ਪਿਛਲੇ ਦਿਨੀਂ ਅੰਮ੍ਰਿਤਸਰ ਨੇੜਲੇ ਇਕ ਪਿੰਡ ਵਿਚ ‘ਅਣਖ ਖ਼ਾਤਰ’ ਹੋਏ ਕਤਲ ਨੇ ਪੰਜਾਬੀਆਂ ਦੀਆਂ ਮਨੁੱਖੀ ਸੰਵੇਦਨਾਵਾਂ, ਹਰੇਕ ਬਾਲਗ ਅਵਸਥਾ ਵਾਲੇ ਮਨੁੱਖ, ਖ਼ਾਸ ਕਰਕੇ ਔਰਤਾਂ ਦੇ ਹੱਕਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ। ਮਜੀਠਾ ਪੁਲਿਸ ਥਾਣੇ ਅਧੀਨ ਆਉਂਦੇ ਇਕ ਪਿੰਡ ਦੇ ਨੌਜਵਾਨ ਵਲੋਂ ਆਪਣੀ ਭੈਣ ਅਤੇ ਉਸ ਦੇ ਪਤੀ ਨੂੰ ਰਾਹ ਜਾਂਦਿਆਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਵੇਲੇ ਉਹ ਜੋੜਾ ਆਪਣੀ ਕਿਸੇ ਰਿਸ਼ਤੇਦਾਰੀ ਵਿਚੋਂ ਮਿਲ ਕੇ ਮੋਟਰਸਾਈਕਲ ‘ਤੇ ਜਾ ਰਹੇ ਸਨ। ਇਸ ਜੋੜੇ ਨੇ ਕੁਝ ਸਮਾਂ ਪਹਿਲਾਂ ਪਰਿਵਾਰ ਦੀ ਮਰਜ਼ੀ ਦੇ ਉਲਟ ਪ੍ਰੇਮ ਵਿਆਹ ਕਰਵਾ ਲਿਆ ਸੀ, ਜਿਸ ਕਰਕੇ ਕੁੜੀ ਦਾ ਭਰਾ ਲਗਾਤਾਰ ਆਪਣੀ ਭੈਣ ਅਤੇ ਉਸ ਦੇ ਸਹੁਰਾ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਸੀ।
‘ਅਣਖ ਖ਼ਾਤਰ’ ਕਤਲ, ਭਾਰਤੀ ਸਮਾਜ ‘ਤੇ ਇਕ ਵੱਡਾ ਧੱਬਾ ਹਨ। ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਅਣਖ ਖ਼ਾਤਰ ਕਤਲਾਂ ਦਾ ਸਿਲਸਿਲਾ ਤੇਜ਼ ਹੋਇਆ ਹੈ। ਇਸ ਦਾ ਵੱਡਾ ਕਾਰਨ ਸ਼ਾਇਦ ਭਾਰਤੀ ਸਮਾਜ ਦੀਆਂ ਦੋ ਪੀੜ੍ਹੀਆਂ ਦੀ ਸੋਚ ਵਿਚਲਾ ਟਕਰਾਅ ਬਣ ਰਿਹਾ ਹੈ। ਪੁਰਾਣੀ ਪੀੜ੍ਹੀ ਦੀ ਸੋਚ ਸੰਕੀਰਣ ਅਤੇ ਜਟਿਲ ਸਮਾਜਿਕ ਬੰਧਨਾਂ ਵਿਚੋਂ ਮੁਕਤ ਨਹੀਂ ਹੋਣਾ ਚਾਹੁੰਦੀ ਅਤੇ ਨਵੀਂ ਪੀੜ੍ਹੀ ਅਜੋਕੀ ਸਿੱਖਿਆ ਦੇ ਖੁੱਲ੍ਹੇ ਮਾਹੌਲ ਅਤੇ ਬਦਲਦੇ ਸਮੇਂ ਦੇ ਨਾਲ ਰਵਾਇਤੀ ਸਮਾਜਿਕ ਬੰਧਨਾਂ ਵਿਚੋਂ ਮੁਕਤ ਹੁੰਦੀ ਹੋਈ ਖੁੱਲ੍ਹੇ ਵਿਚਾਰਾਂ ਦੀ ਧਾਰਨੀ ਬਣ ਰਹੀ ਹੈ। ਨੌਜਵਾਨ ਪੀੜ੍ਹੀ ਇਸੇ ਸੋਚ ਕਾਰਨ ਜੀਵਨ ਸਾਥੀ ਚੁਣਨ ਦੇ ਜ਼ਿੰਦਗੀ ਦੇ ਸਭ ਤੋਂ ਅਹਿਮ ਫ਼ੈਸਲੇ ਨੂੰ ਵੀ ਪੁਰਾਣੀਆਂ ਸਮਾਜਿਕ ਰਵਾਇਤਾਂ ਅਤੇ ਬੰਧਨਾਂ ਤੋਂ ਉਪਰ ਉਠ ਕੇ ਆਪਣੀ ਪਸੰਦ ਦੀ ਚੋਣ ਦੇ ਸਵੈ-ਨਿਰਣੇ ਦੇ ਅਧਿਕਾਰ ਵਜੋਂ ਦੇਖਦੀ ਹੈ। ਪੁਰਾਣੇ ਸਮਿਆਂ ਵਿਚ ਸਾਡੇ ਸਮਾਜਿਕ ਤਾਣੇ-ਬਾਣੇ ਵਿਚ ਜੀਵਨ ਸਾਥੀ ਚੁਣਨ ਦਾ ਅਧਿਕਾਰ ਮਾਪਿਆਂ ਜਾਂ ਪਰਿਵਾਰਕ ਮੈਂਬਰਾਂ ਕੋਲ ਹੀ ਰਾਖ਼ਵਾਂ ਹੁੰਦਾ ਸੀ। ਸਾਡੇ ਵੱਡ-ਵਡੇਰਿਆਂ ਦੇ ਵੇਲੇ ਤਾਂ ਜੀਵਨ ਸਾਥੀ ਦੀ ਚੋਣ ਵੇਲੇ ਕੁੜੀ ਜਾਂ ਮੁੰਡੇ ਨੂੰ ਪੁੱਛਿਆ ਤੱਕ ਵੀ ਨਹੀਂ ਜਾਂਦਾ ਸੀ ਅਤੇ ਇੱਥੋਂ ਤੱਕ ਮੁੰਡੇ ਜਾਂ ਕੁੜੀ ਨੂੰ ਆਪਣੇ ਜੀਵਨ ਸਾਥੀ ਨੂੰ ਪਹਿਲੀ ਵਾਰ ਦੇਖਣਾ ਵੀ ਵਿਆਹ ਵਾਲੇ ਦਿਨ ਹੀ ਨਸੀਬ ਹੁੰਦਾ ਸੀ।
ਕਿਸੇ ਵੀ ਸਮਾਜ ਦੀਆਂ ਚੰਗੀਆਂ ਕਦਰਾਂ-ਕੀਮਤਾਂ ਨੂੰ ਸੀਨਾ-ਬਸੀਨਾ ਅਪਨਾਉਣਾ ਤਾਂ ਸਮਾਜ ਦੇ ਬਾਸ਼ਿੰਦਿਆਂ ਦਾ ਚੰਗਾ ਗੁਣ ਹੁੰਦਾ ਹੈ ਪਰ ਕਈ ਬੰਧਨ ਅਤੇ ਜਟਿਲ ਪਰੰਪਰਾਵਾਂ ਸਮੇਂ ਦੇ ਨਾਲ ਆਪਣੀ ਪ੍ਰਸੰਗਿਕਤਾ ਗੁਆ ਬੈਠਦੀਆਂ ਹਨ, ਜਿਸ ਕਰਕੇ ਉਨ੍ਹਾਂ ਦਾ ਸਮੇਂ ਬਾਅਦ ਤਿਆਗ ਕਰਨਾ ਵੀ ਅਗਾਂਹਵਧੂ ਤੇ ਸੱਭਿਅਕ ਸਮਾਜ ਲਈ ਜ਼ਰੂਰੀ ਹੁੰਦਾ ਹੈ।
ਪਿਛਲੇ ਕੁਝ ਸਾਲਾਂ ਤੋਂ ਪੰਜਾਬ ਅਤੇ ਹਰਿਆਣਾ ਵਿਚ ‘ਅਣਖ ਖ਼ਾਤਰ’ ਕਤਲਾਂ ਦਾ ਰੁਝਾਨ ਕਾਫ਼ੀ ਤੇਜ਼ੀ ਨਾਲ ਵਧਿਆ ਹੈ। ਇਹ ਰੁਝਾਨ ਜ਼ਿਆਦਾ ਕਰਕੇ ਪੱਛੜੇ ਖੇਤਰਾਂ ਵਿਚ ਹੀ ਤੇਜ਼ ਹੋਇਆ ਹੈ। ਪੱਛੜੇ ਖੇਤਰਾਂ ਦੇ ਨੌਜਵਾਨ ਪੜ੍ਹਾਈ ਲਈ ਜਦੋਂ ਦੂਰ-ਦੁਰਾਡੇ ਮਹਾਂਨਗਰਾਂ ਵਿਚ ਕਾਲਜਾਂ, ਯੂਨੀਵਰਸਿਟੀਆਂ ਵਿਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਕ ਨਵਾਂ ਤੇ ਵਿਸ਼ਾਲ ਵਾਤਾਵਰਨ ਮਿਲਦਾ ਹੈ, ਜਿਸ ਸਦਕਾ ਉਨ੍ਹਾਂ ਦੀ ਸੋਚ ਅਤੇ ਵਿਚਾਰਾਂ ਵਿਚ ਤਬਦੀਲੀ ਆਉਣੀ ਸੁਭਾਵਿਕ ਗੱਲ ਹੈ। ਕੋ-ਐਜੂਕੇਸ਼ਨ ਸੰਸਥਾਵਾਂ ਵਿਚ ਮੁੰਡੇ-ਕੁੜੀਆਂ ਨੂੰ ਇਕੱਠੇ ਪੜ੍ਹਦਿਆਂ ਬਰਾਬਰਤਾ ਅਤੇ ਸੰਵਾਦ ਦਾ ਮਾਹੌਲ ਮਿਲਦਾ ਹੈ। ਇਸੇ ਮਾਹੌਲ ਦੌਰਾਨ ਮੁੰਡੇ-ਕੁੜੀਆਂ ਇਕ ਦੂਜੇ ਦੇ ਸੁਭਾਅ ਨੂੰ ਜਾਨਣ ਅਤੇ ਆਪਣੀ ਪਸੰਦ ਦੇ ਜੀਵਨ ਸਾਥੀ ਦੀ ਚੋਣ ਦਾ ਅਧਿਕਾਰ ਵੀ ਚਾਹੁਣ ਲੱਗ ਪੈਂਦੇ ਹਨ। ਨਵੀਂ ਪੀੜ੍ਹੀ ਦੀ ਇਸੇ ਸੋਚ ਤਬਦੀਲੀ ਕਾਰਨ ਪੁਰਾਣੀ ਪੀੜ੍ਹੀ ਔਰਤ-ਮਰਦ ਵਿਚਾਲੇ ਸ਼ਰਮ, ਹਯਾ ਦੇ ਨਾਂਅ ‘ਤੇ ਉਸਰੀਆਂ ਕੁਝ ਕੰਧਾਂ ਨੂੰ ਟੁੱਟਣਾ ਨਹੀਂ ਦੇਖਣਾ ਚਾਹੁੰਦੀ। ਇਸੇ ਸੋਚ ਵਿਚੋਂ ਹੀ ‘ਅਣਖ ਖ਼ਾਤਰ’ ਕਤਲਾਂ ਵਰਗੀ ਸਮਾਜਿਕ ਬੁਰਾਈ ਦਾ ਜਨਮ ਹੁੰਦਾ ਹੈ।
ਨਿਰਸੰਦੇਹ ‘ਅਣਖ ਖ਼ਾਤਰ’ ਕਤਲ ਕਿਸੇ ਸਮਾਜ, ਮਨੁੱਖੀ ਅਧਿਕਾਰਾਂ, ਸੰਵੇਦਨਾਵਾਂ ਅਤੇ ਔਰਤ ਹੱਕਾਂ ਦਾ ਘਾਣ ਹਨ।
ਪਿਛਲੇ ਕੁਝ ਸਾਲਾਂ ਦੌਰਾਨ ਉੱਤਰੀ ਭਾਰਤ, ਵਿਸ਼ੇਸ਼ ਕਰਕੇ ਪੰਜਾਬ ਅਤੇ ਹਰਿਆਣਾ ਵਿਚ ਅਜਿਹੇ ਕਤਲਾਂ ਦਾ ਸਿਲਸਿਲਾ ਤੇਜ਼ ਹੋ ਗਿਆ ਸੀ। ਮਨੁੱਖੀ ਅਧਿਕਾਰਾਂ ਅਤੇ ਔਰਤਾਂ ਦੇ ਹੱਕਾਂ ਲਈ ਸਰਗਰਮ ਕਈ ਜਥੇਬੰਦੀਆਂ ਵਲੋਂ ਅਜਿਹੇ ਕਤਲਾਂ ਵਿਰੁੱਧ ਆਵਾਜ਼ ਵੀ ਉਠਾਈ ਗਈ ਹੈ। ਕੁਝ ਗ਼ੈਰ-ਸਰਕਾਰੀ ਸੰਸਥਾਵਾਂ ਵਲੋਂ ਇਸ ਮੁੱਦੇ ‘ਤੇ ਪਾਈਆਂ ਜਨਹਿੱਤ ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਨਾ-ਸਿਰਫ਼ ਅਜਿਹੇ ਕਤਲਾਂ ਨੂੰ ਗ਼ੈਰ-ਕਾਨੂੰਨੀ ਹੀ ਕਿਹਾ ਬਲਕਿ ਸਰਕਾਰਾਂ ਨੂੰ ਹਰੇਕ ਬਾਲਗ ਉਮਰ ਦੇ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾਉਣ ਵਾਲੇ ਜੋੜੇ ਦੀ ਜਾਨ ਤੇ ਮਾਲ ਦੀ ਰੱਖਿਆ ਨੂੰ ਵੀ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਸਨ।
ਪਰ ਇਸ ਦੇ ਬਾਵਜੂਦ ਸਾਡੇ ਸਮਾਜ ਅੰਦਰ ਫ਼ੋਕੀ ਹਉਮੈ ਅਤੇ ਝੂਠੀ ਅਣਖ ਖ਼ਾਤਰ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਕਤਲ ਕਰਨ ਦਾ ਰੁਝਾਨ ਰੁਕ ਨਹੀਂ ਰਿਹਾ। ਨਿਰਸੰਦੇਹ ਸਾਡੇ ਸਮਾਜ ਦੀ ਮਰਦਾਵੀਂ ਹਊਮੈਂ, ਸਮਾਜਿਕ ਰੀਤੀ-ਰਿਵਾਜ਼ਾਂ ਦੇ ਨਾਂਅ ‘ਤੇ ਮਨੁੱਖੀ ਜਾਨਾਂ ਲੈਣ ਨੂੰ ਕਿਸੇ ਵੀ ਤਰ੍ਹਾਂ ਦਰੁਸਤ ਨਹੀਂ ਆਖਿਆ ਜਾ ਸਕਦਾ ਅਤੇ ਇਹ ਵਰਤਾਰਾ ਮਨੁੱਖੀ ਹੱਕਾਂ ਦੇ ਵਿਰੋਧੀ, ਲਿੰਗ ਭੇਦ ਅਤੇ ਮਨੁੱਖੀ ਸੰਵੇਦਨਾਵਾਂ ਦਾ ਗਲਾ ਘੁਟਣ ਵਾਲਾ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਜੀਵਨ ਅਤੇ ਮੌਤ ਦਾ ਅਧਿਕਾਰ ਕੇਵਲ ਕੁਦਰਤ ਨੂੰ ਹੈ ਅਤੇ ਅਜਿਹੇ ਕਤਲ ਕੁਦਰਤ ਦੇ ਨਿਯਮਾਂ ਦਾ ਵੀ ਕਤਲ ਕਰਨ ਵਾਲੇ ਹਨ ਪਰ ਇਸ ਦੇ ਬਾਵਜੂਦ ਸਾਡੀ ਨਵੀਂ ਪੀੜ੍ਹੀ ਨੂੰ ਵੀ ਸਮਾਜਿਕ ਸੁਹਜ, ਰਿਸ਼ਤਿਆਂ ਦੀ ਸੁੱਚ ਅਤੇ ਆਪਣੇ ਮਾਪਿਆਂ ਦੇ ਮਾਣ-ਸਤਿਕਾਰ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ। ਉਸ ਪਰਿਵਾਰ, ਪਿਓ ਜਾਂ ਭਰਾ ਦੀ ਮਾਨਸਿਕਤਾ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ, ਜਿਸ ਦੀ ਜਵਾਨ ਧੀ-ਭੈਣ ਪਰਿਵਾਰ ਦੀ ਮਰਜ਼ੀ ਦੇ ਉਲਟ ਘਰੋਂ ਬਾਗੀ ਹੋ ਕੇ ਆਪਣੀ ਮਰਜ਼ੀ ਦੇ ਵਰ ਨਾਲ ਵਿਆਹ ਕਰਵਾ ਲੈਂਦੀ ਹੈ। ਸਮਾਜਿਕ ਤੌਰ ‘ਤੇ ਅਜਿਹੇ ਪਰਿਵਾਰਾਂ ਦੀ ਮਨੋਦਸ਼ਾ ਨੂੰ ਸਿਰਫ਼ ਉਹੀ ਚੰਗੀ ਤਰ੍ਹਾਂ ਸਮਝ ਸਕਦਾ ਹੈ, ਜਿਸ ‘ਤੇ ਇਹ ਦੁਖਾਂਤ ਵਾਪਰਿਆ ਹੋਵੇ। ਅਜਿਹੀ ਹਾਲਤ ਵਿਚ ਨੌਜਵਾਨ ਮੁੰਡੇ-ਕੁੜੀਆਂ ਨੂੰ ਵੀ ਨਵੀਂ ਅਗਾਂਹਵਧੂ ਸੋਚ ਦੇ ਨਾਲ-ਨਾਲ ਆਪਣੇ ਮਾਪਿਆਂ, ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ, ਔਖੇ-ਭਾਰੇ ਜ਼ਫ਼ਰ ਗਾਲ ਕੇ ਪਾਲਿਆ-ਪੋਸਿਆ, ਉਨ੍ਹਾਂ ਦੀਆਂ ਭਾਵਨਾਵਾਂ, ਖੁਸ਼ੀ ਨੂੰ ਵੀ ਅੱਖੋਂ-ਪਰੋਖੇ ਕਰਨਾ ਚਾਹੀਦਾ। ਮਾਪਿਆਂ ਦੇ ਉਮਰਾਂ ਦੇ ਤਜ਼ਰਬੇ ਸਾਡੀ ਨਵੀਂ-ਨਵੀਂ ਹਾਸਲ ਕੀਤੀ ਨਵੀਨਤਮ ਸਿੱਖਿਆ ਤੋਂ ਜ਼ਿਆਦਾ ਅਨੁਭਵੀ ਹੁੰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਸਾਡੇ ਪੰਜਾਬੀ ਸਮਾਜ ਵਿਚ ਹੋਣ ਵਾਲੇ ਜ਼ਿਆਦਾਤਰ ਪ੍ਰੇਮ ਵਿਆਹ ਅਸਫ਼ਲ ਸਾਬਤ ਹੁੰਦੇ ਹਨ।
‘ਅਣਖ ਖ਼ਾਤਰ’ ਕਤਲਾਂ ਦੇ ਰੁਝਾਨ ਨੂੰ ਪੰਜਾਬੀ ਸਮਾਜ ਵਿਚੋਂ ਖ਼ਤਮ ਕਰਨ ਲਈ ਕੁਝ ਸਮਾਂ ਵਿਹਾਅ ਚੁੱਕੀਆਂ ਸਮਾਜਿਕ ਰੀਤੀਆਂ, ਝੂਠੀਆਂ ਅਣਖਾਂ, ਅਤੇ ਮਰਦਾਵੀਂ ਹਊਮੈਂ ਨੂੰ ਖ਼ਤਮ ਕਰਨ ਦੀ ਲੋੜ ਹੈ, ਕੁਝ ਨਵੀਂ ਪੀੜ੍ਹੀ ਨੂੰ ਵੀ ਸਮਾਜਿਕ ਸੁਹਜ ਅਤੇ ਸ਼ਾਲੀਨਤਾ ਤੇ ਰਿਸ਼ਤਿਆਂ ਦੀ ਪਾਕੀਗਜ਼ੀ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਅਤੇ ਸਰਕਾਰਾਂ ਅਤੇ ਕਾਨੂੰਨ ਨੂੰ ਵੀ ਸਖ਼ਤੀ ਵਰਤਣੀ ਚਾਹੀਦੀ ਹੈ। ਸਮਾਜ ਵਿਚ ਲਿੰਗ, ਜਾਤ, ਰੰਗ ਭੇਦ ਨੂੰ ਖ਼ਤਮ ਕਰਨ ਲਈ ਚੇਤਨਾ ਪੈਦਾ ਕਰਨ ਦੀ ਲੋੜ ਹੈ। ਸਮੁੱਚੇ ਸਮਾਜ ਵਲੋਂ ਸਾਂਝੇ ਯਤਨਾਂ ਨਾਲ ਹੀ ‘ਅਣਖ ਖ਼ਾਤਰ’ ਕਤਲਾਂ ਦੇ ਅਣਮਨੁੱਖੀ ਵਰਤਾਰੇ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
Check Also
ਗੈਰ-ਕਾਨੂੰਨੀ ਪਰਵਾਸ
ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ 104 ਭਾਰਤੀਆਂ ਨੂੰ ਟਰੰਪ ਪ੍ਰਸ਼ਾਸਨ ਵਲੋਂ ਹਥਕੜੀਆਂ ਵਿਚ ਜਕੜ ਕੇ …