Breaking News
Home / ਖੇਡਾਂ / ਭਾਰਤੀ ਹਾਕੀ ਟੀਮ ਦਾ ਵਤਨ ਪਰਤਣ ‘ਤੇ ਹੋਇਆ ਭਰਵਾਂ ਸਵਾਗਤ

ਭਾਰਤੀ ਹਾਕੀ ਟੀਮ ਦਾ ਵਤਨ ਪਰਤਣ ‘ਤੇ ਹੋਇਆ ਭਰਵਾਂ ਸਵਾਗਤ

ਹਾਕੀ ਟੀਮ ਦੇ ਖਿਡਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
ਸ਼੍ਰੋਮਣੀ ਕਮੇਟੀ ਨੇ ਖਿਡਾਰੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਟੋਕੀਓ ਓਲੰਪਿਕ ਵਿੱਚੋਂ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਸ਼੍ਰੋਮਣੀ ਕਮੇਟੀ ਨੇ ਉਹ ਇਨ੍ਹਾਂ ਖਿਡਾਰੀਆਂ ਦਾ ਸਨਮਾਨ ਵੀ ਕੀਤਾ। ਇਸ ਤੋਂ ਪਹਿਲਾਂ ਹਾਕੀ ਖਿਡਾਰੀਆਂ ਦਾ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ‘ਤੇ ਵੀ ਨਿੱਘਾ ਸਵਾਗਤ ਕੀਤਾ ਗਿਆ ਸੀ। ਹਾਕੀ ਖਿਡਾਰੀਆਂ ਵਿੱਚ ਕਪਤਾਨ ਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਦਿਲਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਕ੍ਰਿਸ਼ਨਾ ਬਹਾਦੁਰ ਪਾਠਕ ਅਤੇ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਸ਼ਾਮਲ ਸੀ। ਹਵਾਈ ਅੱਡੇ ਤੋਂ ਖਿਡਾਰੀਆਂ ਨੂੰ ਫੁੱਲਾਂ ਨਾਲ ਸਜਾਈ ਗਈ ਸ਼੍ਰੋਮਣੀ ਕਮੇਟੀ ਦੀ ਵਾਲਵੋ ਬੱਸ ਵਿਚ ਲਿਆਂਦਾ ਗਿਆ, ਜਿਸ ਦੀ ਅਗਵਾਈ ਪੰਜਾਬ ਪੁਲਿਸ ਦੀ ਇਕ ਟੀਮ ਕਰ ਰਹੀ ਸੀ। ਹਾਕੀ ਟੀਮ ਦੇ ਪ੍ਰਸ਼ੰਸਕਾਂ ਦਾ ਕਹਿਣਾ ਸੀ ਕਿ 41 ਸਾਲ ਬਾਅਦ ਦੇਸ਼ ਅਤੇ ਪੰਜਾਬ ਨੂੰ ਮਾਣ ਮਿਲਿਆ ਹੈ। ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੇ ਸ਼ੁਕਰਾਨੇ ਦੀ ਅਰਦਾਸ ਕਰਨ ਪੁੱਜੇ ਹਾਕੀ ਖਿਡਾਰੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਟੀਮ ਦੇ ਹਰੇਕ ਖਿਡਾਰੀ ਨੂੰ ਪੰਜ-ਪੰਜ ਲੱਖ ਰੁਪਏ ਦਾ ਚੈੱਕ, ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ। ਇਸ ਮੌਕੇ ਪੁਰਸ਼ ਹਾਕੀ ਖਿਡਾਰੀਆਂ ਦੇ ਨਾਲ-ਨਾਲ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ, ਭਾਰਤੀ ਹਾਕੀ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਅਤੇ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਸਮੇਤ ਓਲੰਪਿਕ ਵਿੱਚੋਂ ਮੱਲਾਂ ਮਾਰਨ ਵਾਲੇ ਕਈ ਸਾਬਕਾ ਖਿਡਾਰੀਆਂ ਨੂੰ ਵੀ ਸਨਮਾਨਿਆ ਗਿਆ।
ਗੁਰੂ ਘਰ ਤੋਂ ਮਿਲਿਆ ਸਨਮਾਨ ਸਭ ਤੋਂ ਵੱਡਾ: ਮਨਪ੍ਰੀਤ ਸਿੰਘ
ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਘਰ ਤੋਂ ਮਿਲਿਆ ਸਨਮਾਨ ਸਾਡੇ ਲਈ ਸਭ ਤੋਂ ਵੱਡਾ ਹੈ। ਇਸ ਨਾਲ ਸਾਨੂੰ ਹੋਰ ਅੱਗੇ ਵਧਣ ਦਾ ਹੌਸਲਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਕਾਂਸੀ ਦਾ ਤਗ਼ਮਾ ਜਿੱਤਣ ‘ਤੇ ਟੀਮ ਨੇ ਫ਼ੈਸਲਾ ਕੀਤਾ ਸੀ ਕਿ ਉਹ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ, ਜਿਸ ਤਹਿਤ ਉਨ੍ਹਾਂ ਇੱਥੇ ਪੁੱਜ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਹੈ।
ਹਾਕੀ ਖਿਡਾਰਨ ਗੁਰਜੀਤ ਕੌਰ ਦਾ ਸ਼ਾਨਦਾਰ ਸਵਾਗਤ
ਅਜਨਾਲਾ/ਬਿਊਰੋ ਨਿਊਜ਼ : ਟੋਕੀਓ ਓਲੰਪਿਕ ਤੋਂ ਪਰਤੀ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਸ਼ਾਮਲ ਪੰਜਾਬ ਦੀ ਇੱਕਲੌਤੀ ਖਿਡਾਰਨ ਗੁਰਜੀਤ ਕੌਰ ਦਾ ਉਨ੍ਹਾਂ ਦੇ ਜੱਦੀ ਪਿੰਡ ਮਿਆਦੀਆਂ ਪੁੱਜਣ ‘ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਅਜਨਾਲਾ ਪਹੁੰਚਣ ‘ਤੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਬਾਹਰ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਸਮੇਤ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਸੇਵੀ ਜਥੇਬੰਦੀਆਂ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਜੀਤ ਕੌਰ ਨੇ ਕਿਹਾ ਕਿ ਦੇਸ਼ ਲਈ ਖੇਡਣਾ ਉਸ ਲਈ ਮਾਣ ਵਾਲੀ ਗੱਲ ਹੈ। ਉਹ ਆਉਣ ਵਾਲੇ ਸਮੇਂ ‘ਚ ਦੇਸ਼ ਦਾ ਨਾਂ ਹੋਰ ਰੌਸ਼ਨ ਕਰੇਗੀ। ਉਸ ਨੇ ਨੌਜਵਾਨ ਪੀੜ੍ਹੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਕਰ ਕੇ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਸ ਨੇ ਜੂਨੀਅਰ ਖਿਡਾਰੀਆਂ ਨੂੰ ਉੱਚੀਆਂ ਮੰਜ਼ਿਲਾਂ ਸਰ ਕਰਨ ਲਈ ਪ੍ਰੇਰਿਆ। ਪਿੰਡ ਮਿਆਦੀਆਂ ਪਹੁੰਚਣ ‘ਤੇ ਗੁਰਜੀਤ ਨੇ ਸਥਾਨਕ ਗੁਰਦੁਆਰੇ ਵਿੱਚ ਵੀ ਮੱਥਾ ਟੇਕਿਆ ਤੇ ਪਿੰਡ ਵਾਸੀਆਂ ਵੱਲੋਂ ਖਿਡਾਰਨ ਦਾ ਸਨਮਾਨ ਕੀਤਾ ਗਿਆ।
ਹਰਮਨਪ੍ਰੀਤ ਤੇ ਗੁਰਜੰਟ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣ ਦਾ ਸੱਦਾ
ਜੰਡਿਆਲਾ ਗੁਰੂ : ਉਲੰਪਿਕ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਪਰਤੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਦਾ ਆਪਣੇ ਪਿੰਡ ਤਿੰਮੋਵਾਲ ਅਤੇ ਗੁਰਜੰਟ ਸਿੰਘ ਦਾ ਪਿੰਡ ਖਲਿਹਾਰਾ ਪਹੁੰਚਣ ‘ਤੇ ਪਿੰਡ ਵਾਸੀਆਂ, ਰਿਸ਼ਤੇਦਾਰਾਂ ਸਨੇਹੀਆਂ ਨੇ ਭਰਵਾਂ ਸਵਾਗਤ ਕੀਤਾ। ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਗੁਰਦੁਆਰਾ ਸਾਹਿਬ ਨਤਮਸਤਕ ਹੋਏ। ਇਸ ਉਪਰੰਤ ਪਿੰਡ ਵਾਸੀ ਹਰਮਨਪ੍ਰੀਤ ਨੂੰ ਉਸ ਦੇ ਘਰ ਲੈ ਗਏ। ਘਰ ਵਿੱਚ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਹਰਮਨਪ੍ਰੀਤ ਸਿੰਘ ਨੇ ਕਿਹਾ ਉਹ ਪੂਰੇ ਜੋਸ਼ ਨਾਲ ਖੇਡੇ ਸਨ। ਉਨ੍ਹਾਂ ਦਾ ਮਨੋਰਥ ਦੇਸ਼ ਲਈ ਹਾਕੀ ਵਿੱਚ ਤਗ਼ਮਾ ਜਿੱਤਣਾ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨਾ ਸੀ। ਉਨ੍ਹਾਂ ਨੌਜਵਾਨ ਵਰਗ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਖੇਡਾਂ ਵੱਲ ਧਿਆਨ ਦੇਣ ਅਤੇ ਤਗ਼ਮੇ ਜਿੱਤ ਕੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨ। ਇਸੇ ਤਰ੍ਹਾਂ ਪਿੰਡ ਖਲਿਹਾਰਾ ਪੁੱਜਣ ‘ਤੇ ਹਾਕੀ ਖਿਡਾਰੀ ਗੁਰਜੰਟ ਸਿੰਘ ਦਾ ਉਸ ਦੀ ਮਾਤਾ ਸੁਖਵਿੰਦਰ ਕੌਰ ਨੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਗੁਰਜੰਟ ਸਿੰਘ ਦੇ ਦਾਦਾ ਸਾਬਕਾ ਸਰਪੰਚ ਸੁਵਿੰਦਰ ਸਿੰਘ ਤੇ ਪਿਤਾ ਬਲਦੇਵ ਸਿੰਘ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਗੁਰਜੰਟ ਨੇ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਰੁਪਿੰਦਰਪਾਲ ਦੀ ਆਮਦ ‘ਤੇ ਫਰੀਦਕੋਟ ‘ਚ ਜਸ਼ਨ ਦਾ ਮਾਹੌਲ
ਫਰੀਦਕੋਟ : ਟੋਕੀਓ ਵਿੱਚ ਹੋਈਆਂ ਉਲੰਪਿਕ ਖੇਡਾਂ ਦੌਰਾਨ ਹਾਕੀ ਟੀਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਜੱਦੀ ਸ਼ਹਿਰ ਫ਼ਰੀਦਕੋਟ ਪੁੱਜੇ ਹਾਕੀ ਟੀਮ ਦੇ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਜ਼ਿਲ੍ਹਾ ਖੇਡ ਵਿਭਾਗ ਅਤੇ ਹਾਕੀ ਕਲੱਬ ਫ਼ਰੀਦਕੋਟ ਨੇ ਸਵਾਗਤੀ ਸਮਾਗਮਾਂ ਦੀ ਪ੍ਰਧਾਨਗੀ ਕੀਤੀ। ਸੈਂਕੜੇ ਸ਼ਹਿਰ ਵਾਸੀ ਕਾਫ਼ਲੇ ਦੇ ਰੂਪ ਵਿੱਚ ਰੁਪਿੰਦਰ ਪਾਲ ਸਿੰਘ ਨੂੰ ਉਸ ਦੇ ਘਰ ਛੱਡ ਕੇ ਆਏ।
ਸਿਮਰਨਜੀਤ ਦੇ ਪਿੰਡ ਚਾਹਲ ਕਲਾਂ ਵਿੱਚ ਵਿਆਹ ਵਰਗਾ ਮਾਹੌਲ
ਬਟਾਲਾ : ਭਾਰਤੀ ਹਾਕੀ ਖਿਡਾਰੀ ਸਿਮਰਨਜੀਤ ਸਿੰਘ ਦਾ ਜੱਦੀ ਪਿੰਡ ਚਾਹਲ ਕਲਾਂ (ਬਟਾਲਾ) ਪਹੁੰਚਣ ‘ਤੇ ਐੱਸਐੱਸਪੀ ਬਟਾਲਾ ਰਛਪਾਲ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ। ਖਿਡਾਰੀ ਦੇ ਸਵਾਗਤ ਲਈ ਪੁਲਿਸ ਹੈੱਡਕੁਆਰਟਰ ਵਿੱਚ ਢੋਲ ਵੱਜੇ। ਐੱਸਐੱਸਪੀ ਦਫ਼ਤਰ ਬਟਾਲਾ ਤੋਂ ਹਾਕੀ ਖਿਡਾਰੀ ਆਪਣੇ ਜੱਦੀ ਪਿੰਡ ਚਾਹਲ ਕਲਾਂ ਪਹੁੰਚਿਆ, ਜਿੱਥੇ ਉਸ ਦੇ ਘਰ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਸੀ। ਪਿੰਡ ਵਾਸੀਆਂ ਨੇ ਢੋਲ ਅਤੇ ਡੀਜੇ ‘ਤੇ ਭੰਗੜੇ ਪਾ ਕੇ ਸਿਮਰਨਜੀਤ ਦਾ ਸਵਾਗਤ ਕੀਤਾ।
ਸ਼ਮਸ਼ੇਰ ਸਿੰਘ ਦੇ ਸਵਾਗਤ ਲਈ ਅਟਾਰੀ ‘ਚ ਪਏ ਭੰਗੜੇ
ਅਟਾਰੀ : ਹਾਕੀ ਖਿਡਾਰੀ ਸ਼ਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਨੂੰ ਅਟਾਰੀ ਬੱਸ ਅੱਡੇ ਤੋਂ ਬਾਜ਼ਾਰ ਰਾਹੀਂ ਵੱਡੇ ਕਾਫ਼ਲੇ ਨਾਲ ਭੰਗੜਾ ਪਾ ਕੇ ਸਕੂਲ ਦੇ ਖੇਡ ਮੈਦਾਨ ਵਿੱਚ ਲਿਆਂਦਾ। ਸ਼ਮਸ਼ੇਰ ਦੇ ਆਉਣ ਦੀ ਖੁਸ਼ੀ ਵਿੱਚ ਹੋਰਡਿੰਗ ਲਗਾਏ ਹੋਏ ਸਨ। ਇਸ ਮੌਕੇ ਕਰਨਦੀਪ ਸਿੰਘ ਕੈਮੀ ਢਿੱਲੋਂ ਨੇ ਸ਼ਮਸ਼ੇਰ ਸਿੰਘ ਨੂੰ 51 ਹਜ਼ਾਰ ਰੁਪਏ ਭੇਟ ਕਰਕੇ ਸਨਮਾਨਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਦੇ ਮੈਦਾਨ ਵਿੱਚ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਹਲਕਾ ਵਿਧਾਇਕ ਤਰਸੇਮ ਸਿੰਘ ਡੀਸੀ ਅਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਜਲੰਧਰ ‘ਚ ਹਾਕੀ ਖਿਡਾਰੀਆਂ ਦਾ ਭਰਵਾਂ ਸਵਾਗਤ
ਜੇਤੂ ਖਿਡਾਰੀਆਂ ਲਈ ਪੱਬਾਂ ਭਾਰ ਰਹੇ ਜਲੰਧਰ ਵਾਸੀ
ਜਲੰਧਰ : ਟੋਕੀਓ ਓਲੰਪਿਕ ਵਿਚ ਹਾਕੀ ‘ਚ ਕਾਂਸੀ ਦਾ ਤਗ਼ਮਾ ਜਿੱਤ ਕੇ ਜਲੰਧਰ ਪਹੁੰਚੇ ਖਿਡਾਰੀਆਂ ਦਾ ਲੋਕਾਂ ਨੇ ਨਿੱਘਾ ਸਵਾਗਤ ਕੀਤਾ। ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਵਰੁਣ ਕੁਮਾਰ ਨੂੰ ਬੀਐੱਸਐੱਫ ਚੌਕ ਤੋਂ ਫੁੱਲਾਂ ਨਾਲ ਸਜਾਈ ਖੁੱਲ੍ਹੀ ਜੀਪ ਵਿੱਚ ਲਿਆਂਦਾ ਗਿਆ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਅਸਮਾਨੀ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚੋਂ ਜਦੋਂ ਇਹ ਖਿਡਾਰੀ ਢੋਲ-ਢਮੱਕੇ ਨਾਲ ਖੁੱਲ੍ਹੀ ਜੀਪ ‘ਚ ਲੰਘ ਰਹੇ ਸਨ ਤਾਂ ਲੋਕ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ। ਗੁਰੂ ਨਾਨਕ ਮਿਸ਼ਨ ਗੁਰਦੁਆਰਾ ਵਿੱਚ ਇਨ੍ਹਾਂ ਖਿਡਾਰੀਆਂ ਨੂੰ ਪ੍ਰਬੰਧਕੀ ਕਮੇਟੀ ਵੱਲੋਂ ਸਿਰੋਪੇ ਤੇ ਸ੍ਰੀ ਸਾਹਿਬ ਭੇਟ ਕੀਤੀਆਂ ਗਈਆਂ।
ਇਹ ਤਿੰਨੋਂ ਖਿਡਾਰੀ ਮਿੱਠਾਪੁਰ ਪਿੰਡ ਦੇ ਰਹਿਣ ਵਾਲੇ ਹਨ ਤੇ ਪਿੰਡ ਪਹੁੰਚਣ ‘ਤੇ ਸਭ ਤੋਂ ਪਹਿਲਾਂ ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਸਾਬਕਾ ਉਲੰਪੀਅਨ ਤੇ ਵਿਧਾਇਕ ਪਰਗਟ ਸਿੰਘ ਅਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਸਾਬਕਾ ਹੋਰ ਸਾਬਕਾ ਉਲੰਪੀਅਨਾਂ ਨੇ ਹਾਕੀ ਟੀਮ ਵੱਲੋਂ ਰਚੇ ਗਏ ਇਤਿਹਾਸ ‘ਤੇ ਫਖ਼ਰ ਮਹਿਸੂਸ ਕੀਤਾ ਤੇ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾਦਾਇਕ ਦੱਸਿਆ। ਇਸ ਤੋਂ ਬਾਅਦ ਤਿੰਨੋਂ ਖਿਡਾਰੀ ਮਿੱਠਾਪੁਰ ਦੀ ਆਪਣੀ ਹਾਕੀ ਗਰਾਊਂਡ ਵਿੱਚ ਗਏ, ਜਿੱਥੇ ਉਨ੍ਹਾਂ ਗਰਾਊਂਡ ਨੂੰ ਸਿਰ ਝੁਕਾ ਕੇ ਸਿਜਦਾ ਕੀਤਾ। ਇੱਥੇ ਜੂਨੀਅਰ ਖਿਡਾਰੀਆਂ ਨੇ ਹਾਕੀਆਂ ਉੱਚੀਆਂ ਕਰ ਕੇ ਉਨ੍ਹਾਂ ਨੂੰ ਸਲਾਮੀ ਦਿੱਤੀ ਤੇ ਫੁੱਲਾਂ ਦੀ ਵਰਖਾ ਕੀਤੀ।
ਉਲੰਪਿਕ ਵਿੱਚ 41 ਸਾਲਾਂ ਬਾਅਦ ਕਾਂਸੀ ਦਾ ਤਗ਼ਮਾ ਜਿੱਤਣ ਦੀਆਂ ਸਾਰੀਆਂ ਖੁਸ਼ੀਆਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਆਪਣੀ ਮਾਂ ਦੀ ਝੋਲੀ ਪਾ ਦਿੱਤੀਆਂ ਹਨ। ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਉਸ ਦਾ ਸਿਰ ਫਖ਼ਰ ਨਾਲ ਉਦੋਂ ਉੱਚਾ ਹੋ ਗਿਆ, ਜਦੋਂ ਉਸ ਦੇ ਪੁੱਤ ਨੇ ਟੋਕੀਓ ‘ਚ ਜਿੱਤਿਆ ਕਾਂਸੀ ਦਾ ਤਗ਼ਮਾ ਉਸ ਦੇ ਗਲ਼ ਪਾ ਦਿੱਤਾ।
ਹਾਰਦਿਕ ਨੂੰ ਦੇਖਣ ਲਈ ਘਰਾਂ ਦੀਆਂ ਛੱਤਾਂ ‘ਤੇ ਚੜ੍ਹੇ ਲੋਕ
ਜਲੰਧਰ : ਜਲੰਧਰ ਦੇ ਲੋਕਾਂ, ਸਾਬਕਾ ਖਿਡਾਰੀਆਂ ਅਤੇ ਐੱਸਡੀਐੱਮ ਨੇ ਰਾਮਾਮੰਡੀ ਵਿੱਚ ਹਾਕੀ ਖਿਡਾਰੀ ਹਾਰਦਿਕ ਸਿੰਘ ਦਾ ਸਵਾਗਤ ਕੀਤਾ। ਹਾਰਦਿਕ ਨੂੰ ਦੇਖਣ ਲਈ ਲੋਕ ਆਪਣੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹੇ ਹੋਏ ਸਨ। ਛਾਉਣੀ ਇਲਾਕੇ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਇਹ ਜੇਤੂ ਕਾਫ਼ਲਾ ਉਨ੍ਹਾਂ ਦੇ ਜੱਦੀ ਪਿੰਡ ਖੁਸਰੋਪੁਰ ਦੇ ਨਾਲ ਲੱਗਦੇ ਅਲਾਦੀਨਪੁਰ ਪਿੰਡ ਪਹੁੰਚਿਆ ਜਿੱਥੇ ਹੁਣ ਹਾਰਦਿਕ ਸਿੰਘ ਦੇ ਮਾਪੇ ਰਹਿੰਦੇ ਹਨ। ਇਸ ਮੌਕੇ ਹਾਰਦਿਕ ਸਿੰਘ ਦੇ ਪਿਤਾ ਐੱਸਪੀ ਲਵਲੀ ਵਰਿੰਦਰਪ੍ਰੀਤ ਸਿੰਘ ਤੇ ਮਾਤਾ ਕਮਲਜੀਤ ਕੌਰ, ਭਰਾ ਤੇ ਹੋਰ ਰਿਸ਼ਤੇਦਾਰ ਮੌਜੂਦ ਸਨ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …