ਟੋਰਾਂਟੋ/ਬਿਊਰੋ ਨਿਊਜ਼ : ਲੌਕਡਾਊਨ ਤੋਂ ਬਾਅਦ ਓਨਟਾਰੀਓ ਵਿਚ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਬਾਰੇ ਵਿਚਾਰਾਂ ਹੋ ਰਹੀਆਂ ਹਨ ਅਤੇ ਓਨਟਾਰੀਓ ਸਰਕਾਰ ਸਕੂਲਾਂ ਨੂੰ ਖੋਲ੍ਹਣ ਬਾਰੇ ਜਲਦ ਫੈਸਲਾ ਲੈ ਸਕਦੀ ਹੈ। ਓਨਟਾਰੀਓ ਸਰਕਾਰ ਟੋਰਾਂਟੋ ਤੇ ਪੀਲ ਰੀਜਨ ਵਿੱਚ ਇਨ ਪਰਸਨ ਲਰਨਿੰਗ ਨੂੰ ਹਾਲ ਦੀ ਘੜੀ ਟਾਲਣਾ ਚਾਹੁੰਦੀ ਹੈ ਜਦਕਿ ਦੱਖਣੀ ਓਨਟਾਰੀਓ ਦੇ ਹੋਰਨਾਂ ਹਿੱਸਿਆਂ ਵਿੱਚ ਸਕੂਲਾਂ ਨੂੰ ਅਗਲੇ ਹਫਤੇ ਖੋਲ੍ਹਣ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਭਾਵੇਂ ਪ੍ਰੋਵਿੰਸ ਟੋਰਾਂਟੋ ਤੇ ਪੀਲ ਰੀਜਨ ਵਿੱਚ ਹਾਲ ਦੀ ਘੜੀ ਸਕੂਲ ਖੋਲ੍ਹਣ ਦੇ ਹੱਕ ਵਿੱਚ ਨਹੀਂ ਹੈ ਪਰ ਇਸ ਫੈਸਲੇ ਨੂੰ ਕੈਬਨਿਟ ਵੱਲੋਂ ਮਨਜੂਰੀ ਦੇਣੀ ਬਾਕੀ ਹੈ। ਗੱਲਬਾਤ ਕਰਦਿਆਂ ਪ੍ਰੀਮੀਅਰ ਡੱਗ ਫੋਰਡ ਨੇ ਸੰਕੇਤ ਦਿੱਤੇ ਕਿ ਦੱਖਣੀ ਓਨਟਾਰੀਓ ਦੇ ਬਾਕੀ ਦੇ ਸਕੂਲਾਂ ਨੂੰ ਮੁੜ ਖੋਲ੍ਹਣ ਬਾਰੇ ਘੱਟੋ-ਘੱਟ ਦੋ ਤਰੀਕਾਂ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਕੋਵਿਡ-19 ਮਾਮਲਿਆਂ ਦੇ ਅੰਕੜੇ ਹੇਠਾਂ ਆ ਜਾਣ। ਸਾਨੂੰ ਚੀਫ ਮੈਡੀਕਲ ਅਫੀਸਰ ਤੋਂ ਹਰੀ ਝੰਡੀ ਮਿਲ ਗਈ ਹੈ ਤੇ ਅਸੀਂ ਸਹੀ ਰਾਹ ਉੱਤੇ ਤੁਰ ਰਹੇ ਹਾਂ।
ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਸੀ ਕਿ ਸਰਕਾਰ ਇਸ ਸਲਾਹ ਦੇ ਆਧਾਰ ਉੱਤੇ ਹੀ ਆਪਣੀ ਰਾਇ ਬਣਾਵੇਗੀ ਤੇ ਸਮਾਂ ਰਹਿੰਦਿਆਂ ਇਸ ਬਾਰੇ ਐਲਾਨ ਕਰੇਗੀ ਤਾਂ ਕਿ ਪੂਰੀ ਤਿਆਰੀ ਕੀਤੀ ਜਾ ਸਕੇ। ਪ੍ਰੀਮੀਅਰ ਡੱਗ ਫੋਰਡ ਨੇ ਇਹ ਆਖਿਆ ਸੀ ਕਿ ਉਹ ਅਜੇ ਵੀ ਇਹ ਫੈਸਲਾ ਨਹੀਂ ਕਰ ਪਾਏ ਹਨ ਕਿ ਆਨਲਾਈਨ ਕਲਾਸਾਂ ਲਗਾ ਰਹੇ ਵਿਦਿਆਰਥੀਆਂ ਨੂੰ ਇਨ ਪਰਸਨ ਕਲਾਸਾਂ ਵਿੱਚ ਪਰਤ ਆਉਣਾ ਚਾਹੀਦਾ ਹੈ? ਓਨਟਾਰੀਓ ਵਿੱਚ ਸਾਰੇ ਵਿਦਿਆਰਥੀਆਂ ਨੇ ਜਨਵਰੀ ਵਿੱਚ ਪ੍ਰੋਵਿੰਸੀਅਲ ਪੱਧਰ ਉੱਤੇ ਲੌਕਡਾਊਨ ਲੱਗ ਜਾਣ ਕਾਰਨ ਆਨਲਾਈਨ ਹੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਉਦੋਂ ਤੋਂ ਹੀ ਪ੍ਰੋਵਿੰਸ ਫਿਜੀਕਲ ਤੌਰ ਉੱਤੇ ਕਲਾਸਾਂ ਖੋਲ੍ਹਣ ਨੂੰ ਲੈ ਕੇ ਦੁਚਿੱਤੀ ਵਿੱਚ ਹੈ। ਇਸ ਲਈ ਪ੍ਰੋਵਿੰਸ ਵੱਲੋਂ ਉੱਤਰੀ ਓਨਟਾਰੀਓ ਤੇ ਪੇਂਡੂ ਇਲਾਕਿਆਂ ਦੇ ਸਕੂਲ ਪਹਿਲਾਂ ਖੋਲ੍ਹੇ ਗਏ ਕਿਉਂਕਿ ਉੱਥੇ ਕੇਸਾਂ ਦੀ ਦਰ ਘੱਟ ਸੀ। ਵੱਖ-ਵੱਖ ਪਬਲਿਕ ਹੈਲਥ ਯੂਨਿਟਸ ਨਾਲ ਸਬੰਧਤ 280,000 ਵਿਦਿਆਰਥੀ ਕਲਾਸਾਂ ਵਿੱਚ ਪਰਤ ਆਏ ਹਨ।
ਮਾਹਿਰਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜੇ ਓਨਟਾਰੀਓ ਦੇ ਹੌਟਸਪੌਟ ਮੰਨੇ ਜਾ ਰਹੇ ਇਲਾਕਿਆਂ ਨੂੰ ਦੁਬਾਰਾ ਸੁਰੱਖਿਅਤ ਢੰਗ ਨਾਲ ਖੋਲ੍ਹਿਆ ਜਾਣਾ ਹੈ ਤਾਂ ਸਕੂਲਾਂ ਵਿੱਚ ਵੱਧ ਤੋਂ ਵੱਧ ਕੋਵਿਡ-19 ਟੈਸਟਿੰਗ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …