ਤਲਵਿੰਦਰ ਸਿੰਘ ਬੁੱਟਰ
ਭਾਰਤ ਦੇਸ਼ ਮੇਲਿਆਂ ਤੇ ਤਿਓਹਾਰਾਂ ਦਾ ਦੇਸ਼ ਹੈ। ਪੁਰਾਤਨ ਸਮੇਂ ਤੋਂ ਹੀ ਹਿੰਦੋਸਤਾਨੀ ਲੋਕ ਆਪਣੀ ਸੱਭਿਅਤਾ, ਮਿਥਿਹਾਸਕ ਅਤੇ ਇਤਿਹਾਸਕ ਘਟਨਾਵਾਂ ਦੀ ਸੰਜੀਵਤਾ ਕਾਇਮ ਰੱਖਣ ਲਈ ਮੇਲੇ ਤੇ ਤਿਓਹਾਰ ਬੜੇ ਉਤਸ਼ਾਹ ਅਤੇ ਚਾਵਾਂ ਨਾਲ ਮਨਾਉਂਦੇ ਹਨ। ਇਸ ਤਰ੍ਹਾਂ ਹੋਲੀ ਵੀ ਭਾਰਤੀ ਲੋਕਾਂ ਦਾ ਖੁਸ਼ੀ ਭਰਿਆ ਇਕ ਰੰਗੀਨ ਤਿਓਹਾਰ ਹੈ। ਜਿਸ ਤਰ੍ਹਾਂ ਬਹੁਤ ਸਾਰੇ ਤਿਓਹਾਰਾਂ ਦਾ ਸਬੰਧ ਬਦਲਦੇ ਮੌਸਮਾਂ, ਮਿਥਿਹਾਸ ਤੇ ਇਤਿਹਾਸਕ ਘਟਨਾਵਾਂ ਨਾਲ ਜੋੜਿਆ ਜਾਂਦਾ ਹੈ, ਇਸ ਤਰ੍ਹਾਂ ਹੋਲੀ ਵੀ ਸਰਦੀ ਦੇ ਮੌਸਮ ਪਿੱਛੋਂ ਬਸੰਤ ਦੀ ਸੁਹਾਵਣੀ ਤੇ ਖੇੜੇ ਭਰਪੂਰ ਰੁੱਤ ਦੇ ਆਗਮਨ ਦੀ ਖੁਸ਼ੀ ਦਾ ਤਿਓਹਾਰ ਹੈ।
‘ਹੋਲੀ’ ਦਾ ਤਿਓਹਾਰ ਸਾਰਾ ਭਾਰਤ ਮਨਾਉਂਦਾ ਹੈ, ਜਦੋਂਕਿ ਸਿੱਖ ਕੌਮ ‘ਹੋਲਾ ਮਹੱਲਾ’ ਮਨਾਉਂਦੀ ਹੈ। ਹੋਲੀ ਹਰੇਕ ਸਾਲ ਫ਼ੱਗਣ ਸ਼ੁਦੀ 8 ਤੋਂ ਸ਼ੁਰੂ ਹੋ ਕੇ ਉਸੇ ਹਫ਼ਤੇ ਪੂਰਨਮਾਸ਼ੀ ਨੂੰ ਸਮਾਪਤ ਹੁੰਦੀ ਹੈ। ‘ਹੋਲਾ’ ਉਸ ਤੋਂ ਅਗਲੇ ਦਿਨ, ਚੇਤ ਵਦੀ 1 ਨੂੰ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਦੋਵਾਂ ਤਿਓਹਾਰਾਂ ਦੀ ਵਿਚਾਰਧਾਰਾ ਵਿਚ ਕਾਫ਼ੀ ਫ਼ਰਕ ਹੈ। ਗੁਰੂ ਸਾਹਿਬਾਨ ਨੇ ਜਿਥੇ ‘ਹੋਲੀ’ ਨੂੰ ਇਕ-ਦੂਜੇ ‘ਤੇ ਰੰਗ ਸੁੱਟਣ ਦੀ ਦੁਨਿਆਵੀ ਖੇਡ ਦੀ ਥਾਂ ਗੁਰਮਤਿ ਦੇ ਰੂਹਾਨੀ ਪੰਧ ਦੀਆਂ ਅਧਿਆਤਮਿਕ ਉਚਾਈਆਂ ਤੱਕ ਪਹੁੰਚਣ ਦੇ ਖੇੜੇ ਦੀ ਪ੍ਰਤੀਕ ਦੱਸਿਆ ਹੈ, ਉਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਹੋਲੇ-ਮਹੱਲੇ’ ਦਾ ਸਿਧਾਂਤ ਪੇਸ਼ ਕਰਦਿਆਂ, ਹੋਲੀ ਨੂੰ ਨਵੇਂ ਤੇ ਸੁਲਝੇ ਰੂਪ ਵਿਚ ਪੇਸ਼ ਕੀਤਾ।
