Home / ਜੀ.ਟੀ.ਏ. ਨਿਊਜ਼ / ਕੋਰੋਨਾ ਵਾਇਰਸ-ਕੈਨੇਡਾ ਵੀ ਹੋਇਆ ਚੌਕੰਨਾ

ਕੋਰੋਨਾ ਵਾਇਰਸ-ਕੈਨੇਡਾ ਵੀ ਹੋਇਆ ਚੌਕੰਨਾ

ਕੋਰੋਨਾ ਵਾਇਰਸ ਦੇ 27 ਮਾਮਲੇ ਆਏ ਸਾਹਮਣੇ, ਗਿਣਤੀ ਵਧਣ ਦਾ ਖਦਸ਼ਾ, ਇਕੱਲੇ ਉਨਟਾਰੀਓ ਵਿੱਚ ਹੀ ਕੋਰੋਨਾ ਦੇ 18 ਸ਼ੱਕੀ ਮਰੀਜ਼
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਕੁੱਲ 27 ਮਾਮਲੇ ਸਾਹਮਣੇ ਆਏ ਹਨ। ਉਨਟਾਰੀਓ ਵਿਚ ਇਸ ਵਾਇਰਸ ਦੇ 18 ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਵਿਚ 8 ਅਤੇ ਕਿਊਬਿਕ ਵਿਚ ਇਕ ਸ਼ੱਕੀ ਮਰੀਜ਼ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਨੇ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ।
ਉਨਟਾਰੀਓ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ। ਪ੍ਰੋਵਿੰਸ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ. ਡੇਵਿਡ ਵਿਲੀਅਮਜ਼ ਨੇ ਇਹ ਵੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਸ਼ੱਕੀ ਮਰੀਜ਼ਾਂ ਵਿਚ ਸਾਰੇ ਉਹ ਵਿਅਕਤੀ ਹਨ ਜਿਨ੍ਹਾਂ ਨੇ ਇਰਾਨ ਜਾਂ ਮਿਸਰ ਦਾ ਦੌਰਾ ਕੀਤਾ ਜਾਂ ਇਨ੍ਹਾਂ ਦੇਸ਼ਾਂ ਦਾ ਦੌਰਾ ਕਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਵਾਇਰਸ ਹੋਇਆ। ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦਾ ਕਹਿਣਾ ਹੈ ਕਿ ਓਨਟਾਰੀਓ ਵਿੱਚ ਅਜੇ ਤੱਕ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਇਸ ਸਮੇਂ ਕੋਵਿਡ-19 ਨਾਂ ਦਾ ਇਹ ਵਾਇਰਸ ਲੋਕਲ ਪੱਧਰ ਉੱਤੇ ਫੈਲ ਰਿਹਾ ਹੈ। ਪਰ ਇਹ ਉਨ੍ਹਾਂ ਲੋਕਾਂ ਦੇ ਨਜ਼ਦੀਕੀਆਂ ਵਿੱਚ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਜਿਹੜੇ ਪਹਿਲਾਂ ਤੋਂ ਹੀ ਵਾਇਰਸ ਦੇ ਸ਼ਿਕਾਰ ਹਨ। ਉਨ੍ਹਾਂ ਆਖਿਆ ਕਿ ਪ੍ਰੋਵਿੰਸ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਆਖਿਆ ਕਿ ਜੇ ਹੋਰਨਾਂ ਇਲਾਕਿਆਂ ਤੋਂ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਹੈ ਤਾਂ ਅਸੀਂ ਅਗਲੇ ਪੜਾਅ ਉੱਤੇ ਪਹੁੰਚ ਜਾਵਾਂਗੇ। ਪਰ ਅਸੀਂ ਬੜੀ ਸਾਵਧਾਨੀ ਨਾਲ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਾਂ। ਐਲੀਅਟ ਨੇ ਐਲਾਨ ਕੀਤਾ ਕਿ ਇਕ ਨਵਾਂ ਬਿਊਰੋਕ੍ਰੈਟਿਕ ਢਾਂਚਾ ਇਸ ਵਾਇਰਸ ਨਾਲ ਡੀਲ ਕਰਨ ਲਈ ਮੌਜੂਦ ਹੈ। ਜ਼ਿਕਰਯੋਗ ਹੈ ਕਿ ਪ੍ਰੋਵਿੰਸ ਦੇ ਪਹਿਲੇ ਚਾਰ ਮਾਮਲੇ ਉਹ ਸਨ ਜਿਨ੍ਹਾਂ ਲੋਕਾਂ ਨੇ ਚੀਨ ਦਾ ਸਫਰ ਕੀਤਾ ਸੀ, ਜਿੱਥੇ ਆਊਟਬ੍ਰੇਕ ਹੋਈ ਸੀ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਤਿੰਨ ਨੂੰ ਵਾਇਰਸ ਤੋਂ ਪੂਰੀ ਤਰ੍ਹਾਂ ਮੁਕਤ ਕਰਾਰ ਦਿੱਤਾ ਜਾ ਚੁੱਕਿਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …