ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਟੋਰਾਂਟੋ ਸ਼ਹਿਰ ਤੋਂ ਪੂਰਬੀ ਦਿਸ਼ਾ ‘ਚ ਮਾਂਟਰੀਅਲ ਵੱਲ ਜਾਂਦੇ ਹਾਈਵੇ 401 ਉਪਰ ਪਿਛਲੇ ਦਿਨੀਂ ਟਰੱਕ ਅਤੇ ਵੈਨ ਦੀ ਟੱਕਰ ਕਾਰਨ 5 ਪੰਜਾਬੀ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ 2 ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਹਿਚਾਣ ਹਰਪ੍ਰੀਤ ਸਿੰਘ (24), ਜਸਪਿੰਦਰ ਸਿੰਘ (21), ਪਵਨ ਕੁਮਾਰ (23), ਮੋਹਿਤ ਚੌਹਾਨ (23) ਤੇ ਕਰਨਪਾਲ ਸਿੰਘ (23) ਵਜੋਂ ਹੋਈ ਹੈ।
ਘਟਨਾ ਦੇ ਕਾਰਨਾਂ ਦੀ ਜਾਂਚ ਪੁਲਿਸ ਵਲੋਂ ਜਾਰੀ ਹੈ ਪਰ ਮਿਲ ਰਹੀ ਜਾਣਕਾਰੀ ਅਨੁਸਾਰ ਵੈਨ ਹਾਈਵੇ ‘ਤੇ ਰੁਕੀ ਸੀ ਤਾਂ ਪਿੱਛੋਂ ਆ ਰਿਹਾ ਤੇਜ਼ ਰਫ਼ਤਾਰ ਟਰੱਕ ਉਸ ਨਾਲ ਟਕਰਾਇਆ ਤਾਂ ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ 5 ਵੈਨ ਸਵਾਰਾਂ ਦੀ ਮੌਤ ਹੋ ਗਈ।
ਵੈਨ ਵਿਚ ਡਰਾਈਵਰ ਸਮੇਤ 7 ਸਵਾਰੀਆਂ ਸਨ। ਪਤਾ ਲੱਗਾ ਹੈ ਕਿ ਟਰੱਕ ਡਰਾਈਵਰ ਸੁਰੱਖਿਅਤ ਹੈ ਅਤੇ ਪੁਲਿਸ ਨੇ ਅਜੇ ਤੱਕ ਉਸ ਵਿਰੁੱਧ ਕੇਸ ਦਰਜ ਨਹੀਂ ਕੀਤਾ। ਮ੍ਰਿਤਕਾਂ ਦੇ ਵਾਰਿਸਾਂ ਨਾਲ ਸੰਪਰਕ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੇ ਨਾਮ ਜਨਤਕ ਕੀਤੇ ਹਨ ਪਰ ਇਸ ਦੌਰਾਨ ਦੋਵੇਂ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਤਾਜ਼ਾ ਹਾਲਾਤ ਮੁਤਬਿਕ ਮਾਂਟਰੀਅਲ ਵਿਚ ਪੜ੍ਹਨ ਅਤੇ ਕੰਮ ਕਰਨ ਲਈ ਟੋਰਾਂਟੋ ਇਲਾਕੇ ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਅਕਸਰ ਆਵਾਜਾਈ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਲੰਬੇ ਸੜਕੀ ਸਫਰ ਤੈਅ ਕਰਨੇ ਪੈਂਦੇ ਹਨ। ਇਸ ਦੁਖਦਾਈ ਘਟਨਾ ‘ਤੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਰਾਜਧਾਨੀ ਓਟਾਵਾ ‘ਚ ਭਾਰਤ ਦੇ ਰਾਜਦੂਤ ਅਜੇ ਬਿਸਾਰੀਆ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੂਤਘਰ ਦੇ ਅਧਿਕਾਰੀ ਸਥਿਤੀ ਉਪਰ ਨਜ਼ਰ ਰੱਖ ਰਹੇ ਹਨ।
ਮ੍ਰਿਤਕਾਂ ਵਿਚ ਮੋਹਿਤ ਤੇ ਹਰਪ੍ਰੀਤ ਲੁਧਿਆਣਾ ਨਾਲ ਸਬੰਧਤ
ਲੁਧਿਆਣਾ : ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਪੰਜ ਦੋਸਤਾਂ ਵਿੱਚੋਂ ਦੋ ਨੌਜਵਾਨ ਲੁਧਿਆਣਾ ਨਾਲ ਸਬੰਧਤ ਹਨ। ਮ੍ਰਿਤਕ ਨੌਜਵਾਨਾਂ ਦੇ ਮਾਪਿਆਂ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਦੇਹਾਂ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ। ਜਾਨ ਗਵਾਉਣ ਵਾਲਿਆਂ ਵਿੱਚ ਇੱਕ ਨੌਜਵਾਨ ਸਨਅਤੀ ਸ਼ਹਿਰ ਲੁਧਿਆਣਾ ਦੇ ਰਾਹੋਂ ਰੋਡ ਦਾ ਵਾਸੀ ਮੋਹਿਤ ਚੌਹਾਨ ਹੈ ਤੇ ਦੂਜਾ ਡਾਬਾ ਰੋਡ ਦਾ ਹਰਪ੍ਰੀਤ ਸਿੰਘ ਹੈ।