ਹੋਲੀ ਨੂੰ ਮੌਸਮੀ ਤਿਓਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਸਮੇਂ ਪਤਝੜ ਤੋਂ ਬਾਅਦ ਬਸੰਤ ਰੁੱਤ ਆਉਂਦੀ ਹੈ। ਕੁਦਰਤ ਨਵੀਂ ਨੁਹਾਰ ਲੈ ਕੇ ਆਉਂਦੀ ਹੈ ਤੇ ਹਰ ਪਾਸੇ ਖੇੜਾ ਹੀ ਖੇੜਾ ਹੁੰਦਾ ਹੈ। ਕਹਿਰਾਂ ਦੀ ਸਰਦੀ ਪਿੱਛੋਂ ਬਸੰਤ ਦੀ ਸੁਹਾਵਣੀ ਤੇ ਖੇੜਿਆਂ ਭਰੀ ਰੁੱਤ ਦਾ ਆਨੰਦ ਲੈਣ ਵਜੋਂ ਹੋਲੀ ਖੇਡੀ ਜਾਂਦੀ ਹੈ। ਹੋਲੀ ਨੂੰ ‘ਫ਼ਾਗਾ’ ਵੀ ਕਿਹਾ ਜਾਂਦਾ ਹੈ। ‘ਫ਼ਾਗਾ’ ਤੋਂ ਭਾਵ ਫ਼ੱਗਣ ਮਹੀਨਾ ਜਾਂ ਬਸੰਤ ਰੁੱਤ ਹੈ। ਬਸੰਤ ਨੂੰ ਗੁਰਸਿੱਖ ਦੇ ਅਧਿਆਤਮਕ ਮੰਡਲ ਵਿਚ ਪ੍ਰਭੂ ਪ੍ਰੇਮ ਲਈ ਇਕ ਨਵਾਂ ਖੇੜਾ, ਚਾਅ ਮੰਨਿਆ ਜਾਂਦਾ ਹੈ। ਗੁਰਸਿੱਖ ਲਈ ਇਹ ਮਹਾਂ ਅਨੰਦ, ਮੰਗਲਾਚਾਰ, ਚਿੰਤਾ ਰਹਿਤ ਦਾ ਸਮਾਂ ਹੁੰਦਾ ਹੈ। ਅਜਿਹਾ ਸੁੰਦਰ ਨਜ਼ਾਰਾ ਰੱਬ ਦੇ ਪਿਆਰਿਆਂ ਦੇ ਅੰਦਰ ਇਕ ਅਜੀਬ ਕਿਸਮ ਦੀ ਝਰਨਾਹਟ ਪੈਦਾ ਕਰ ਦਿੰਦਾ ਹੈ।
ਸਾਡੇ ਦੇਸ਼ ਦਾ ਹਰ ਤਿਓਹਾਰ ਆਪਣੇ ਪਿਛੋਕੜ ਵਿਚ ਕੋਈ ਨਾ ਕੋਈ ਇਤਿਹਾਸਕ ਜਾਂ ਮਿਥਿਹਾਸਕ ਘਟਨਾ ਜ਼ਰੂਰ ਰੱਖਦਾ ਹੈ, ਜਿਸ ਦਾ ਸਾਡੇ ਸਮਾਜਿਕ ਜੀਵਨ ਨਾਲ ਡੂੰਘਾ ਸਬੰਧ ਹੁੰਦਾ ਹੈ। ਹੋਲੀ ਮਨਾਉਣ ਦੀ ਰੀਤ ਕਿਵੇਂ ਸ਼ੁਰੂ ਹੋਈ, ਇਸ ਦੀ ਕੀ ਸਾਰਥਿਕਤਾ ਸੀ ਅਤੇ ਉਸ ਤੋਂ ਬਾਅਦ ਹੋਲਾ ਕਿਵੇਂ ਸ਼ੁਰੂ ਹੋਇਆ, ਇਨ੍ਹਾਂ ਦੋਵਾਂ ਪੱਖਾਂ ਦਾ ਮਿਥਿਹਾਸ ਅਤੇ ਇਤਿਹਾਸ ਨਾਲ ਸਬੰਧ ਹੈ। ਹੋਲੀ ਦੇ ਤਿਓਹਾਰ ਨੂੰ ‘ਬਦੀ ‘ਤੇ ਨੇਕੀ ਦੀ ਜਿੱਤ’ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਹੋਲੀ ਬਾਰੇ ਮਿਥਿਹਾਸਕ ਜ਼ਿਕਰ ਆਉਂਦਾ ਹੈ ਕਿ ਹਰਨਾਕਸ਼ ਨਾਂ ਦਾ ਇਕ ਹੰਕਾਰੀ ਅਤੇ ਅੱਤਿਆਚਾਰੀ ਰਾਜਾ ਸੀ। ਉਸ ਨੇ ਆਪਣੇ ਭਗਤ ਪੁੱਤਰ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਪ੍ਰਾਪਤ ਸੀ ਕਿ ਉਹ ਅੱਗ ਵਿਚ ਨਹੀਂ ਸੜ ਸਕਦੀ, ਪਰ ਹੋਲਿਕਾ ਸੜ ਗਈ ਅਤੇ ਭਗਤ ਪ੍ਰਹਿਲਾਦ ਦੀ ਪ੍ਰਮਾਤਮਾ ਨੇ ਰੱਖਿਆ ਕੀਤੀ। ਇਸ ਘਟਨਾ ਨੂੰ ਆਧਾਰ ਬਣਾ ਕੇ ਹੀ, ਰਾਤ ਨੂੰ ਹੋਲੀ ਜਲਾਈ ਜਾਂਦੀ ਸੀ ਤੇ ਰਾਖ਼ ਨੂੰ ਹੋਲਿਕਾ ਦੀ ਰਾਖ਼ ਮੰਨ ਕੇ ਸਵੇਰੇ ਉਸ ਨੂੰ ਉਡਾਇਆ ਜਾਂਦਾ ਸੀ। ਹੌਲੀ-ਹੌਲੀ ਇਹ ਸ਼ੂਦਰੀ ਤਿਓਹਾਰ ਬਣ ਗਿਆ। ਉਚੀਆਂ ਜਾਤਾਂ ਦੇ ਲੋਕ ਹੋਲੀ ਵਾਲੇ ਦਿਨ ਨੀਵੀਂਆਂ ਜਾਤਾਂ ਦੇ ਲੋਕਾਂ ‘ਤੇ ਗੰਦਗੀ ਸੁੱਟਦੇ ਤੇ ਖੁਦ ਖੁਸ਼ੀਆਂ ਮਨਾਉਂਦੇ। ਬਦਲਦੇ ਸਮੇਂ ਦੇ ਨਾਲ ਇਹ ਸੁਆਹ ਤੋਂ ਰੰਗ ਉਡਾ ਕੇ ਮਨ-ਪ੍ਰਚਾਵੇ ਦਾ ਤਿਓਹਾਰ ਬਣ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਹੋਲੀ ਨੂੰ ਅਦੁੱਤੀ ਅਤੇ ਅਲੌਕਿਕ ‘ਹੋਲੇ-ਮਹੱਲੇ’ ਦਾ ਰੂਪ ਦੇ ਦਿੱਤਾ। ‘ਹੋਲਾ’ ਅਤੇ ‘ਮਹੱਲਾ’ ਦੋ ਵੱਖੋ-ਵੱਖਰੇ ਸ਼ਬਦ ਹਨ। ‘ਹੋਲਾ’ ਸ਼ਬਦ ਅਰਬੀ ਭਾਸ਼ਾ ਦਾ ਹੈ ਅਤੇ ‘ਮਹੱਲਾ’ ਫ਼ਾਰਸੀ ਦਾ। ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ‘ਹੋਲਾ’ ਦੇ ਅਰਥ ‘ਹਮਲਾ’ ਅਤੇ ‘ਮਹੱਲਾ’ ਦੇ ਅਰਥ ‘ਹਮਲਾ ਕਰਨ ਦੀ ਥਾਂ’ ਦੇ ਰੂਪ ਵਿਚ ਕੀਤੇ ਹਨ।
ਖ਼ਾਲਸਾ ਪੰਥ ਹਰੇਕ ਤਿਉਹਾਰ ਨੂੰ ਅਧਿਆਤਮਕ ਪਰਿਪੇਖ ‘ਚ ਅਤੇ ਆਪਣੀ ਨਿਆਰੀ ਪਛਾਣ ਕਰਕੇ ਨਿਵੇਕਲੇ ਢੰਗ ਨਾਲ ਮਨਾਉਂਦਾ ਹੈ। ‘ਹੋਲੀ’ ਤੋਂ ਅਗਲੇ ਦਿਨ ਸਿੱਖ ਕੌਮ ‘ਹੋਲਾ ਮਹੱਲਾ’ ਮਨਾਉਂਦੀ ਹੈ। ‘ਹੋਲੇ-ਮਹੱਲੇ’ ਦੀ ਰੀਤ ਖ਼ਾਲਸਾ ਪੰਥ ਦੇ ਸਿਰਜਣਹਾਰ ਕਲਗੀਆਂ ਵਾਲੇ ਤੇ ਨੀਲੇ ਘੋੜੇ ਦੇ ਸ਼ਾਹ-ਅਸਵਾਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕਰਵਾਈ ਸੀ। ਭਾਵੇਂ ਬਸੰਤ ਰੁੱਤ ਦਾ ਵੀ ਗੁਰਸਿੱਖੀ ਦੇ ਰੂਹਾਨੀ ਮੰਡਲ ਵਿਚ ਮਹੱਤਵ ਰਿਹਾ ਹੈ, ਪਰ ਵਿਵਹਾਰਕ ਤੌਰ ‘ਤੇ ‘ਹੋਲੀ’ ਨੂੰ ‘ਹੋਲੇ’ ਦੇ ਰੂਪ ਵਿਚ ਮਨਾਉਣ ਦੀ ਰਵਾਇਤ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੋਰੀ। ‘ਹੋਲੇ-ਮਹੱਲੇ’ ਦੇ ਤਿਉਹਾਰ ਦੇ ਮੰਤਵ, ਉਦੇਸ਼ ਬੜੇ ਜੋਸ਼ੀਲੇ, ਚੜ੍ਹਦੀ ਕਲਾ ਦੇ ਪ੍ਰਤੀਕ ਅਤੇ ਉਸਾਰੂ ਸਨ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਪਿੱਛੋਂ ਮਾਯੂਸ ਅਤੇ ਬੇ-ਆਸ ਹੋਈਆਂ ਸਿੱਖ ਸੰਗਤਾਂ ਵਿਚ ਨਵਾਂ ਉਤਸ਼ਾਹ, ਨਿਡਰਤਾ, ਨਿਰਭੈਅਤਾ ਭਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨੂੰ ਨਵੇਂ ਸੰਕਲਪਾਂ ‘ਚ ਰੂਪਮਾਨ ਕੀਤਾ। ਘੋੜਿਆਂ ਤੇ ਹਾਥੀਆਂ ਦੀ ਅਸਵਾਰੀ, ਨਗਾਰਿਆਂ ਦੀਆਂ ਉਚੀਆਂ ਆਵਾਜ਼ਾਂ, ਕਿਲ੍ਹਿਆਂ ਦੀ ਉਸਾਰੀ, ਜੰਗੀ ਖੇਡਾਂ ਦੇ ਅਭਿਆਸਾਂ ਆਦਿ ਰਾਹੀਂ ਇਨ੍ਹਾਂ ਸੰਕਲਪਾਂ ਨੂੰ ਅਮਲ ‘ਚ ਲਿਆਂਦਾ। ਜ਼ਬਰ ਜ਼ੁਲਮ ਦਾ ਟਾਕਰਾ ਕਰਨ ਅਤੇ ਹਮੇਸ਼ਾ ਚੜ੍ਹਦੀ ਕਲਾ ‘ਚ ਰਹਿ ਕੇ ਹੱਕ-ਸੱਚ ਦੀ ਗੱਲ ਕਰਨ ਵਾਸਤੇ ਸਿੱਖ ਕੌਮ ਨੂੰ ਹਥਿਆਰਬੰਦ ਹੋਣ ਦਾ ਸੰਦੇਸ਼ ਦਿੱਤਾ।
‘ਹੋਲੇ-ਮਹੱਲੇ’ ਦਾ ਆਰੰਭ ਸੰਨ 1700 ਈਸਵੀ, ਸੰਮਤ 1757 ਚੇਤ ਵਦੀ 1 ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਸਥਾਨ ‘ਤੇ ਸਾਹਿਬ-ਏ-ਕਮਾਲਿ, ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ। ਅਜਿਹੀ ਗੌਰਵਮਈ ਰੀਤ ਬਾਰੇ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਜੀ ਲਿਖਦੇ ਹਨ ਕਿ, ”ਯੁੱਧ ਵਿਦਿਆ ਦੇ ਅਭਿਆਸ ਵਿਚ ਨਿੱਤ ਨਵਾਂਪਣ ਕਾਇਮ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਰੀਤ ਅਨੁਸਾਰ ਚੇਤ ਵਦੀ ਇਕ ਨੂੰ ਸਿੱਖਾਂ ਦਾ ‘ਹੋਲਾ ਮਹੱਲਾ’ ਹੁੰਦਾ ਹੈ, ਜਿਸ ਦਾ ਹੋਲੀ ਦੇ ਤਿਓਹਾਰ ਨਾਲ ਕੋਈ ਸਬੰਧ ਨਹੀਂ ਹੈ।”
