Breaking News
Home / ਸੰਪਾਦਕੀ / ਪੰਜਾਬ ਭਾਜਪਾ ਵਿਚ ਵੱਡੀ ਹਿਲਜੁਲ

ਪੰਜਾਬ ਭਾਜਪਾ ਵਿਚ ਵੱਡੀ ਹਿਲਜੁਲ

ਭਾਜਪਾ ਵਲੋਂ ਪੰਜਾਬ ਵਿਚ ਲੋਕ ਸਭਾ ਦੀਆਂ 2024 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਪਿਛਲੇ ਲੰਮੇ ਸਮੇਂ ਤੋਂ ਬੇਹੱਦ ਸਰਗਰਮੀ ਦਿਖਾਈ ਜਾ ਰਹੀ ਹੈ। ਰਾਜ ਦੇ ਸਾਰੇ ਲੋਕ ਸਭਾ ਹਲਕਿਆਂ ਵਿਚ ਤਿੰਨ-ਤਿੰਨ ਕੇਂਦਰੀ ਮੰਤਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਉਹ ਕੇਂਦਰ ਸਰਕਾਰ ਵਲੋਂ ਲੋਕਾਂ ਦੇ ਲਾਭ ਲਈ ਚਲਾਈਆਂ ਗਈਆਂ ਯੋਜਨਾਵਾਂ ‘ਤੇ ਹੋ ਰਹੇ ਅਮਲ ਦੀ ਨਿਗਰਾਨੀ ਕਰਨ ਅਤੇ ਆਪੋ-ਆਪਣੇ ਲੋਕ ਸਭਾ ਹਲਕੇ ਵਿਚ ਭਾਜਪਾ ਦੇ ਹੱਕ ਵਿਚ ਮਾਹੌਲ ਬਣਾਉਣ ਲਈ ਵੀ ਸਰਗਰਮੀ ਨਾਲ ਆਪਣਾ ਰੋਲ ਅਦਾ ਕਰ ਰਹੇ ਹਨ। ਭਾਜਪਾ ਵਲੋਂ ਪੰਜਾਬ ਵਿਚ ਆਪਣਾ ਲੋਕ ਆਧਾਰ ਵਧਾਉਣ ਲਈ ਵੀ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮਕਸਦ ਲਈ ਹੀ ਭਾਜਪਾ ਵਲੋਂ ਕਾਂਗਰਸ ਅਤੇ ਹੋਰ ਪਾਰਟੀਆਂ ਵਿਚੋਂ ਬਹੁਤ ਸਾਰੇ ਸੀਨੀਅਰ ਲੀਡਰਾਂ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ ਹੈ।
ਹੁਣ ਇਸੇ ਨਿਸ਼ਾਨੇ ਨੂੰ ਮੁੱਖ ਰੱਖਦੇ ਭਾਜਪਾ ਦੀ ਹਾਈਕਮਾਨ ਨੇ ਪੰਜਾਬ ਭਾਜਪਾ ਦੀ ਅਗਵਾਈ ਸੁਨੀਲ ਜਾਖੜ ਦੇ ਹਵਾਲੇ ਕਰ ਦਿੱਤੀ ਹੈ। ਸੁਨੀਲ ਜਾਖੜ ਲਗਭਗ ਇਕ ਸਾਲ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋਏ ਸਨ। ਪਰ ਬਹੁਤ ਜਲਦ ਹੀ ਉਹ ਰਾਜ ਵਿਚ ਸਿਖ਼ਰਲੇ ਅਹੁਦੇ ਤੱਕ ਪਹੁੰਚ ਗਏ ਹਨ। ਉਂਝ ਰਾਜਨੀਤੀ ਵਿਚ ਸੁਨੀਲ ਜਾਖੜ ਕਿਸੇ ਜਾਣ-ਪਛਾਣ ਦੇ ਮੁਥਾਜ਼ ਨਹੀਂ ਹਨ। ਉਹ ਕਾਂਗਰਸ ਦੇ ਉੱਘੇ ਆਗੂ ਬਲਰਾਮ ਜਾਖੜ ਦੇ ਸਪੁੱਤਰ ਹਨ ਅਤੇ ਪੰਜਾਬ ਕਾਂਗਰਸ ਦੇ 2017 ਤੋਂ 2021 ਤੱਕ ਪ੍ਰਧਾਨ ਰਹੇ ਹਨ। ਅਬੋਹਰ ਵਿਧਾਨ ਸਭਾ ਹਲਕੇ ਤੋਂ ਉਹ 2002 ਤੋਂ 2017 ਦੇ ਸਮੇਂ ਦੌਰਾਨ ਤਿੰਨ ਵਾਰ ਵਿਧਾਨ ਸਭਾ ਦੀ ਚੋਣ ਜਿੱਤੇ ਸਨ। ਪੰਜਾਬ ਵਿਧਾਨ ਸਭਾ ਵਿਚ ਉਹ ਵਿਰੋਧੀ ਧਿਰ ਦੇ ਲੀਡਰ ਵੀ ਰਹੇ ਹਨ। ਉਨ੍ਹਾਂ ਨੇ ਗੁਰਦਾਸਪੁਰ ਤੋਂ 2017 ਵਿਚ ਹੋਈ ਲੋਕ ਸਭਾ ਦੀ ਉਪ-ਚੋਣ ਵਿਚ ਵੀ ਜਿੱਤ ਹਾਸਲ ਕੀਤੀ ਸੀ।
ਆਮ ਕਰਕੇ ਭਾਜਪਾ ਵਿਚ ਅਜਿਹੇ ਆਗੂ ਨੂੰ ਹੀ ਵੱਡਾ ਅਹੁਦਾ ਦਿੱਤਾ ਜਾਂਦਾ ਹੈ ਜਿਸ ਦਾ ਰਾਸ਼ਟਰੀ ਸੋਇਮ ਸੇਵਕ ਸੰਘ ਵਾਲਾ ਪਿਛੋਕੜ ਹੋਵੇ ਜਾਂ ਲੰਮੇ ਸਮੇਂ ਤੱਕ ਉਸ ਨੇ ਭਾਜਪਾ ਜਾਂ ਭਾਜਪਾ ਨਾਲ ਸੰਬੰਧਿਤ ਸੰਗਠਨਾਂ ਵਿਚ ਕੰਮ ਕੀਤਾ ਹੋਵੇ। ਸ਼ਾਇਦ ਪੰਜਾਬ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੂਸਰੀ ਪਾਰਟੀ ਵਿਚੋਂ ਆਏ ਲੀਡਰ ਨੂੰ ਬਹੁਤ ਜਲਦੀ ਭਾਜਪਾ ਦੀ ਪੰਜਾਬ ਇਕਾਈ ਦੀ ਅਗਵਾਈ ਸੌਂਪੀ ਗਈ ਹੈ। ਇਸ ਪਿੱਛੇ ਭਾਜਪਾ ਹਾਈਕਮਾਨ ਦੀ ਇਹ ਸਮਝ ਹੋ ਸਕਦੀ ਹੈ ਕਿ ਪੰਜਾਬ ਦੀਆਂ ਅਜੋਕੀਆਂ ਸਥਿਤੀਆਂ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ 2024 ਦੀਆਂ ਚੋਣਾਂ ਵਿਚ ਟੱਕਰ ਦੇਣ ਲਈ ਸੁਨੀਲ ਜਾਖੜ ਬਿਹਤਰ ਆਗੂ ਸਾਬਤ ਹੋ ਸਕਦੇ ਹਨ। ਉਹ ਭਾਜਪਾ ਵਿਚ ਦੂਸਰੀਆਂ ਪਾਰਟੀਆਂ ਤੋਂ ਆਏ ਲੀਡਰਾਂ ਨੂੰ ਵੀ ਨਾਲ ਲੈ ਕੇ ਚੱਲ ਸਕਣਗੇ ਅਤੇ ਕਾਂਗਰਸ ਅਤੇ ਦੂਸਰੀਆਂ ਪਾਰਟੀਆਂ ਦੇ ਹੋਰ ਆਗੂਆਂ ਤੇ ਵਰਕਰਾਂ ਨੂੰ ਵੀ ਭਾਜਪਾ ਨਾਲ ਜੋੜ ਸਕਦੇ ਹਨ। ਜਿਥੋਂ ਤੱਕ ਭਾਜਪਾ ਦੇ ਪੁਰਾਣੇ ਆਗੂਆਂ ਦਾ ਸੰਬੰਧ ਹੈ, ਭਾਜਪਾ ਹਾਈਕਮਾਨ ਨੂੰ ਇਸ ਗੱਲ ਦਾ ਵਿਸ਼ਵਾਸ ਹੋ ਸਕਦਾ ਹੈ ਕਿ ਉਨ੍ਹਾਂ ਵਿਚੋਂ ਭਾਵੇਂ ਕੁਝ ਆਗੂ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਉਣ ‘ਤੇ ਨਰਾਜ਼ ਹੋ ਸਕਦੇ ਹਨ, ਪਰ ਕਿਉਂਕਿ ਭਾਜਪਾ ਇਕ ਬੇਹੱਦ ਅਨੁਸ਼ਾਸਿਤ ਪਾਰਟੀ ਹੈ ਤੇ ਉਸ ਵਿਚ ਹਾਈਕਮਾਨ ਦੇ ਫ਼ੈਸਲਿਆਂ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾਂਦੀ ਹੈ, ਇਸ ਕਰਕੇ ਭਾਜਪਾ ਦੇ ਪੁਰਾਣੇ ਆਗੂਆਂ ਵਲੋਂ ਵੀ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਏ ਜਾਣ ਦਾ ਵਿਰੋਧ ਨਹੀਂ ਹੋਵੇਗਾ।
ਬਿਨਾਂ ਸ਼ੱਕ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਨਾਲ ਸੁਨੀਲ ਜਾਖੜ ‘ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਹੈ। ਹੁਣ ਇਹ ਆਉਣ ਵਾਲੇ ਸਮੇਂ ਵਿਚ ਹੀ ਦੇਖਿਆ ਜਾਵੇਗਾ ਕਿ ਉਹ ਪੰਜਾਬ ਭਾਜਪਾ ਨੂੰ ਜਥੇਬੰਦਕ ਤੌਰ ‘ਤੇ ਹੋਰ ਕਿੰਨਾ ਕੁ ਮਜ਼ਬੂਤ ਕਰਦੇ ਹਨ ਤੇ ਰਾਜ ਦੇ ਆਮ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਕੀ ਕਦਮ ਉਠਾਉਂਦੇ ਹਨ। ਇਹ ਵੀ ਵੇਖਿਆ ਜਾਵੇਗਾ ਕਿ ਉਹ ਪਾਰਟੀ ਨੂੰ 2024 ਦੀਆਂ ਚੋਣਾਂ ਲਈ ਕਿਸ ਤਰ੍ਹਾਂ ਤੇ ਕਿਸ ਹੱਦ ਤੱਕ ਤਿਆਰ ਕਰਨ ਵਿਚ ਸਫਲ ਹੁੰਦੇ ਹਨ।

Check Also

ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਘਟਨਾਕ੍ਰਮ

ਪਿਛਲੇ ਦਿਨੀਂ ਜ਼ਿਲ੍ਹਾ ਤਰਨਤਾਰਨ ਦੇ ਇਕ ਪਿੰਡ ਵਿਚ ਇਕ ਔਰਤ ਨਾਲ ਕੀਤੇ ਗਏ ਅਣਮਨੁੱਖੀ ਵਰਤਾਰੇ …