Breaking News
Home / ਜੀ.ਟੀ.ਏ. ਨਿਊਜ਼ / ਕਾਮਾਗਾਟਾ ਮਾਰੂ ਘਟਨਾ ਦੇ ਇਤਿਹਾਸ ਦਾ ਸ਼ੀਸ਼ਾ ਬਣਿਆ ਬਰੈਂਪਟਨ ਦਾ ਪਾਰਕ

ਕਾਮਾਗਾਟਾ ਮਾਰੂ ਘਟਨਾ ਦੇ ਇਤਿਹਾਸ ਦਾ ਸ਼ੀਸ਼ਾ ਬਣਿਆ ਬਰੈਂਪਟਨ ਦਾ ਪਾਰਕ

ਬਰੈਂਪਟਨ ਵਿਖੇ ਕਾਮਾਗਾਟਾ ਮਾਰੂ ਪਾਰਕ ਦਾ ਉਦਘਾਟਨ, ਘਟਨਾ ਦੇ ਪੀੜਤਾਂ ਦੇ ਚਾਰ ਪਰਿਵਾਰਕ ਮੈਂਬਰਾਂ ਦਾ ਸਨਮਾਨ
ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵਿਖੇ ਕਾਮਾਗਾਟਾ ਮਾਰੂ ਪਾਰਕ ਦਾ ਉਦਘਾਟਨ ਕੀਤਾ ਗਿਆ। ਇਹ ਪਾਰਕ ਨਿਊ ਸਪਰਿੰਗਡੇਲ ਲਾਇਬ੍ਰੇਰੀ ਦੇ ਨੇੜੇ ਹੈ, ਜਿਸ ਵਿੱਚ ਖੇਡ ਮੈਦਾਨ, ਸਪਲੈਸ਼ ਪੂਲ, ਰਿਫਲੈਕਸ਼ਨ ਪੌਂਡ, ਕਾਮਾਗਾਟਾ ਮਾਰੂ ਘਟਨਾ ਦੇ ਇਤਿਹਾਸ ਨੂੰ ਦਿਖਾਉਂਦੀਆਂ ਹੋਈਆਂ ਯਾਦਗਾਰਾਂ ਹਨ। 1914 ਵਿੱਚ ਕਾਮਾਗਾਟਾ ਮਾਰੂ ਜਹਾਜ਼ ‘ਚ ਸਵਾਰ 376 ਭਾਰਤੀਆਂ ਨੂੰ ਉਸ ਸਮੇਂ ਦੇ ਨਸਲੀ ਕਾਨੂੰਨਾਂ ਕਾਰਨ ਇੱਥੋਂ ਵਾਪਸ ਕਲਕੱਤਾ ਭੇਜ ਦਿੱਤਾ ਗਿਆ ਸੀ ਜਿੱਥੇ ਇੰਡੀਅਨ ਇੰਪੀਰੀਅਲ ਪੁਲਿਸ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ 20 ਸਿੱਖਾਂ ਦੀ ਮੌਤ ਹੋ ਗਈ ਸੀ।
ਰਿਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਇਸ ਪਾਰਕ ਨੂੰ ਸਮੁੱਚੇ ਭਾਈਚਾਰੇ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ‘ਕਾਮਾਗਾਟਾ ਮਾਰੂ ਪਾਰਕ ਨਾ ਸਿਰਫ਼ ਇਸ ਦੇਸ਼ ਵਿੱਚ ਦੱਖਣੀ ਏਸ਼ੀਆਈ ਲੋਕਾਂ, ਬਲਕਿ ਉਨ੍ਹਾਂ ਸਮੁੱਚੇ ਪਰਵਾਸੀਆਂ ਜਿਹੜੇ ਕੈਨੇਡਾ ਵਿੱਚ ਆਪਣੇ ਅਤੇ ਆਪਣੇ ਪਰਿਵਾਰਾਂ ਦਾ ਭਵਿੱਖ ਵਧੀਆ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਸਾਰਿਆਂ ਦੀ ਪ੍ਰਤੀਨਿਧਤਾ ਕਰਦੀ ਹੈ।
ਸਰੀ, ਬੀਸੀ ਤੋਂ ਆਏ ਕਾਮਾਗਾਟਾ ਮਾਰੂ ਸੁਸਾਇਟੀ ਦੇ ਬੁਲਾਰੇ ਰਾਜ ਤੂਰ ਨੇ ਕਿਹਾ ਕਿ ਬਰੈਂਪਟਨ ਦੀ ਇਸ ਪਹਿਲ ਨੇ ਸਰੀ ਵਿੱਚ ਵੀ ਕਾਮਾਗਾਟਾ ਮਾਰੂ ਦੇ ਨਾਂ ‘ਤੇ ਪਾਰਕ ਜਾਂ ਗਲੀ ਦਾ ਨਾਂ ਰੱਖਣ ਦਾ ਰਸਤਾ ਖੋਲ੍ਹ ਦਿੱਤਾ ਹੈ, ਜਿੱਥੇ ਹਾਲ ਹੀ ਵਿੱਚ ਸਿਟੀ ਕੌਂਸਲ ਨੇ ਇਸਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਨੇ ਇਸ ਪਹਿਲ ਲਈ ਕੌਂਸਲਰ ਢਿੱਲੋਂ ਦਾ ਸ਼ੁਕਰੀਆ ਅਦਾ ਕੀਤਾ।
ਇਸ ਮੌਕੇ ‘ਤੇ ਮੇਅਰ ਪੈਟਰਿਕ ਬਰਾਊਨ, ਬਰੈਂਪਟਨ ਕੌਂਸਲਰ ਹਰਕੀਰਤ ਸਿੰਘ, ਪੈਟ ਫੋਰਟੀਨੀ, ਚਾਰਮੇਨੀ ਵਿਲੀਅਮਜ਼, ਐੱਮਪੀਪੀਜ਼ ਸਾਰਾ ਸਿੰਘ, ਅਮਰਜੋਤ ਸੰਧੂ, ਐਮਪੀਜ਼ ਕਮਲ ਖਹਿਰਾ, ਸੋਨੀਆ ਸਿੱਧੂ, ਰੂਬੀ ਸਹੋਤਾ, ਬਰੈਂਪਟਨ ਫਾਇਰ ਅਸਿਸਟੈਂਟ ਡਿਪਟੀ ਰਵਜੋਤ ਸਿੰਘ ਛੱਤਵਾਲ, ਸਕੂਲ ਟਰੱਸਟੀ ਬਲਬੀਰ ਸੋਹੀ ਅਤੇ ਓਕਵਿਲੇ ਕੌਂਸਲਰ ਜਸਵਿੰਦਰ ਕੌਰ ਸੰਧੂ ਮੌਜੂਦ ਸਨ। ਇਸ ਦੌਰਾਨ ਕਾਮਾਗਾਟਾ ਮਾਰੂ ਘਟਨਾ ਦੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਿਮਰਤ ਕੌਰ ਰੰਧਾਵਾ (ਬਾਬਾ ਗੁਰਦਿੱਤ ਸਿੰਘ ਦੀ ਪੜਪੋਤੀ), ਰਜਨੀ ਸ਼ਰਮਾ (ਭਗਤ ਕਾਂਸੀ ਰਾਮ ਜੋਸ਼ੀ ਦੀ ਪੜਪੋਤੀ), ਰਾਜ ਤੂਰ (ਪੂਰਨ ਸਿੰਘ ਜਨੇਤਪੁਰ ਦਾ ਪੋਤਾ), ਚਰਨਜੀਤ ਸਿੰਘ ਢਿੱਲੋਂ (ਤੇਜਾ ਸਿੰਘ ਦਾ ਪੋਤਾ) ਨੂੰ ਪੌਦੇ ਦੇ ਕੇ ਸਨਮਾਨਤ ਕੀਤਾ ਗਿਆ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …