐਤਵਾਰ ਤਲਬ ਕੀਤਾ ਸੀ ਪਰ ਬਜਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਇਹ ਤਰੀਕ ਅੱਗੇ ਪਾਉਣ ਦੀ ਅਪੀਲ ਕੀਤੀ ਸੀ। ਇਸ ਮਗਰੋਂ ਸੀਬੀਆਈ ਨੇ ਉਨ੍ਹਾਂ ਨੂੰ 26 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ।
ਸੀਬੀਆਈ ਦੀ ਐੱਫਆਈਆਰ ‘ਚ ਨੰਬਰ ਇਕ ਮੁਲਜ਼ਮ ‘ਆਪ’ ਆਗੂ ਤੋਂ ਪਿਛਲੇ ਸਾਲ 17 ਅਕਤੂਬਰ ਨੂੰ ਵੀ ਪੁੱਛ-ਪੜਤਾਲ ਕੀਤੀ ਗਈ ਸੀ। ਇਸ ਦੇ ਕਰੀਬ ਇਕ ਮਹੀਨੇ ਬਾਅਦ 25 ਨਵੰਬਰ ਨੂੰ ਏਜੰਸੀ ਨੇ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਸਿਸੋਦੀਆ ਦੇ ਪਰਿਵਾਰ ਨਾਲ ਮੁਲਾਕਾਤ
ਨਵੀਂ ਦਿੱਲੀ : ਸੀਬੀਆਈ ਵੱਲੋਂ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਐਤਵਾਰ ਦੇਰ ਸ਼ਾਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਘਰ ਜਾ ਕੇ ਸਿਸੋਦੀਆ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸਿਸੋਦੀਆ ਨੂੰ ਝੂਠੇ ਕੇਸ ‘ਚ ਫਸਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ਭਗਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਲੋਕ ਸਾਰਾ ਕੁਝ ਦੇਖ ਰਹੇ ਹਨ ਅਤੇ ਉਹ ਹੀ ਜਵਾਬ ਦੇਣਗੇ। ਭਗਵੰਤ ਮਾਨ ਨੇ ਕਿਹਾ ਕਿ ਸਿਸੋਦੀਆ ਇਨਕਲਾਬੀ ਸਿੱਖਿਆ ਮੰਤਰੀ ਹਨ ਅਤੇ ਸਕੂਲ ਬਣਾਉਣ ਵਾਲੇ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਨੂੰ ਦੇਸ਼ ਦੀ ਸਿਆਸਤ ਲਈ ਕਾਲਾ ਦਿਨ ਕਰਾਰ ਦਿੰਦਿਆਂ ਕਿਹਾ ਹੈ ਕਿ ਪਾਰਟੀ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹੈੱਡਕੁਆਰਟਰ ‘ਤੇ ਸਿਸੋਦੀਆ ਦੀ ਗ੍ਰਿਫ਼ਤਾਰੀ ਸਬੰਧੀ ਪੂਰੀ ਪਟਕਥਾ ਲਿਖੀ ਗਈ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਬੇਕਸੂਰ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਗੰਦੀ ਸਿਆਸਤ ਦਾ ਨਤੀਜਾ ਹੈ।
ਸੱਚ ਦੀ ਲੜਾਈ ਲੜ ਰਹੇ ਨੇ ਸਿਸੋਦੀਆ: ਭਗਵੰਤ ਮਾਨ
ਆਬਕਾਰੀ ਨੀਤੀ ਕੇਸ ‘ਚ ਸੀਬੀਆਈ ਵੱਲੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਕੀਤੀ ਗਈ ਕਾਰਵਾਈ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਨੀਸ਼ ਸਿਸੋਦੀਆ ਸੱਚ ਦੀ ਲੜਾਈ ਲੜ ਰਹੇ ਹਨ। ਮਾਨ ਨੇ ਟਵੀਟ ਕਰਦਿਆਂ ਕਿਹਾ, ”ਮਨੀਸ਼ ਜੀ, ਤੁਸੀਂ ਸੱਚ ਦੀ ਲੜਾਈ ਲੜ ਰਹੇ ਹੋ, ਪੂਰਾ ਦੇਸ਼ ਤੁਹਾਡੇ ਨਾਲ ਹੈ। ਲੱਖਾਂ ਬੱਚਿਆਂ ਦਾ ਪਿਆਰ ਤੁਹਾਡੇ ਨਾਲ ਹੈ। ਤੁਸੀਂ ਸਿੱਖਿਆ ਦੇ ਖੇਤਰ ਵਿੱਚ ਜੋ ਕ੍ਰਾਂਤੀ ਲਿਆਂਦੀ ਹੈ, ਅਸੀਂ ਸਾਰੇ ਤੁਹਾਡੇ ਨਾਲ ਖੜ੍ਹੇ ਹਾਂ।” ਗੌਰਤਲਬ ਹੈ ਕਿ ਸੀਬੀਆਈ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਕੀਤੀ ਕਾਰਵਾਈ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੰਦੀ ਵਿੱਚ ਟਵੀਟ ਕਰਕੇ ਜਵਾਬ ਦਿੱਤਾ ਹੈ।

 

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …