Breaking News
Home / ਸੰਪਾਦਕੀ / ਅਫਗਾਨਿਸਤਾਨ ਦੇ ਹਾਲਾਤ ਤੇ ਗੁਆਂਢੀ ਮੁਲਕ

ਅਫਗਾਨਿਸਤਾਨ ਦੇ ਹਾਲਾਤ ਤੇ ਗੁਆਂਢੀ ਮੁਲਕ

ਅਮਰੀਕਾ ਵਲੋਂ ਆਪਣੀ ਫੌਜ ਵਾਪਸ ਸੱਦਣ ਤੋਂ ਬਾਅਦ ਤੋਂ ਅਫਗਾਨਿਸਤਾਨ ਵਿਚ ਹਾਲਾਤ ਬੇਹੱਦ ਉੱਥਲ-ਪੁੱਥਲ ਵਾਲੇ ਹੋ ਗਏ ਹਨ। ਤਾਲਿਬਾਨੀਆਂ ਨੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਕਈ ਹਿੱਸਿਆਂ ‘ਤੇ ਕਬਜ਼ਾ ਕਰ ਲਿਆ ਹੈ। ਦੱਖਣੀ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰਗਾਹ ਵਿਚ ਭਿਆਨਕ ਲੜਾਈ ਜਾਰੀ ਹੈ।
ਤਾਲਿਬਾਨੀਆਂ ਅਤੇ ਵਿਦੇਸ਼ੀ ਅੱਤਵਾਦੀ ਸਮੂਹਾਂ ਦੇ ਤੇਜ਼ ਹੁੰਦੇ ਹਮਲਿਆਂ ਅਤੇ ਭਿਆਨਕ ਸਥਿਤੀ ਦਰਮਿਆਨ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਹਨੀਫ ਅਤਮਾਰ ਨੇ ਆਪਣੇ ਭਾਰਤੀ ਹਮਅਹੁਦਾ ਐੱਸ. ਜੈਸ਼ੰਕਰ ਨਾਲ ਗੱਲ ਕਰਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸੈਸ਼ਨ ਸੱਦਣ ਦਾ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਕਰ ਰਿਹਾ ਹੈ। ਆਪਣੇ ਬਿਆਨ ਵਿਚ ਅਤਮਾਰ ਨੇ ਕਿਹਾ ਹੈ ਕਿ ਵਿਦੇਸ਼ੀ ਲੜਾਕਿਆਂ ਅਤੇ ਅੱਤਵਾਦੀ ਸਮੂਹਾਂ ਨਾਲ ਮਿਲੀਭੁਗਤ ਨਾਲ ਅਫਗਾਨਿਸਤਾਨ ‘ਤੇ ਕੀਤੇ ਜਾ ਰਹੇ ਤਾਲਿਬਾਨ ਦੇ ਹਮਲੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ।
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਦੇ ਪੇਂਡੂ ਇਲਾਕਿਆਂ ‘ਤੇ ਕਬਜ਼ਾ ਕਰ ਚੁੱਕੇ ਤਾਲਿਬਾਨ ਨੇ ਹੁਣ ਸੂਬਾਈ ਰਾਜਧਾਨੀਆਂ ‘ਤੇ ਕਬਜ਼ਾ ਕਰਨ ‘ਤੇ ਧਿਆਨ ਕੇਂਦਰਿਤ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਖਣੀ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰਗਾਹ ਲਈ ਲੜਾਈ ਜਾਰੀ ਹੈ ਅਤੇ ਤਾਲਿਬਾਨ ਇਸ ਥਾਂ ‘ਤੇ 700 ਦੇ ਕਰੀਬ ਹਮਲੇ ਕਰ ਚੁੱਕਾ ਹੈ। ਇਨ੍ਹਾਂ ਹਮਲਿਆਂ ਵਿਚ 40 ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ 215 ਮਾਈਵੰਡ ਅਫਗਾਨ ਫੌਜ ਕੋਰ ਦੇ ਕਮਾਂਡਰ ਜਨਰਲ ਸਾਮੀ ਸਾਦਾਤ ਨੇ ਰਾਜਧਾਨੀ ਲਸ਼ਕਰਗਾਹ ਦੇ ਨਿਵਾਸੀਆਂ ਨੂੰ ਕਿਹਾ ਕਿ ਉਹ ਜਿੰਨੀ ਜਲਦੀ ਹੋ ਸਕੇ ਸ਼ਹਿਰ ਤੋਂ ਬਾਹਰ ਨਿਕਲ ਜਾਣ ਤਾਂ ਜੋ ਅਸੀਂ ਆਪਣਾ ਆਪ੍ਰੇਸ਼ਨ ਸ਼ੁਰੂ ਕਰ ਸਕੀਏ।
ਅਫਗਾਨਿਸਤਾਨ ਵਿਚ ਤਾਲਿਬਾਨ ਦੇ ਹਮਲਿਆਂ ਦੇ ਮੱਦੇਨਜ਼ਰ ਜੂਨ ਦੀ ਸ਼ੁਰੂਆਤ ਤੋਂ ਹੁਣ ਤੱਕ ਲਗਭਗ 80,000 ਬੱਚਿਆਂ ਨੂੰ ਇਥੋਂ ਕੱਢਿਆ ਜਾ ਚੁੱਕਾ ਹੈ। ਮਨੁੱਖੀ ਸੰਗਠਨ ਸੇਵ ਦਿ ਚਿਲਡਰਨ ਨੇ ਕਿਹਾ ਹੈ ਕਿ ਤਾਲਿਬਾਨ ਹਮਲਿਆਂ ਵਿਚ ਕਈ ਸਕੂਲਾਂ ਅਤੇ ਸਿਹਤ ਸਹੂਲਤਾਂ ਨੂੰ ਵੀ ਨੁਕਸਾਨ ਪੁੱਜਾ ਹੈ। ਚੋਟੀ ਦੇ ਅਮਰੀਕੀ ਡਿਪਲੋਮੈਟ ਐਂਟਨੀ ਬਲਿੰਕਨ ਤਾਲਿਬਾਨ ਨੇਤਾਵਾਂ ਨੂੰ ਆੜੇ ਹੱਥੀਂ ਲੈਂਦੇ ਹੋਏ ਕਹਿ ਚੁੱਕੇ ਹਨ ਕਿ ਇਕ ਲੋਕਤੰਤਰਿਕ, ਸਮਾਵੇਸ਼ੀ ਸਰਕਾਰ ਤੋਂ ਬਿਨਾਂ ਅਫਗਾਨਿਸਤਾਨ ਇਕ ‘ਮਾੜਾ ਮੁਲਕ’ ਹੋਵੇਗਾ ਅਤੇ ਸਮੂਹ ਜੋ ਕੌਮਾਂਤਰੀ ਮਾਨਤਾ ਚਾਹੁੰਦਾ ਹੈ ਉਹ ਸੰਭਵ ਨਹੀਂ ਹੋਵੇਗਾ।
ਅਫਗਾਨਿਸਤਾਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਵੱਖ-ਵੱਖ ਸੂਬਿਆਂ ਵਿਚ ਫੌਜੀ ਮੁਹਿੰਮ ਚਲਾਈ ਗਈ ਹੈ ਜਿਸ ਵਿਚ ਤਾਲਿਬਾਨ ਲੜਾਕਿਆਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜ਼ਮੀਨੀ ਅਤੇ ਹਵਾਈ ਮੁਹਿੰਮਾਂ ਦੇ ਨਤੀਜੇ ਵਜੋਂ ਸੈਂਕੜੇ ਤਾਲਿਬਾਨੀ ਲੜਾਕੇ ਮਾਰੇ ਗਏ ਹਨ। ਮੌਜੂਦਾ ਸਮੇਂ ਵਿਚ ਨੂਰਿਸਤਾਨ, ਲੋਗਰ, ਕੰਧਾਰ, ਓਰੂਜਗਨ, ਹੇਰਾਤ, ਜਵਾਜਾਨ, ਬਲਖ, ਸਮਾਂਗਨ, ਹੇਲਮੰਦ, ਕਪਿਸਾ ਅਤੇ ਬਗਲਾਨ ਸੂਬਿਆਂ ਵਿਚ ਆਪ੍ਰੇਸ਼ਨ ਜਾਰੀ ਹੈ। ਜ਼ਿਕਰਯੋਗ ਹੈ ਕਿ ਹੇਲਮੰਦ ਸੂਬੇ ਦਾ ਲਸ਼ਕਰਗਾਹ ਸ਼ਹਿਰ ਹਮੇਸ਼ਾ ਤੋਂ ਅਫਗਾਨਿਸਤਾਨ ਨੈਸ਼ਨਲ ਡਿਫੈਂਸ ਐਂਡ ਸਕਿਓਰਿਟੀ ਫੋਰਸ ਵਿਚਾਲੇ ਜੰਗ ਦਾ ਮੈਦਾਨ ਰਿਹਾ ਹੈ।
ਅਫਗਾਨਿਸਤਾਨ ਦੇ ਹਾਲਾਤ ਨੇ ਨਾ-ਸਿਰਫ਼ ਉਸ ਮੁਲਕ ਦੇ ਅੰਦਰੂਨੀ ਹਾਲਾਤ ਨੂੰ ਅਸਥਿਰ ਕਰਕੇ ਰੱਖ ਦਿੱਤਾ ਹੈ ਬਲਕਿ ਇਸ ਦਾ ਡਾਢਾ ਅਸਰ ਆਂਢੀ-ਗੁਆਂਢੀ ਮੁਲਕਾਂ ‘ਤੇ ਵੀ ਪਿਆ ਹੈ। ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਨਵੇਂ ਹਮਲੇ ਨਾਲ ਆਂਢ-ਗੁਆਂਢ ਦੇ ਦੇਸ਼ਾਂ ਦੀ ਸੋਚ ਅਤੇ ਪਹੁੰਚ ਵਿਚ ਵੱਡਾ ਫ਼ਰਕ ਆਇਆ ਹੈ। ਅਫ਼ਗਾਨਿਸਤਾਨ ਦੀ ਸਰਕਾਰ ਨਾਲ ਚਾਹੇ ਪਾਕਿਸਤਾਨ ਦੇ ਸਬੰਧ ਲਗਾਤਾਰ ਬੇਵਿਸ਼ਵਾਸੀ ਵਾਲੇ ਬਣੇ ਰਹੇ। ਅਫ਼ਗਾਨ ਸਰਕਾਰ ਵਲੋਂ ਉਸ ਨੂੰ ਲਗਾਤਾਰ ਚਿਤਾਵਨੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਪਰ ਇਸ ਦੇ ਬਾਵਜੂਦ ਇਹ ਦੁਸ਼ਮਣੀ ਵਾਲੇ ਨਹੀਂ ਸਨ। ਇਸ ਦਾ ਇਕ ਕਾਰਨ ਅਮਰੀਕਾ ਸੀ, ਜਿਸ ਨੂੰ ਇਸ ਲੜਾਈ ਵਿਚ ਪਾਕਿਸਤਾਨ ਦੀ ਲੋੜ ਸੀ।
ਦਹਾਕਿਆਂਬੱਧੀ ਅਮਰੀਕਾ ਪਾਕਿਸਤਾਨ ਦੀ ਹਰ ਪੱਖ ਤੋਂ ਮਦਦ ਕਰਦਾ ਰਿਹਾ ਹੈ। ਅਜਿਹੀ ਮਦਦ 1947 ਵਿਚ ਪਾਕਿਸਤਾਨ ਦੇ ਹੋਂਦ ਵਿਚ ਆਉਣ ਤੋਂ ਹੀ ਮਿਲਣੀ ਸ਼ੁਰੂ ਹੋ ਗਈ ਸੀ। ਉਸ ਸਮੇਂ ਉਹ ਵੱਡੀ ਹੱਦ ਤੱਕ ਅਮਰੀਕਾ ਦੇ ਆਸਰੇ ਅਤੇ ਰਹਿਮੋ-ਕਰਮ ‘ਤੇ ਸੀ।
ਬਾਅਦ ਵਿਚ ਵੀ ਭਾਰਤ ਦੀ ਦੇਸ਼ਾਂ ਦੇ ਕਿਸੇ ਵੀ ਧੜੇ ਵਿਚ ਨਾ ਰਲਣ ਅਤੇ ਨਿਰਲੇਪ ਰਹਿਣ ਦੀ ਨੀਤੀ ਕਾਰਨ ਅਮਰੀਕਾ ਦੇ ਭਾਰਤ ਨਾਲ ਸਬੰਧ ਕਦੀ ਵੀ ਦੋਸਤੀ ਵਾਲੇ ਨਾ ਬਣ ਸਕੇ। ਕਦੀ ਸੋਵੀਅਤ ਯੂਨੀਅਨ ਅਤੇ ਚੀਨ ਦੇ ਸਬੰਧ ਦੋਸਤਾਨਾ ਸਨ ਪਰ ਬਾਅਦ ਵਿਚ ਉਨ੍ਹਾਂ ਵਿਚ ਵੀ ਬੇਗਾਨਗੀ ਵਧਦੀ ਗਈ। ਅਮਰੀਕਾ ਚੀਨ ਦਾ ਵੱਡਾ ਦੁਸ਼ਮਣ ਸੀ ਪਰ ਸਾਲ 1971 ਵਿਚ ਪਾਕਿਸਤਾਨ ਦੇ ਰਾਹੀਂ ਦੋਵਾਂ ਮੁਲਕਾਂ ਵਿਚ ਸਹਿਯੋਗ ਵਧਣਾ ਸ਼ੁਰੂ ਹੋ ਗਿਆ। ਅਮਰੀਕੀ ਵਿਦੇਸ਼ ਮੰਤਰੀ ਹੈਨਰੀ ਕਸਿੰਗਰ ਨੇ 1971 ਵਿਚ ਪਾਕਿਸਤਾਨ ਦੀ ਮਦਦ ਨਾਲ ਚੀਨ ਦਾ ਗੁਪਤ ਦੌਰਾ ਕੀਤਾ ਸੀ। 1962 ਤੋਂ ਪਹਿਲਾਂ ਭਾਰਤ ਤੇ ਚੀਨ ਮਿੱਤਰ ਸਨ। ਇਨ੍ਹਾਂ ਦੋਵਾਂ ਵਿਚ ਪੰਚਸ਼ੀਲ ਭਾਵ ਆਪਸੀ ਸ਼ਾਂਤੀ ਅਤੇ ਸਹਿਯੋਗ ਦਾ ਸਮਝੌਤਾ ਹੋਇਆ ਸੀ ਪਰ ਚੀਨ ਦੇ ਹਮਲੇ ਤੋਂ ਬਾਅਦ ਇਹ ਦੋਸਤੀ ਦੁਸ਼ਮਣੀ ਵਿਚ ਬਦਲ ਗਈ। ਪਰ ਪਿਛਲੇ 7 ਦਹਾਕਿਆਂ ਵਿਚ ਭਾਰਤ ਅਤੇ ਰੂਸ ਦੀ ਦੋਸਤੀ ਅਤੇ ਆਪਸੀ ਸਹਿਯੋਗ ਇਤਿਹਾਸਕ ਬਣਿਆ ਨਜ਼ਰ ਆਉਂਦਾ ਹੈ। ਕਦੀ ਸੋਵੀਅਤ ਯੂਨੀਅਨ ਦੁਨੀਆ ਦੀ ਵੱਡੀ ਸ਼ਕਤੀ ਸੀ। ਭਾਰਤ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਇਕ ਵਿਕਾਸਸ਼ੀਲ ਦੇਸ਼ ਸੀ ਪਰ ਉਸ ਸਮੇਂ ਜਿਸ ਕਦਰ ਅਤੇ ਜਿੰਨੀ ਦੋਸਤੀ ਸੋਵੀਅਤ ਯੂਨੀਅਨ ਨੇ ਭਾਰਤ ਨਾਲ ਨਿਭਾਈ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਹਰ ਪੱਖ ਤੋਂ ਜਿੰਨੀ ਮਦਦ ਸੋਵੀਅਤ ਯੂਨੀਅਨ ਨੇ ਭਾਰਤ ਨੂੰ ਦਿੱਤੀ ਉਹ ਇਤਿਹਾਸ ਦੇ ਸੁਨਹਿਰੀ ਪੰਨੇ ਕਹੇ ਜਾ ਸਕਦੇ ਹਨ। ਕਿਸੇ ਵੇਲੇ ਦੋ ਸੋਵੀਅਤ ਆਗੂਆਂ ਨਿਕੋਲਈ ਬੁਲਗਾਨਿਨ ਅਤੇ ਨਿਕੀਤਾ ਖਰੁਸ਼ਚੇਵ ਨੇ ਭਾਰਤ ਆ ਕੇ ਪਾਕਿਸਤਾਨ ਸਬੰਧੀ ਸੰਬੋਧਿਤ ਹੁੰਦਿਆਂ ਇਥੋਂ ਤੱਕ ਵੀ ਕਿਹਾ ਸੀ ਕਿ ਜਦੋਂ ਤੁਸੀਂ ਸਾਨੂੰ ਆਵਾਜ਼ ਮਾਰੋਗੇ, ਉਦੋਂ ਅਸੀਂ ਹਾਜ਼ਰ ਹੋਵਾਂਗੇ। ਭਾਰਤ ਦੇ ਅਤਿ ਮੁਸੀਬਤ ਦੇ ਸਮੇਂ ਵੀ ਸੋਵੀਅਤ ਯੂਨੀਅਨ ਨੇ ਇਹ ਦੋਸਤੀ ਨਿਭਾਈ ਸੀ। ਸਾਲ 1971 ਵਿਚ ਸੋਵੀਅਤ ਯੂਨੀਅਨ ਟੁੱਟ ਗਈ। ਦਰਜਨ ਭਰ ਛੋਟੇ ਦੇਸ਼ ਇਸ ਤੋਂ ਵੱਖ ਹੋ ਗਏ। ਇਹ ਆਪਣੇ ਪਿਛਲੇ ਅਸਲੀ ਨਾਂਅ ਰੂਸ ਨਾਲ ਜਾਣਿਆ ਜਾਣ ਲੱਗਾ। ਉਸ ਤੋਂ ਬਾਅਦ ਅਜਿਹਾ ਖ਼ਦਸ਼ਾ ਜ਼ਰੂਰ ਸੀ ਕਿ ਦੋਵਾਂ ਦੇਸ਼ਾਂ ਦੇ ਸਬੰਧ ਪਹਿਲਾਂ ਵਰਗੇ ਨਹੀਂ ਰਹਿਣਗੇ ਪਰ ਇਹ ਮਿੱਤਰਤਾ ਅਤੇ ਸਹਿਯੋਗ ਸਮੇਂ ਦੇ ਇਮਤਿਹਾਨ ਵਿਚ ਪਾਸ ਹੋ ਗਿਆ ਹੈ। ਉਸ ਸਮੇਂ ਵੀ ਜਦੋਂ ਰੂਸ ਅਤੇ ਚੀਨ ਵਲੋਂ ਆਪਸ ‘ਚ ਕਈ ਤਰ੍ਹਾਂ ਦੇ ਸਮਝੌਤੇ ਕੀਤੇ ਗਏ ਸਨ ਪਰ ਭਾਰਤ ਨਾਲ ਉਸ ਦੇ ਇਕਰਾਰਨਾਮੇ ਪਹਿਲਾਂ ਵਾਂਗ ਹੀ ਕਾਇਮ ਰਹੇ। ਇਸੇ ਮਹੀਨੇ ਦੀ ਦਿਨ ਨੂੰ ਭਾਵ 9 ਅਗਸਤ, 1971 ਨੂੰ ਭੁਲਾਇਆ ਨਹੀਂ ਜਾ ਸਕਦਾ। ਭਾਰਤ ਦੇ ਇਤਿਹਾਸ ਵਿਚ ਇਹ ਦਿਨ ਅਤੇ ਉਹ ਸਾਲ ਇਤਿਹਾਸਕ ਕਿਹਾ ਜਾ ਸਕਦਾ ਹੈ। ਜਦੋਂ ਸੋਵੀਅਤ ਯੂਨੀਅਨ ਅਤੇ ਭਾਰਤ ਨੇ ਸ਼ਾਂਤੀ, ਦੋਸਤੀ ਅਤੇ ਸਹਿਯੋਗ ਦੀ ਸੰਧੀ ‘ਤੇ ਦਸਤਖ਼ਤ ਕੀਤੇ ਸਨ।
ਉਸ ਸਮੇਂ ਪੂਰਬੀ ਪਾਕਿਸਤਾਨ ਜੋ ਅੱਜ ਬੰਗਲਾਦੇਸ਼ ਬਣ ਚੁੱਕਾ ਹੈ, ਵਿਚ ਪੱਛਮੀ ਪਾਕਿਸਤਾਨ ਨੇ ਇਕ ਤਰ੍ਹਾਂ ਨਾਲ ਹੱਲਾ ਬੋਲ ਦਿੱਤਾ ਸੀ, ਕਿਉਂਕਿ ਦਸੰਬਰ 1970 ਨੂੰ ਪਾਕਿਸਤਾਨ ਦੀਆਂ ਹੋਈਆਂ ਚੋਣਾਂ ਵਿਚ ਸ਼ੇਖ ਮੁਜੀਬ-ਉਰ-ਰਹਿਮਾਨ ਦੀ ਅਗਵਾਈ ਵਾਲੀ ਅਵਾਮੀ ਪਾਰਟੀ ਨੂੰ ਬਹੁਮਤ ਪ੍ਰਾਪਤ ਹੋ ਗਿਆ ਸੀ ਪਰ ਪੱਛਮੀ ਪਾਕਿਸਤਾਨ ਦੀ ਫ਼ੌਜ ਅਤੇ ਸਿਆਸਤਦਾਨਾਂ, ਖ਼ਾਸ ਤੌਰ ‘ਤੇ ਜ਼ੁਲਫ਼ਕਾਰ ਅਲੀ ਭੁੱਟੋ ਨੂੰ ਵੋਟਰਾਂ ਦਾ ਅਜਿਹਾ ਫ਼ੈਸਲਾ ਮਨਜ਼ੂਰ ਨਹੀਂ ਸੀ।

Check Also

ਭਾਰਤ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ

ਭਾਰਤ ਵਿਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਹਵਾ ਪ੍ਰਦੂਸ਼ਣ ਇਸੇ …