ਓਟਵਾ/ਬਿਊਰੋ ਨਿਊਜ਼
ਕੈਨੇਡਾ ਦੇ ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸੈਂਪੇਨ ਨੇ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ ਕੋਵਿਡ-19 ਦੇ ਸਬੰਧ ਵਿੱਚ ਆਪਣੀ ਜਾਂਚ ਕਰਵਾਈ ਗਈ ਹੈ ਤੇ ਇਸ ਸਮੇਂ ਉਹ ਨਤੀਜਿਆਂ ਦੀ ਉਡੀਕ ਕਰ ਰਹੇ ਹਨ ਤੇ ਸੈਲਫ ਆਈਸੋਲੇਸ਼ਨ ਵਿੱਚ ਹਨ।
ਉਨ੍ਹਾਂ ਆਖਿਆ ਕਿ ਵਿਦੇਸ਼ ਤੋਂ ਪਰਤਣ ਤੋਂ ਬਾਅਦ ਫਲੂ ਵਰਗੇ ਲੱਛਣਾਂ ਨਾਲ ਜੂਝਣ ਕਾਰਨ ਉਨ੍ਹਾਂ ਆਪਣੀ ਜਾਂਚ ਕਰਵਾਉਣੀ ਜ਼ਰੂਰੀ ਸਮਝੀ। ਇੱਥੇ ਦੱਸਣਾ ਬਣਦਾ ਹੈ ਕਿ ਸ਼ੈਂਪੇਨ ਬੀਤੇ ਦਿਨੀਂ ਯੂਰਪ, ਖਾਸ ਤੌਰ ਉਤੇ ਲੈਟਵੀਆ, ਯੂਕਰੇਨ ਤੇ ਪੋਲੈਂਡ ਵਿੱਚ ਸਨ। ਉਨ੍ਹਾਂ ਦੇ ਆਫਿਸ ਵੱਲੋਂ ਦੱਸਿਆ ਗਿਆ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਹੀ ਉਨ੍ਹਾਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਸੀ। ਸ਼ੈਂਪੇਨ ਵੱਲੋਂ ਕੀਤੇ ਗਏ ਕਈ ਟਵੀਟਸ ਵਿੱਚ ਆਖਿਆ ਗਿਆ ਕਿ ਉਹ ਇਸ ਔਖੀ ਘੜੀ ਦਾ ਸਾਹਮਣਾ ਕਰ ਰਹੇ ਕੈਨੇਡੀਅਨਾਂ ਦੀ ਮਦਦ ਦਿਨ ਰਾਤ ਕਰਦੇ ਰਹਿਣਗੇ ਤੇ ਇਸ ਦੇ ਨਾਲ ਹੀ ਸੰਕਟ ਪ੍ਰਤੀ ਕੌਮਾਂਤਰੀ ਪੱਧਰ ਉੱਤੇ ਪ੍ਰਗਟਾਈ ਜਾ ਰਹੀ ਪ੍ਰਤੀਕਿਰਿਆ ਨਾਲ ਵੀ ਤਾਲਮੇਲ ਬਣਾਈ ਰੱਖਣਗੇ। ਸ਼ੈਂਪੇਨ ਨੇ ਹੋਰਨਾਂ ਕੈਨੇਡੀਅਨਾਂ ਨੂੰ ਵੀ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਲਈ ਆਖਿਆ ਤੇ ਵਾਇਰਸ ਲਈ ਹੋਰ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ।
ਉਹ ਅਜਿਹੇ ਤੀਜੇ ਮੰਤਰੀ ਬਣ ਗਏ ਹਨ ਜਿਨ੍ਹਾਂ ਨੇ ਇਸ ਵਾਇਰਸ ਲਈ ਟੈਸਟ ਕਰਵਾਇਆ ਹੈ। ਉਨ੍ਹਾਂ ਦੋ ਸਹਿਯੋਗੀਆਂ ਦੇ ਟੈਸਟ ਨੈਗੇਟਿਵ ਆਏ ਹਨ। ਕੁਦਰਤੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਸੀਮਸ ਓਰੀਗਨ ਤੇ ਮਨਿਸਟਰ ਆਫ ਸਮਾਲ ਬਿਜ਼ਨਸ ਐਂਡ ਐਕਸਪੋਰਟ ਪ੍ਰੋਡਕਸ਼ਨ ਮੈਰੀ ਐਨਜੀ ਦੀ ਪਿਛਲੇ ਹਫਤੇ ਕੋਵਿਡ-19 ਸਬੰਧੀ ਜਾਂਚ ਨੈਗੇਟਿਵ ਆਈ ਸੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਸੈਲਫ ਆਈਸੋਲੇਸ਼ਨ ਵਿੱਚ ਗਿਆ ਇੱਕ ਹਫਤਾ ਹੋ ਚੁੱਕਿਆ ਹੈ। ਉਨ੍ਹਾ ਨੇ ਇਹ ਫੈਸਲਾ ਆਪਣੀ ਪਤਨੀ ਸੋਫੀਆ ਦੇ ਯੂਕੇ ਦੇ ਟਰਿੱਪ ਤੋਂ ਪਰਤਣ ਉਪਰੰਤ ਕਰਵਾਏ ਗਏ ਕੋਵਿਡ-19 ਟੈਸਟ ਵਿੱਚ ਪਾਜ਼ੀਟਿਵ ਆਉਣ ਤੋਂ ਬਾਅਦ ਲਿਆ ਸੀ। ਹੁਣ ਤੱਕ ਟਰੂਡੋ ਨੇ ਆਖਿਆ ਕਿ ਉਨ੍ਹਾਂ ਵਿੱਚ ਫਲੂ ਵਾਲੇ ਕੋਈ ਲੱਛਣ ਨਹੀਂ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …