Breaking News
Home / ਸੰਪਾਦਕੀ / ਧਰਤੀ ਹੇਠਲੇ ਪਾਣੀ ਨੂੰ ਲੈ ਕੇ ਪੰਜਾਬ ਖ਼ਤਰੇ ‘ਚ!

ਧਰਤੀ ਹੇਠਲੇ ਪਾਣੀ ਨੂੰ ਲੈ ਕੇ ਪੰਜਾਬ ਖ਼ਤਰੇ ‘ਚ!

ਪੰਜਾਂ ਦਰਿਆਵਾਂ ਦੇ ਰਾਖੇ ਕਹਾਉਣ ਵਾਲੇ ਪੰਜਾਬੀਆਂ ਦੀ ਪਾਣੀ ਪੱਖੋਂ ਸਥਿਤੀ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜੇਕਰ ਸਰਕਾਰ ਤੇ ਲੋਕ ਇਸ ਸਬੰਧੀ ਗੰਭੀਰ ਨਾ ਹੋਏ ਤਾਂ ਇਕ ਦਿਨ ਅਜਿਹਾ ਵੀ ਆ ਸਕਦਾ ਹੈ ਜਦੋਂ ਪੰਜਾਂ ਦਰਿਆਵਾਂ ਦੇ ਰਾਖੇ ਪੰਜਾਬੀਆਂ ਨੂੰ ਪਾਣੀ ਤੋਂ ਹੱਥ ਧੋਣੇ ਪੈ ਸਕਦੇ ਹਨ। ਪਾਣੀ ਦੀ ਹੋ ਰਹੀ ਬੇਲੋੜੀ ਵਰਤੋਂ ਕਾਰਨ ਹਰ ਸਾਲ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਲਗਭਗ 50 ਤੋਂ 55 ਸੈਂਟੀਮੀਟਰ ਡੂੰਘਾ ਹੋ ਰਿਹਾ ਹੈ, ਜੋ ਆਉਣ ਵਾਲੇ ਕੁਝ ਸਾਲਾਂ ਵਿਚ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਇਸ ਦੇ ਨਾਲ ਪਾਣੀ ਦੇ ਦੂਸ਼ਿਤ ਹੋਣ ਦੀ ਸਮੱਸਿਆ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਧਰਤੀ ਹੇਠਲਾ ਪਾਣੀ 200 ਤੋਂ 300 ਫੁੱਟ ਡੂੰਘਾ ਹੋ ਚੁੱਕਾ ਹੈ। ਲੁਧਿਆਣਾ ਵਰਗੇ ਸਨਅਤੀ ਸ਼ਹਿਰ ਵਿਚ ਫੈਕਟਰੀਆਂ ਤੇ ਕਾਰਖਾਨੇਦਾਰ ਸਮਾਨ ਨੂੰ ਸਾਫ ਕਰਨ ਲਈ ਲੱਖਾਂ ਲੀਟਰ ਪਾਣੀ ਬਰਬਾਦ ਕਰ ਰਹੇ ਹਨ। ਧਰਤੀ ਦੀ ਹਿੱਕ ਵਿਚੋਂ ਜਿੰਨਾ ਪਾਣੀ ਕੱਢਿਆ ਜਾ ਰਿਹਾ ਓਨਾ ਪਾਣੀ ਵਾਪਸ ਨਹੀਂ ਜਾ ਰਿਹਾ।
