ਟੋਰਾਂਟੋ/ਸਤਪਾਲ ਸਿੰਘ ਜੌਹਲ : ਭਾਰਤ ਵਿਚ ਕਿਸਾਨ ਅੰਦੋਲਨ ਦੇ ਸੰਘਰਸ਼ਮਈ ਸਮੇਂ ਨੂੰ ਲੇਖਕਾ ਡਾ. ਅਮਨੀਤ ਕੌਰ ਨੇ ‘ਪਾਵਰ ਆਫ ਪਲੋਅ’ ਨਾਮਕ ਕਿਤਾਬ ਵਿਚ ਕਲਮਬੱਧ ਕੀਤਾ ਹੈ। ਇਸ ਕਿਤਾਬ ਨੂੰ ਪਿਛਲੇ ਦਿਨੀਂ ‘ਯੂਥ 4 ਕਮਿਊਨਿਟੀ’ ਨਾਮਕ ਸੰਸਥਾ ਵਲੋਂ ਬਰੈਂਪਟਨ ਵਿਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਰੂਬੀ ਸਹੋਤਾ, ਉਨਟਾਰੀਓ ਦੇ ਮੰਤਰੀ ਪ੍ਰਭਮੀਤ ਸਰਕਾਰੀਆ, ਵਿਧਾਇਕ ਦੀਪਕ ਆਨੰਦ, ਬਰੈਂਪਟਨ ਦੇ ਸਿਟੀ ਕੌਂਸਲਰ ਹਰਕੀਰਤ ਸਿੰਘ, ਸਾਬਕਾ ਸੰਸਦ ਮੈਂਬਰ ਗੁਰਬਖਸ਼ ਸਿੰਘ ਮੱਲ੍ਹੀ, ਪ੍ਰੋ. ਜਗੀਰ ਸਿੰਘ ਕਾਹਲੋਂ, ਉੱਘੇ ਅਰਥ ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ, ਐਡਵੋਕੇਟ ਜੁਗਿੰਦਰ ਸਿੰਘ ਤੂਰ, ਹੈਰੀ ਧਾਲੀਵਾਲ, ਸ਼ਰਨਪਾਲ ਸਿੰਘ ਸੰਘੇੜਾ ਅਤੇ ਬੱਬੂ ਬਰਾੜ ਵੀ ਸ਼ਾਮਿਲ ਸਨ। ‘ਯੂਥ 4 ਕਮਿਊਨਿਟੀ’ ਦੇ ਆਗੂ ਸੁਰਿੰਦਰ ਮਾਵੀ, ਰਮਨਦੀਪ ਬਰਾੜ ਅਤੇ ਉਨ੍ਹਾਂ ਦੀ ਟੀਮ ਦੇ ਵਾਲੰਟੀਅਰਾਂ ਨੇ ਦਸੰਬਰ 2020 ਵਿਚ ਟੋਰਾਂਟੋ ਤੋਂ ਵਿਸ਼ੇਸ਼ ਤੌਰ ‘ਤੇ ਦਿੱਲੀ ਜਾ ਕੇ ਅੰਦੋਲਨ ਵਿਚ ਸ਼ਮੂਲੀਅਤ ਵੀ ਕੀਤੀ ਸੀ ਅਤੇ ਉੱਥੇ ਪਾਣੀ ਅਤੇ ਕੂੜੇ ਦੀ ਸਫਾਈ ਦਾ ਪ੍ਰਬੰਧ ਕੀਤਾ ਸੀ। ਸਮਾਗਮ ਦੀ ਸਟੇਜ ਦੀ ਕਾਰਵਾਈ ਨਿਮਰਤਾ ਸ਼ੇਰਗਿੱਲ ਨੇ ਬਾਖੂਬੀ ਨਿਭਾਈ।