ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਇੱਕ ਨਵਾਂ ਬਿੱਲ ਪਾਸ ਕਰਨ ਜਾ ਰਹੀ ਹੈ ਜਿਸ ਵਿੱਚ ਇਹ ਲਾਜ਼ਮੀ ਬਣਾਇਆ ਜਾਵੇਗਾ ਕਿ 12 ਸਾਲ ਤੇ ਇਸ ਤੋਂ ਘੱਟ ਉਮਰ ਦੇ ਬੱਚੇ ਬੋਟਸ ਉੱਤੇ ਲਾਈਫਜੈਕੇਟ ਪਾਉਣ।
ਇਸ ਬਿੱਲ ਨੂੰ ਅਸਲ ਵਿੱਚ ਅਪਰੈਲ ਵਿੱਚ ਪੇਸ਼ ਕੀਤਾ ਗਿਆ ਸੀ ਤੇ ਇਹ ਸੋਮਵਾਰ ਨੂੰ ਕਮੇਟੀ ਸਾਹਮਣੇ ਲਿਆਂਦਾ ਗਿਆ। ਸਾਲ ਦੇ ਅੰਤ ਵਿੱਚ ਜਦੋਂ ਪ੍ਰੋਵਿੰਸ਼ੀਅਲ ਪਾਰਲੀਆਮੈਂਟ ਦੇ ਮੈਂਬਰ ਵਿਧਾਨ ਸਭਾ ਵਿੱਚ ਪਰਤਣਗੇ ਤਾਂ ਇਸ ਬਿੱਲ ਨੂੰ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਬਿੱਲ ਨੂੰ ਪੇਸ਼ ਕਰਨ ਵਾਲੇ ਪ੍ਰੋਗਰੈਸਿਵ ਕੰਸਰਵੇਟਿਵ ਐਮਪੀਪੀ ਗੋਲਡੀ ਘਮਾਰੀ ਨੇ ਆਖਿਆ ਕਿ ਅਮਰੀਕਾ ਵਿੱਚ ਹਰ ਸਟੇਟ ਵਿੱਚ ਬੱਚਿਆਂ ਲਈ ਲਾਈਫਜੈਕੇਟ ਵਾਲਾ ਕਾਨੂੰਨ ਲਾਜ਼ਮੀ ਹੈ। ਪਰ ਕੈਨੇਡਾ ਵਿੱਚ ਅਜਿਹਾ ਨਹੀਂ ਹੈ।
ਕੈਨੇਡੀਅਨ ਕਾਨੂੰਨ ਮੁਤਾਬਕ ਹਰੇਕ ਵਾਟਰਕ੍ਰਾਫਟ ਵਿੱਚ ਲਾਈਫਜੈਕੇਟਸ ਹੋਣੀਆਂ ਲਾਜ਼ਮੀ ਹਨ ਜਾਂ ਫਿਰ ਉਸ ਉੱਤੇ ਸਵਾਰ ਸਾਰੇ ਵਿਅਕਤੀਆਂ ਲਈ ਪਰਸਨਲ ਫਲੋਟੇਸ਼ਨ ਡਿਵਾਇਸਿਜ਼ (ਪੀਐਫਡੀ) ਹੋਣਾ ਜ਼ਰੂਰੀ ਹੈ। ਇਹ ਲਾਜ਼ਮੀ ਨਹੀਂ ਹੈ ਕਿ ਉਨ੍ਹਾਂ ਪੀਐਫਡੀਜ਼ ਨੂੰ ਪਾਇਆ ਵੀ ਜਾਵੇ। ਇਸ ਬਿੱਲ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਪਲੇਜ਼ਰ ਬੋਟਸ ਜਾਂ ਮਨੋਰੰਜਨ ਲਈ ਕਿਸੇ ਚੀਜ਼ ਦੇ ਪਿੱਛੇ ਬੋਟਸ ਨੂੰ ਟੋਅ ਕਰਦੇ ਸਮੇਂ ਵੀ 12 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਾਈਫਜੈਕੇਟਸ ਪਾਇਆਂ ਜਾਣਾ ਜ਼ਰੂਰੀ ਹੈ। ਇਸ ਬਿੱਲ ਵਿੱਚ ਇਹ ਪ੍ਰਬੰਧ ਵੀ ਕੀਤਾ ਗਿਆ ਹੈ ਕਿ ਜੇ ਮਾਪੇ ਜਾਂ ਗਾਰਡੀਅਨਜ਼ ਜਾਂ ਹੋਰ ਬਾਲਗ, ਜਿਹੜੇ ਬੱਚਿਆਂ ਦੀ ਨਿਗਰਾਨੀ ਕਰ ਰਹੇ ਹੋਣਗੇ, ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ 200 ਡਾਲਰ ਤੱਕ ਦਾ ਜੁਰਮਾਨਾ ਹੋ ਸਕੇਗਾ।
ਇਸ ਬਿੱਲ ਨੂੰ ਜੋਸ਼ੂਆ ਲਾਅ ਦਾ ਨਾਂ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਬਿੱਲ 2018 ਵਿੱਚ ਸੇਂਟ ਲਾਅਰੈਂਸ ਵਿੱਚ ਇੱਕ ਬੋਟਿੰਗ ਹਾਦਸੇ ਵਿੱਚ ਮਾਰੇ ਗਏ 11 ਸਾਲਾ ਜੋਸ਼ੂਆ ਸਟੇਨਬਰਗ ਨਾ ਦੇ ਲੜਕੇ ਦੇ ਸਨਮਾਨ ਵਿੱਚ ਲਿਆਂਦਾ ਗਿਆ ਹੈ।
ਘਮਾਰੀ ਨੇ 25 ਅਪਰੈਲ ਨੂੰ ਵਿਧਾਨਸਭਾ ਵਿੱਚ ਆਖਿਆ ਸੀ ਕਿ ਜੋਸ਼ੂਆ ਨੇ ਹਾਦਸੇ ਵਾਲੇ ਦਿਨ ਸਾਰਾ ਸਮਾਂ ਲਾਈਫਜੈਕੇਟ ਪਾਈ ਹੋਈ ਸੀ ਪਰ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਉਸ ਦੇ ਜੈਕੇਟ ਨਹੀਂ ਸੀ ਪਾਈ ਹੋਈ।