ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੂਲਵਾਸੀ ਭਾਈਚਾਰੇ ਦੀ ਮਹਿਲਾ ਆਗੂ ਮੈਰੀ ਸਾਈਮਨ (74) ਨੂੰ ਦੇਸ਼ ਦੀ ਗਵਰਨਰ ਜਨਰਲ (ਰਾਸ਼ਟਰਪਤੀ) ਬਣਾਉਣ ਦਾ ਐਲਾਨ ਕੀਤਾ ਹੈ। ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰੀ ਕਿਸੇ ਮੂਲਵਾਸੀ ਨੂੰ ਦੇਸ਼ ਦਾ ਸਰਬੋਤਮ ਅਹੁਦਾ ਮਿਲੇਗਾ। ਉਹ ਰਾਣੀ ਐਲਿਜਾਬੈਥ (ਦੂਸਰੀ) ਦੇ ਨੁਮਾਇੰਦੇ ਵਜੋਂ ਦੇਸ਼ ਦੇ 30ਵੇਂ ਗਵਰਨਰ ਜਨਰਲ ਹੋਣਗੇ। ਟਰੂਡੋ ਨੇ ਕਿਹਾ ਕਿ ਸਾਈਮਨ ਕੋਲ ਮੁੱਦਿਆਂ ਦੇ ਉਸਾਰੂ ਬਦਲਾਅ ਪੇਸ਼ ਕਰਨ ਦੀ ਸਮਝ ਤੇ ਲਿਆਕਤ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿ ਰਾਣੀ ਐਲਿਜਾਬੈਥ ਵਲੋਂ ਸਾਈਮਨ ਦੇ ਨਾਂਅ ਨੂੰ ਗਵਰਨਰ ਜਨਰਲ ਵਜੋਂ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਛੇ ਕੁ ਮਹੀਨੇ ਪਹਿਲਾਂ ਵਿਵਾਦਾਂ ਵਿਚ ਘਿਰੀ ਜੂਲੀ ਪਾਏਟ ਨੂੰ ਇਸ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ, ਜਿਸ ਤੋਂ ਕੈਨੇਡਾ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਰਿਚਰਡ ਵਾਗਨਰ ਕੰਮਚਲਾਊ ਗਵਰਨਰ ਜਨਰਲ ਬਣਾਏ ਗਏ ਸਨ।