ਓਟਵਾ/ਬਿਊਰੋ ਨਿਊਜ਼ : ਸਰਕਾਰ ਦੇ 5.3 ਬਿਲੀਅਨ ਡਾਲਰ ਦੇ ਡੈਂਟਲ ਕੇਅਰ ਪ੍ਰੋਗਰਾਮ ਤੋਂ ਜਾਣੂ ਸੂਤਰਾਂ ਦਾ ਕਹਿਣਾ ਹੈ ਕਿ ਐਨਡੀਪੀ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਲਿਬਰਲਾਂ ਵੱਲੋਂ ਆਰਜੀ ਹੱਲ ਕੱਢਣ ਲਈ ਯੋਜਨਾ ਬਣਾਈ ਜਾ ਰਹੀ ਹੈ। ਇਸ ਵਿੱਚ ਰਕਮ ਸਿੱਧੀ ਮਰੀਜ਼ਾਂ ਨੂੰ ਦੇਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
2025 ਤੋਂ ਪਹਿਲਾਂ ਚੋਣਾਂ ਟਾਲਣ ਲਈ ਮਾਰਚ ਵਿੱਚ ਕੀਤੇ ਗਏ ਸਪਲਾਈ ਤੇ ਕੌਨਫੀਡੈਂਸ ਸਮਝੌਤੇ ਤਹਿਤ ਲਿਬਰਲਾਂ ਵੱਲੋਂ ਐਨਡੀਪੀ ਨੂੰ ਇਹ ਵਾਅਦਾ ਕੀਤਾ ਗਿਆ ਸੀ ਕਿ ਘੱਟ ਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਲਈ ਨਵਾਂ ਡੈਂਟਲ ਕੇਅਰ ਪ੍ਰੋਗਰਾਮ ਲਿਆਂਦਾ ਜਾਵੇਗਾ। ਸਰਕਾਰ ਕੋਲ ਇਸ ਸਾਲ ਦੇ ਅੰਤ ਤੱਕ ਦਾ ਸਮਾਂ ਹੈ ਕਿ ਉਹ 90,000 ਡਾਲਰ ਸਾਲਾਨਾਂ ਤੋਂ ਘੱਟ ਆਮਦਨ ਵਾਲੇ ਘਰਾਂ ਦੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕਵਰੇਜ਼ ਮੁਹੱਈਆ ਕਰਵਾਏ। ਜ਼ਿਕਰਯੋਗ ਹੈ ਕਿ ਇਹ ਸ਼ਰਤ ਪੂਰੀ ਨਾ ਕਰਨ ਦੀ ਸੂਰਤ ਵਿੱਚ ਐਨਡੀਪੀ ਵੱਲੋਂ ਡੀਲ ਤੋਂ ਪਾਸੇ ਹੋਣ ਦਾ ਤਹੱਈਆ ਪ੍ਰਗਟਾਇਆ ਗਿਆ ਹੈ। ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਚਾਰ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਰਕਾਰ ਕਿਸੇ ਵੀ ਤਰ੍ਹਾਂ ਇਹ ਡੈੱਡਲਾਈਨ ਪੂਰੀ ਨਹੀਂ ਕਰ ਸਕਦੀ। ਇਸ ਲਈ ਸਰਕਾਰ ਵੱਲੋਂ ਥੋੜ੍ਹੀ ਦੇਰ ਲਈ ਕੋਈ ਵਿਚਲਾ ਰਾਹ ਅਪਣਾਇਆ ਜਾਵੇਗਾ ਤਾਂ ਕਿ ਇਸ ਪ੍ਰੋਗਰਾਮ ਨੂੰ ਪਰਮਾਨੈਂਟ ਤੌਰ ਉੱਤੇ ਲਾਗੂ ਕੀਤਾ ਜਾ ਸਕੇ।
ਇਸ ਦੌਰਾਨ ਐਨਡੀਪੀ ਦੇ ਹੈਲਥ ਕ੍ਰਿਟਿਕ ਡੌਨ ਡੇਵੀਜ਼ ਨੇ ਇਸ ਆਰਜ਼ੀ ਪਲੈਨ ਬਾਰੇ ਤਾਂ ਕੋਈ ਗੱਲ ਨਹੀਂ ਕੀਤੀ ਪਰ ਇੱਕ ਬਿਆਨ ਵਿੱਚ ਆਖਿਆ ਕਿ ਪਾਰਟੀ ਨੇ ਅਜਿਹੇ ਕਈ ਢੰਗ ਲੱਭੇ ਹੋਏ ਹਨ ਜਿਨ੍ਹਾਂ ਨਾਲ ਲੋੜਵੰਦ ਗਰੁੱਪਜ ਨੂੰ ਡੈਂਟਲਕੇਅਰ ਸਮੇਂ ਸਿਰ ਮਿਲ ਸਕੇ। ਡੇਵੀਜ ਨੇ ਆਖਿਆ ਕਿ ਜਦੋਂ ਸਾਲ ਦੇ ਅੰਤ ਵਿੱਚ ਪਾਰਲੀਆਮੈਂਟ ਦੀ ਕਾਰਵਾਈ ਸੁਰੂ ਹੋਵੇਗੀ ਤਾਂ ਉਨ੍ਹਾਂ ਵੱਲੋਂ ਲਿਬਰਲਾਂ ਉੱਤੇ ਡੈਂਟਲ ਕੇਅਰ ਬਿੱਲ ਲਿਆਉਣ ਲਈ ਦਬਾਅ ਪਾਇਆ ਜਾਵੇਗਾ। ਪਿਛਲੇ ਹਫਤੇ ਐਨਡੀਪੀ ਆਗੂ ਜਗਮੀਤ ਸਿੰਘ ਵੀ ਡੈੱਡਲਾਈਨ ਪੂਰੀ ਕਰਨ ਲਈ ਸਿਹਤ ਮੰਤਰੀ ਦੇ ਬਿਆਨ ਦੀ ਤਾਈਦ ਕਰ ਚੁੱਕੇ ਹਨ।