‘ਹੋਲਾ ਮਹੱਲਾ’ ਮਸਨੂਈ ਜੰਗਜੂ ਕਰਤੱਬਾਂ ਦਾ ਤਿਓਹਾਰ ਹੈ। ਤਿਆਰ-ਬਰ-ਤਿਆਰ ਪੈਦਲ, ਘੋੜ-ਅਸਵਾਰ ਅਤੇ ਸਸ਼ਤਰਧਾਰੀ ਸਿੱਖ ਫ਼ੌਜਾਂ ਦੇ ਦੋ ਦਲ ਬਨਾਉਟੀ ਲੜਾਈ ਲੜ੍ਹਦੇ ਹਨ। ਕਲਗੀਧਰ ਪਾਤਸ਼ਾਹ ਖੁਦ ਇਸ ਬਨਾਉਟੀ ਲੜਾਈ ਨੂੰ ਦੇਖਦੇ ਅਤੇ ਦੋਵਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਵੀ ਪ੍ਰਦਾਨ ਕਰਦੇ ਸਨ। ਜੇਤੂ ਦਲ ਨੂੰ ਸਿਰੋਪਾ ਦੀ ਬਖ਼ਸ਼ਿਸ਼ ਹੁੰਦੀ। ਜੇਤੂ ਕਲਾ ਦੇ ਜਲੂਸ ਨਿਕਲਦੇ ਸਨ। ‘ਹੋਲਾ-ਮਹੱਲਾ’ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਲਖਾਇਕ ਹੈ। ਚੜ੍ਹਦੀ ਕਲਾ ਬਣਾਈ ਰੱਖਣ ਲਈ ਇਸ ਨੂੰ ਜੰਗੀ ਸਸ਼ਤਰਾਂ ਨਾਲ ਜੋੜਿਆ ਗਿਆ।
ਸਿੱਖ ਕੌਮ ਆਪਣੇ ਗੌਰਵਮਈ ਇਤਿਹਾਸ ਦਾ ਇਹ ਮਾਣਮੱਤਾ ਤਿਓਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਮਨਾਉਂਦੀ ਆ ਰਹੀ ਹੈ। ਵਰਤਮਾਨ ਸਮੇਂ ਵੀ ਸਿੱਖ ਕੌਮ ਵਲੋਂ ‘ਹੋਲੇ ਮਹੱਲੇ’ ਨੂੰ ਬੜੇ ਚਾਵਾਂ ਤੇ ਮਲ੍ਹਾਰਾਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ ਛੋਹ ਧਰਤੀ, ਖ਼ਾਲਸੇ ਦੇ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਪੰਜਾਬ ਕੀ, ਦੇਸ਼-ਵਿਦੇਸ਼ਾਂ ਤੋਂ ਹੀ ਲੱਖਾਂ ਸੰਗਤਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਖ਼ਸ਼ੇ ਖਾਲਸਈ ਜਾਹੋ-ਜਲਾਲ ਨੂੰ ਦੇਖਣ ਅਤੇ ਮਾਨਣ ਲਈ ਆਨੰਦਪੁਰ ਸਾਹਿਬ ਪਹੁੰਚਦੀਆਂ ਹਨ। ਇਸ ਤੋਂ ਇਲਾਵਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਪਾਉਂਟਾ ਸਾਹਿਬ ਵਿਖੇ ਵੀ ‘ਹੋਲਾ-ਮਹੱਲਾ’ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੜੀਵਾਰ ਧਾਰਮਿਕ ਦੀਵਾਨ ਲੱਗਦੇ ਹਨ, ਜਿਨ੍ਹਾਂ ਦੌਰਾਨ ਸੰਗਤਾਂ ਖ਼ਾਲਸੇ ਦੇ ਸ਼ਾਨਾਮੱਤੇ ਇਤਿਹਾਸ ਅਤੇ ਸਿੱਖ ਕੌਮ ਦੇ ਰੂਹਾਨੀ ਚਾਨਣ-ਮੁਨਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨਮੋਲ ਫ਼ਲਸਫ਼ੇ ਨਾਲ ਜੁੜਦੀਆਂ ਹਨ। ਖ਼ਾਲਸਈ ਪੌਸ਼ਾਕਾਂ ਅਤੇ ਰਵਾਇਤੀ ਸਸ਼ਤਰਾਂ, ਬਸਤਰਾਂ ਵਿਚ ਠਾਠਾਂ ਮਾਰਦੀਆਂ ਗੁਰੂ ਕੀਆਂ ਲਾਡਲੀਆਂ ਖ਼ਾਲਸਾ ਫ਼ੌਜਾਂ ਘੋੜਿਆਂ, ਹਾਥੀਆਂ ਅਤੇ ਹੋਰ ਗੱਡੀਆਂ ‘ਤੇ ਸਵਾਰ ਹੋ ਕੇ ‘ਕਿਲ੍ਹਾ ਹੋਲਗੜ੍ਹ ਸਾਹਿਬ’ ਤੋਂ ਪੰਜ ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ‘ਮਹੱਲਾ’ (ਨਗਰ ਕੀਰਤਨ) ਸ਼ੁਰੂ ਕਰਦੀਆਂ ਹਨ। ਜਦੋਂ ਖ਼ਾਲਸਾ ਫ਼ੌਜਾਂ ਹਾਥੀਆਂ, ਘੋੜਿਆਂ ‘ਤੇ ਅਸਵਾਰ ਹੋ ਕੇ ਹੱਥਾਂ ‘ਚ ਖ਼ਾਲਸਈ ਨਿਸ਼ਾਨ ਚੁੱਕੀ ਜੈਕਾਰੇ ਲਗਾਉਂਦੀਆਂ ਹੋਈਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ੍ਹ ਨੂੰ ਆਉਂਦੀਆਂ ਹਨ ਤਾਂ ਇਸ ਮਹੱਲੇ ਦੀ ਆਭਾ ਦੇਖਦਿਆਂ ਹੀ ਬਣਦੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਉਤਰੀ ਦਿਸ਼ਾ ‘ਚ ਸ਼ਿਵਾਲਿਕ ਦੀਆਂ ਨੀਮ ਪਹਾੜੀਆਂ ਵਿਚ ਬਣੇ ‘ਚਰਨ ਗੰਗਾ ਸਟੇਡੀਅਮ’ ਵਿਚ ਪਹੁੰਚ ਕੇ ਗੱਤਕੇ ਦੇ ਜੌਹਰ, ਨੇਜਾਬਾਜ਼ੀ, ਘੋੜ-ਦੌੜਾਂ ਅਤੇ ਹੋਰ ਰਵਾਇਤੀ ਖ਼ਾਲਸਈ ਖੇਡਾਂ ਦੇ ਪ੍ਰਦਰਸ਼ਨ ਹੁੰਦੇ ਹਨ। ਇਸ ਤਰ੍ਹਾਂ ਹੋਲੇ ਦੇ ਤਿਓਹਾਰ ਨੂੰ ਸਿੱਖ ਪੰਥ ਜਾਹੋ-ਜਲਾਲ ਅਤੇ ਹੁਲਾਸ ਨਾਲ ਮਨਾਉਂਦਾ ਹੈ।
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਨੂੰ ਦੁਨੀਆ ਤੋਂ ਨਿਆਰੇ ਅਤੇ ਅਕਾਲ ਪੁਰਖ ਦਾ ਖਾਸ ਰੂਪ ਹੋਣ ਦਾ ਅਹਿਸਾਸ ਕਰਵਾਉਂਦਾ ਚੜ੍ਹਦੀ ਕਲ੍ਹਾ ਦਾ ਪ੍ਰਤੀਕ ‘ਹੋਲਾ ਮਹੱਲਾ’ ਅਸੀਂ ਹਰ ਸਾਲ ਮਨਾਉਂਦੇ ਹਾਂ। ਦਸਮ ਪਿਤਾ ਦੀਆਂ ਲਾਡਲੀਆਂ ਫ਼ੌਜਾਂ ਦੇ ਜੰਗਜੂ ਕਰਤੱਬ, ਬਾਣੀ-ਬਾਣੇ ਦੇ ਜਾਹੋ-ਜਲਾਲ ਨੂੰ ਦੇਖਦੇ ਹਾਂ। ਪਰ ਦੁੱਖ ਦੀ ਗੱਲ ਹੈ ਕਿ ਅੱਜ ਸਿੱਖ ਕੌਮ ਨੇ ਸਸ਼ਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ਼ ਫ਼ੌਜੀਆਂ ਦੇ ‘ਜੰਗਜੂ ਕਰਤੱਬ’ ਹੀ ਸਮਝਿਆ ਹੈ, ਜਦੋਂਕਿ ਦਸਮ ਪਿਤਾ ਦਾ ਉਪਦੇਸ਼ ਹੈ ਕਿ ਹਰ ਸਿੱਖ ਪੂਰਾ ਸਿਪਾਹੀ ਹੋਵੇ ਅਤੇ ਸਸ਼ਤਰ ਵਿਦਿਆ ਦਾ ਅਭਿਆਸ ਕਰੇ। ਸਿੱਖ ਕੌਮ ਗਲੋਬਲ ਪ੍ਰਭਾਵਾਂ ਕਾਰਨ ਆਪਣੀ ਸੱਭਿਆਚਾਰਕ ਪਛਾਣ ਅਤੇ ਸਰੂਪ ਨੂੰ ਗੁਆਉਂਦੀ ਜਾ ਰਹੀ ਹੈ। ਸਸ਼ਤਰ ਵਿਦਿਆ ਤੋਂ ਅਨਜਾਣ ਸਿੱਖ, ਖ਼ਾਲਸਾ ਪੰਥ ਦੇ ਨਿਯਮਾਂ ਅਨੁਸਾਰ ਅਧੂਰਾ ਹੈ। ‘ਹੋਲਾ-ਮਹੱਲਾ’ ਦਾ ਸਸ਼ਤਰ ਵਿਦਿਆ ਨਾਲ ਕਿੰਨਾ ਗੂੜਾ ਸਬੰਧ ਹੈ, ਇਸ ਨੂੰ ਕਵੀ ਨਿਹਾਲ ਸਿੰਘ ਬਿਆਨ ਕਰਦੇ ਹਨ:
ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ।
ਛਕਾ ਪ੍ਰਸਾਦਿ ਸਜਾ ਦਸਤਾਰਾ, ਅਰੁ ਕਰ ਦੋਨਾ ਟੋਲਾ ਹੈ।
ਸੁਭਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ।
ਅਪਰ ਮੁਛਹਿਰਾ, ਦਾੜਵਾ ਜੱਸੇ, ਤੈਸਾ ਬੋਲਾ ਹੋਲਾ ਹੈ।
ਬਾਕੀ ਸਾਰਾ ਹਿੰਦੋਸਤਾਨ ਹੋਲੀ ਖੇਡਦਾ ਹੈ। ਪਰ ਦੁਨੀਆ ਦਾ ਨਿਰਾਲਾ ਤੇ ਨਿਆਰਾ ਪੰਥ ਖ਼ਾਲਸਾ ‘ਹੋਲਾ’ ਖੇਡਦਾ ਹੈ ਅਤੇ ‘ਮਹੱਲਾ’ ਕੱਢਦਾ ਹੈ। ਖ਼ਾਲਸੇ ਦੀ ਵਿਲੱਖਣਤਾ ਦੇ ਲਖਾਇਕ ‘ਹੋਲੇ-ਮਹੱਲੇ’ ਸਬੰਧੀ ਕਵੀ ਸੁਮੇਰ ਸਿੰਘ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ਾਂ ਅਨੁਸਾਰ ਲਿਖਦੇ ਹਨ :
ਔਰਨ ਕੀ ਹੋਲੀ ਮਮ ਹੋਲਾ।
ਕਹਯੋ ਕ੍ਰਿਪਾਨਿਧ ਬਚਨ ਅਮੋਲਾ॥
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …