
ਦਿੱਲੀ ਵਿੱਚ ਉਡਾਣਾਂ ਪ੍ਰਭਾਵਿਤ ਤੇ ਆਉਂਦੇ ਦਿਨਾਂ ’ਚ ਵੀ ਮੌਸਮ ਖਰਾਬ ਰਹਿਣ ਦਾ ਅਨੁਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਸ਼ੁੁੱਕਰਵਾਰ ਸਵੇਰੇ ਮੀਂਹ ਪੈਣ ਨਾਲ ਤਾਪਮਾਨ ਵਿੱਚ ਕਾਫੀ ਗਿਰਾਵਟ ਆਈ ਹੈ। ਕਈ ਥਾਵਾਂ ’ਤੇ ਤੇਜ਼ ਹਵਾਵਾਂ ਚੱਲਣ ਤੇ ਮੀਂਹ ਪੈਣ ਕਾਰਨ ਦਰੱਖਤ ਉੱਖੜ ਗਏ ਅਤੇ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਭਾਰੀ ਮੀਂਹ ਕਰਕੇ ਦਿੱਲੀ ਵਿੱਚ ਇੱਕ ਘਰ ਢਹਿ ਜਾਣ ਕਾਰਨ ਤਿੰਨ ਬੱਚਿਆਂ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ। ਇਸ ਦੇ ਚੱਲਦਿਆਂ ਤੇਜ਼ ਹਵਾਵਾਂ ਕਾਰਨ ਦਿੱਲੀ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ ਹੋਈਆਂ ਅਤੇ ਕੁਝ ਉਡਾਣਾਂ ਨੂੰ ਡਾਇਵਰਟ ਵੀ ਕਰਨਾ ਪਿਆ। ਏਅਰ ਇੰਡੀਆ ਦੇ ਅਧਿਕਾਰੀ ਨੇ ਕਿਹਾ ਕਿ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਖਰਾਬ ਮੌਸਮ ਕਰਕੇ ਉਡਾਣ ਦੇ ਸੰਚਾਲਣ ਵਿਚ ਮੁਸ਼ਕਲ ਆਈ ਹੈ। ਇਸੇ ਦੌਰਾਨ ਮੌਸਮ ਵਿਭਾਗ ਵਲੋਂ ਅਨੁਮਾਨ ਲਗਾਇਆ ਗਿਆ ਹੈ ਕਿ ਆਉਂਦੇ ਕੁਝ ਮੌਸਮ ਖਰਾਬ ਰਹਿ ਸਕਦਾ ਹੈ ਅਤੇ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।