ਪੰਜਾਬ ਵਿਚ ਤਕਰੀਬਨ 15 ਲੱਖ ਟਿਊਬਵੈੱਲ ਹਨ। ਇਹ ਗਿਣਤੀ 1970 ਤੋਂ ਅੱਠ ਗੁਣਾ ਵੱਧ ਹੈ। ਧਰਤੀ ਹੇਠ ਜਾ ਰਹੇ ਪਾਣੀ ਨਾਲੋਂ ਕਿਤੇ ਵੱਧ ਪਾਣੀ ਇਸ ਵਿੱਚੋਂ ਕੱਢਿਆ ਜਾ ਰਿਹਾ ਹੈ। ਇਸ ਲਈ ਪੰਜਾਬ ਦੇ 75 ਫ਼ੀਸਦੀ ਬਲਾਕਾਂ ਵਿਚ ਜ਼ਮੀਨ ਹੇਠਲਾ ਪਾਣੀ ਭਿਆਨਕ ਹੱਦ ਤੱਕ ਘੱਟ ਹੈ ਅਤੇ ਇਨ੍ਹਾਂ ਨੂੰ ‘ਅਤਿ ਸ਼ੋਸ਼ਿਤ’ ਜਾਂ ‘ਡਾਰਕ ਜ਼ੋਨ’ ਦਾ ਨਾਂਅ ਦਿੱਤਾ ਗਿਆ ਹੈ। 1970ਵਿਆਂ ਵਿਚ ਪੰਜਾਬ ਦੇ ਸਿਰਫ਼ 3 ਫ਼ੀਸਦੀ ਖੇਤਰ ਵਿਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਦਸ ਮੀਟਰ ਤੋਂ ਹੇਠਾਂ ਸੀ ਜੋ 2015 ਵਿਚ ਵੱਧ ਕੇ 86 ਫ਼ੀਸਦੀ ਹੋ ਗਿਆ। ਇਹ ਪੇਸ਼ੀਨਗੋਈਆਂ ਹਨ ਕਿ 2025 ਤੱਕ ਸੂਬੇ ਦੇ 90 ਫ਼ੀਸਦੀ ਖੇਤਰ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਦਸ ਮੀਟਰ ਤੋਂ ਹੇਠਾਂ ਹੋ ਜਾਵੇਗਾ।
ਗਲੇਸ਼ੀਅਰਾਂ ਤੋਂ ਨਿਕਲਣ ਵਾਲਾ ਪਵਿੱਤਰ ਪਾਣੀ ਵੀ ਦਰਿਆਵਾਂ ‘ਚ ਸਨਅਤਾਂ ਦੇ ਰਸਾਇਣਿਕ ਤਰਲ ਦੇ ਨਿਕਾਸ ਦੀ ਮਾਰ ਕਾਰਨ ਜ਼ਹਿਰੀਲਾ ਹੋ ਰਿਹਾ ਹੈ। ਇਕ ਅਨੁਮਾਨ ਮੁਤਾਬਕ ਰੋਜ਼ਾਨਾ 1 ਹਜ਼ਾਰ 44 ਮਿਲੀਅਨ ਲੀਟਰ ਪ੍ਰਦੂਸ਼ਿਤ ਪਾਣੀ ਸਤਿਲੁਜ ਅਤੇ ਬਿਆਸ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ। ਇਹ ਪਾਣੀ ਬੁੱਢਾ ਨਾਲਾ, ਚਿੱਟੀ ਅਤੇ ਕਾਲੀ ਵੇਈਂ, ਕਾਲਾ ਸੰਘਿਆ ਡਰੇਨ, ਕਿਰਨ ਨਾਲਾ, ਚੱਕੀ ਨਦੀ, ਸਾਕੀ ਨਾਲਾ ਆਦਿ ਤੋਂ ਸਿੱਧਾ ਸਤਿਲੁਜ ਅਤੇ ਬਿਆਸ ਵਿਚ ਆ ਰਿਹਾ ਹੈ। ਇਹ ਪਾਣੀ ਪੰਜਾਬ ਦੇ ਮਾਲਵਾ ਖੇਤਰ ਵਿਚ ਪਹੁੰਚ ਕੇ ਕੈਂਸਰ ਦੀ ਫ਼ਸਲ ਪੈਦਾ ਕਰ ਰਿਹਾ ਹੈ। ਉਤਰੀ ਭਾਰਤ ਦਾ ਸਭ ਤੋਂ ਵੱਡਾ ਵੇਟਲੈਂਡ ਹਰੀਕੇ ਪੱਤਣ, ਜੋ ਕਿ ਬਿਆਸ ਅਤੇ ਸਤਿਲੁਜ ਦਰਿਆਵਾਂ ਦੀਆਂ ਹੇਠਲੀਆਂ ਧਾਰਾਵਾਂ ‘ਤੇ ਨਿਰਭਰ ਹੈ, ਇਥੋਂ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਚੁੱਕਾ ਹੈ। ਹਰੀਕੇ ਪੱਤਣ ਅਤੇ ਹੁਸੈਨੀਵਾਲਾ ਹੈਡਵਰਕਸ ਤੋਂ ਪ੍ਰਦੂਸ਼ਿਤ ਹੋ ਚੁੱਕਾ ਪਾਣੀ ਨਹਿਰਾਂ ਰਾਹੀਂ ਬਾਕੀ ਪੰਜਾਬ ਅਤੇ ਹੋਰ ਥਾਵਾਂ ‘ਤੇ ਸਿੰਜਾਈ ਲਈ ਭੇਜਿਆ ਜਾਂਦਾ ਹੈ। ਜੇਕਰ ਪੰਜਾਬ ਨੇ ਇਸ ਗੰਭੀਰ ਸੰਕਟ ਵੱਲ ਛੇਤੀ ਧਿਆਨ ਨਾ ਦਿੱਤਾ ਤਾਂ ਬਹੁਤ ਛੇਤੀ ਹਰਿਆ-ਭਰਿਆ ਪੰਜਾਬ ਇਕ ਦਿਨ ਮਾਰੂਥਲ ਵਿਚ ਬਦਲ ਜਾਵੇਗਾ।
ਜਲ ਸੰਕਟ ਦਾ ਹੱਲ ਕੱਢਣ ਲਈ ਪੰਜਾਬ ਨੂੰ ਇਜ਼ਰਾਈਲ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਪਾਣੀ ਦੀ ਸਾਂਭ-ਸੰਭਾਲ ਅਤੇ ਸੁਚੱਜੀ ਵਰਤੋਂ ਲਈ ਇਜ਼ਰਾਈਲ ਦੁਨੀਆ ਵਿਚ ਸਭ ਤੋਂ ਮੋਹਰੀ ਮੁਲਕ ਹੈ। ਇਸ ਅਰਧ ਮਾਰੂਥਲੀ ਦੇਸ਼ ਵਿਚ ਕੋਈ ਵੱਡਾ ਦਰਿਆ ਵੀ ਨਹੀਂ ਹੈ ਤੇ ਮੀਂਹ ਵੀ ਬਹੁਤ ਘੱਟ ਪੈਂਦਾ ਹੈ। ਇਕ ਦਹਾਕਾ ਪਹਿਲਾਂ ਤੱਕ ਇਜ਼ਰਾਈਲ ਵਿਚ ਪਾਣੀ ਦੀ ਭਾਰੀ ਕਿੱਲਤ ਸੀ। ਪਾਣੀ ਸਬੰਧੀ ਲੋਕਾਂ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਨ। ਘਰਾਂ ਵਿਚ ਜ਼ਿਆਦਾ ਪਾਣੀ ਵਰਤਣ, ਬਗੀਚੇ ਸਿੰਜਣ, ਸਵਿਮਿੰਗ ਪੂਲ ਭਰਨ, ਕਾਰਾਂ ਧੋਣ ਅਤੇ ਪਾਈਪ ਲੀਕ ਹੋਣ ਆਦਿ ‘ਤੇ ਭਾਰੀ ਜ਼ੁਰਮਾਨੇ ਲਗਾਏ ਜਾਂਦੇ ਸਨ। ਖੇਤੀਬਾੜੀ ਲਈ ਬਹੁਤ ਘੱਟ ਪਾਣੀ ਵਰਤਿਆ ਜਾਂਦਾ ਸੀ। ਪਰ ਹੁਣ ਉਸ ਦੇਸ਼ ਵਿਚ ਪਾਣੀ ਦੀ ਕੋਈ ਕਮੀ ਨਹੀਂ ਹੈ। ਹੁਣ ਇਜ਼ਰਾਈਲ ਦਾ 60 ਫ਼ੀਸਦੀ ਪੀਣ ਯੋਗ ਪਾਣੀ ਸਮੁੰਦਰ ਤੋਂ ਪ੍ਰਾਪਤ ਕੀਤਾ ਜਾਂਦਾ ਹੈ।
ਇਜ਼ਰਾਈਲ ਵਿਚ 2005 ਤੋਂ ਲੈ ਕੇ 2012 ਤੱਕ ਭਿਆਨਕ ਸੋਕਾ ਪਿਆ ਸੀ ਜਿਸ ਨੇ ਇਸ ਮੁਲਕ ਨੂੰ ਗ਼ੈਰ-ਰਵਾਇਤੀ ਤਰੀਕੇ ਅਪਣਾ ਕੇ ਪਾਣੀ ਦਾ ਪ੍ਰਬੰਧ ਕਰਨ ਲਈ ਪ੍ਰੇਰਿਤ ਕੀਤਾ। ਹੋਰ ਕਿਸੇ ਪਾਸੇ ਤੋਂ ਪਾਣੀ ਨਾ ਮਿਲਦਾ ਵੇਖ ਕੇ ਇਜ਼ਰਾਈਲ ਨੇ ਸਮੁੰਦਰ ਦਾ ਨਮਕੀਨ ਪਾਣੀ ਸਾਫ਼ ਕਰਨ ਦੇ ਪ੍ਰਾਜੈਕਟ ਲਾਉਣੇ ਸ਼ੁਰੂ ਕਰ ਦਿੱਤੇ। ਹੁਣ ਤੱਕ ਚਾਰ ਪਲਾਂਟ ਚਾਲੂ ਕੀਤੇ ਜਾ ਚੁੱਕੇ ਹਨ ਤੇ ਪੰਜਵਾਂ 2020 ਤੱਕ ਚੱਲ ਪਵੇਗਾ। ਇਨ੍ਹਾਂ ਪਲਾਂਟਾਂ ਦੁਆਰਾ 200 ਕਰੋੜ ਗੈਲਨ ਪਾਣੀ ਸਾਲਾਨਾ ਸਾਫ਼ ਕੀਤਾ ਜਾ ਰਿਹਾ ਹੈ। ਸਮੁੰਦਰੀ ਪਾਣੀ ਨੂੰ ਇਨ੍ਹਾਂ ਪਲਾਂਟਾਂ ਵਿਚ ਖਿੱਚ ਕੇ ਬਹੁਤ ਵੱਡੇ ਆਰ.ਓ. ਸਿਸਟਮ ਦੁਆਰਾ ਲੂਣ ਅਤੇ ਹੋਰ ਹਾਨੀਕਾਰਕ ਖਣਿਜ ਅਲੱਗ ਕਰਕੇ ਸਾਫ਼ ਪਾਣੀ ਇਨਸਾਨੀ ਵਰਤੋਂ ਲਈ ਭੇਜ ਦਿੱਤਾ ਜਾਂਦਾ ਹੈ। ਇਸ ਕਿਰਿਆ ਦੁਆਰਾ ਧਰਤੀ ਵਿਚੋਂ ਪਾਣੀ ਖਿੱਚਣ ਜਾਂ ਬਰਸਾਤੀ ਪਾਣੀ ਨੂੰ ਸਟੋਰ ਕਰਨ ਨਾਲੋਂ ਖ਼ਰਚ ਥੋੜ੍ਹਾ ਜ਼ਿਆਦਾ ਆਉਂਦਾ ਹੈ ਪਰ ਇਸ ਦਾ ਫ਼ਾਇਦਾ ਇਹ ਹੈ ਕਿ ਸਮੁੰਦਰੀ ਪਾਣੀ ਕਦੀ ਵੀ ਖ਼ਤਮ ਨਹੀਂ ਹੋ ਸਕਦਾ। ਸਗੋਂ ਗਲੋਬਲ ਵਾਰਮਿੰਗ ਕਾਰਨ ਧਰੁਵਾਂ ਦੀ ਬਰਫ਼ ਪਿਘਲਣ ਕਾਰਨ ਹਰ ਸਾਲ ਸਮੁੰਦਰ ਦਾ ਪੱਧਰ ਵੱਧਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਜ਼ਰਾਈਲ ਸੀਵਰੇਜ਼ ਦੇ ਪਾਣੀ ਨੂੰ ਸਾਫ਼ ਕਰਕੇ ਖੇਤੀ ਲਈ ਵਰਤਣ ਵਿਚ ਵੀ ਸੰਸਾਰ ਦਾ ਨੰਬਰ ਇਕ ਦੇਸ਼ ਬਣ ਕੇ ਉੱਭਰਿਆ ਹੈ। ਇਹ 90 ਫ਼ੀਸਦੀ ਗੰਦੇ ਪਾਣੀ ਨੂੰ ਸੋਧ ਕੇ ਦੁਬਾਰਾ ਖੇਤੀਬਾੜੀ ਲਈ ਵਰਤਦਾ ਹੈ। ਪਹਿਲਾਂ ਇਜ਼ਰਾਈਲ ਵਿਚ ਪੀਣ ਵਾਲਾ ਪਾਣੀ ਪਹਾੜਾਂ-ਝੀਲਾਂ ਤੋਂ ਤੱਟਵਰਤੀ ਖੁਸ਼ਕ ਸ਼ਹਿਰਾਂ ਨੂੰ ਭੇਜਿਆ ਜਾਂਦਾ ਸੀ, ਪਰ ਹੁਣ ਸਮੁੰਦਰ ਕੰਢੇ ਦੇ ਪਲਾਂਟਾਂ ਤੋਂ ਵਾਧੂ ਪਾਣੀ ਪਹਾੜੀ ਸ਼ਹਿਰਾਂ ਵੱਲ ਭੇਜਿਆ ਜਾ ਰਿਹਾ ਹੈ। ਭਾਰਤ ਦੇ ਗਲੇਸ਼ੀਅਰ ਖੁਰਦੇ ਜਾ ਰਹੇ ਹਨ, ਮੀਂਹ ਹਰ ਸਾਲ ਘੱਟ ਹੋ ਰਿਹਾ ਹੈ ਤੇ ਦਰਿਆਵਾਂ ਵਿਚ ਪਾਣੀ ਦਾ ਵਹਾਅ ਨਿਰੰਤਰ ਘਟਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਧਰਤੀ ਹੇਠਲਾ ਪਾਣੀ ਲਗਾਤਾਰ ਹੋ ਰਹੀ ਭਿਆਨਕ ਦੁਰਵਰਤੋਂ ਕਾਰਨ ਕੁਝ ਸਾਲਾਂ ਵਿਚ ਖ਼ਤਮ ਹੋ ਜਾਵੇਗਾ। ਪੰਜਾਬ ਨੂੰ ਪਾਣੀ ਦੇ ਮਾਮਲੇ ‘ਚ ਆਪਣੀ ਗੰਭੀਰ ਸਥਿਤੀ ਨੂੰ ਦੇਖਦਿਆਂ ਇਜ਼ਰਾਈਲ ਵਰਗੇ ਦੇਸ਼ ਤੋਂ ਸਬਕ ਲੈ ਕੇ ਫੌਰੀ ਤੌਰ ‘ਤੇ ਪਾਣੀ ਦੀ ਸਾਂਭ-ਸੰਭਾਲ ਲਈ ਲੋੜੀਂਦੇ ਅਤੇ ਯੋਗ ਉਪਰਾਲੇ ਕਰਨੇ ਚਾਹੀਦੇ ਹਨ। ਝੋਨੇ ਦੀ ਫ਼ਸਲ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਨਿਚੋੜ ਰਹੀ ਹੈ। ਪੰਜਾਬ ਨੂੰ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਨਿਕਲਣਾ ਪਵੇਗਾ। ਪੰਜਾਬ ਦੇ ਜ਼ਹਿਰੀਲੇ ਹੋ ਰਹੇ ਦਰਿਆਵਾਂ ਦੇ ਪਾਣੀ ਦੀ ਸਵੱਛਤਾ ਦੇ ਲਈ ਉਪਰਾਲੇ ਕਰਨੇ ਚਾਹੀਦੇ ਹਨ। ਸੀਵਰੇਜ਼ ਦੇ ਜਲ ਨੂੰ ਸ਼ੁੱਧ ਕਰਕੇ ਖੇਤੀਬਾੜੀ ਲਈ ਵਰਤਣ ਲਈ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ। ਉਦਯੋਗਾਂ ਵਿਚੋਂ ਨਿਕਲਦੇ ਜ਼ਹਿਰੀਲੇ ਪਾਣੀ ਨੂੰ ਸ਼ੁੱਧ ਕਰਨ ਲਈ ਉਦਯੋਗਪਤੀਆਂ ਨੂੰ ਪਾਬੰਦ ਬਣਾਉਣਾ ਚਾਹੀਦਾ ਹੈ। ਪੰਜਾਬ ਸਰਕਾਰ, ਪੰਜਾਬ ਦੇ ਲੋਕਾਂ ਤੇ ਵਾਤਾਵਰਨ ਪ੍ਰੇਮੀਆਂ ਨੂੰ ਰਲ-ਮਿਲ ਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਸੁਹਿਰਦ ਹੋਣਾ ਪਵੇਗਾ।

Check Also

ਭਾਰਤ ਵਿਚ ਕਰੋਨਾ ਨਾਲ ਲੜਣ ਲਈ ਨਜ਼ਰ ਨਹੀਂ ਆ ਰਹੀ ਸਹੀ ਯੋਜਨਾਬੰਦੀ

ਭਾਰਤ ‘ਚ ਕਰੋਨਾ ਵਾਇਰਸ ਬੇਸ਼ੱਕ ਕਈ ਦੇਸ਼ਾਂ ਨਾਲੋਂ ਘੱਟ ਅਸਰਦਾਰ ਹੋਇਆ ਹੈ ਪਰ ਭਾਰਤ ਦੀ …