Breaking News
Home / ਪੰਜਾਬ / ਕਿਸਾਨੀ ਸੰਘਰਸ਼ ਦੌਰਾਨ ਮੋਦੀ ਸਰਕਾਰ ਦੀ ਇਕ ਹੋਰ ਕੋਝੀ ਚਾਲ

ਕਿਸਾਨੀ ਸੰਘਰਸ਼ ਦੌਰਾਨ ਮੋਦੀ ਸਰਕਾਰ ਦੀ ਇਕ ਹੋਰ ਕੋਝੀ ਚਾਲ

ਐੱਨ ਆਈ ਏ ਵੱਲੋਂ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਸੰਮਨ
ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ ਨੇ ਕੀਤੀ ਕਾਰਵਾਈ ਤਹਿਤ ਕਿਸਾਨ ਸੰਘਰਸ਼ ਨਾਲ ਜੁੜੇ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਸੰਮਨ ਭੇਜ ਕੇ ਦਿੱਲੀ ਤਲਬ ਕੀਤਾ ਹੈ। ਅਧਿਕਾਰੀਆਂ ਮੁਤਾਬਕ ਸਿੱਖਸ ਫਾਰ ਜਸਟਿਸ ਨਾਲ ਜੁੜੇ ਕੇਸ ਦੇ ਸਬੰਧ ‘ਚ ਇਨ੍ਹਾਂ ਨੂੰ ਅਗਲੇ ਦਿਨੀਂ ਵੱਖ ਵੱਖ ਤਰੀਕਾਂ ‘ਤੇ ਦਿੱਲੀ ਸੱਦਿਆ ਗਿਆ ਹੈ। ਐੱਨਆਈਏ ਸੰਮਨ ਕੀਤੇ ਆਗੂਆਂ ਵਿੱਚ ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ, ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਜਸਬੀਰ ਸਿੰਘ ਰੋਡੇ ਸਣੇ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ, ਪਰਮਜੀਤ ਸਿੰਘ ਅਕਾਲੀ, ਜਗਸੀਰ ਸਿੰਘ ਮੌੜ ਤੇ ਸੁਰਿੰਦਰ ਸਿੰਘ ਠੀਕਰੀਵਾਲਾ ਆਦਿ ਸਣੇ ਕੁੱਝ ਹੋਰਨਾਂ ਨੂੰ ਵੀ ਨੋਟਿਸ ਜਾਰੀ ਹੋਏ ਹਨ। ਐੱਨਆਈਏ ਦੇ ਇਕ ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਪੁੱਛਗਿੱਛ ਲਈ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਸੱਦਿਆ ਗਿਆ ਹੈ। ਅਧਿਕਾਰੀ ਨੇ ਕਿਹਾ ਇਨ੍ਹਾਂ ਸਾਰਿਆਂ ਨੂੰ ਗਵਾਹ ਵਜੋਂ ਸੱਦਿਆ ਗਿਆ ਹੈ ਤੇ ਇਨ੍ਹਾਂ ਕੋਲੋਂ ਐੱਸਐੱਫਜੇ ਖਿਲਾਫ ਕੇਸ ‘ਚ ਕੁਝ ਤਫ਼ਸੀਲ ਲੈਣੀ ਹੈ।
ਅੰਮ੍ਰਿਤਸਰ : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੰਮ੍ਰਿਤਸਰ ਦੇ ਦੋ ਸਿੱਖ ਨੌਜਵਾਨਾਂ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸਿੱਖ ਯੂਥ ਪਾਵਰ ਆਫ ਪੰਜਾਬ ਦੇ ਪਰਮਜੀਤ ਸਿੰਘ ਅਕਾਲੀ ਨੂੰ ਸੰਮਨ ਭੇਜ ਕੇ ਪੁੱਛ ਪੜਤਾਲ ਲਈ ਦਿੱਲੀ ਸੱਦਿਆ ਹੈ। ਇਨ੍ਹਾਂ ਨੂੰ ਇਹ ਸੰਮਨ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਦਿੱਲੀ ਗਿਆ ਸੀ, ਜਿੱਥੇ ਕਿਸਾਨਾਂ ਨੂੰ ਪੁਸਤਕਾਂ ਅਤੇ ਦਸਤਾਰਾਂ ਵੰਡੀਆਂ ਸਨ। ਇਸ ਕੇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ।
ਟੱਲੇਵਾਲ : ਬਰਨਾਲਾ ਦੇ ਪਿੰਡ ਮੌੜ ਨਾਭਾ ਦੇ ਜਗਸੀਰ ਸਿੰਘ ਮੌੜ ਅਤੇ ਠੀਕਰੀਵਾਲਾ ਦੇ ਸੁਰਿੰਦਰ ਸਿੰਘ ਠੀਕਰੀਵਾਲਾ ਨੂੰ ਵੀ ਸੰਮਨ ਮਿਲੇ ਹਨ। ਜਗਸੀਰ ਸਿੰਘ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਮੁਖੀ ਹਨ ਜਦੋਂਕਿ ਸੁਰਿੰਦਰ ਸਿੰਘ ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁਖੀ ਹਨ। ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਉਸ ਨੇ ਪਿਛਲੇ ਦਿਨੀਂ ਦਿੱਲੀ ਮੋਰਚੇ ਦੀ ਮਦਦ ਲਈ ਗਰਮ ਕੱਪੜੇ, ਗੀਜ਼ਰ ਅਤੇ ਹੋਰ ਲੋੜੀਂਦਾ ਸਮਾਨ ਭੇਜਿਆ ਸੀ। ਉਧਰ ਸੁਰਿੰਦਰ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਉਹ ਪਹਿਲੇ ਦਿਨ ਤੋਂ ਦਿੱਲੀ ਮੋਰਚੇ ਵਿੱਚ ਡਟਿਆ ਹੋਇਆ ਹੈ।
ਜਲੰਧਰ : ਐੱਨਆਈਏ ਨੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਜਸਬੀਰ ਸਿੰਘ ਰੋਡੇ ਨੂੰ ਵੀ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਨੋਟਿਸ ਕੱਢਦਿਆਂ ਨਵੀਂ ਦਿੱਲੀ ਵਿੱਚ ਪੇਸ਼ ਹੋਣ ਲਈ ਕਿਹਾ ਸੀ।

ਐਨ ਆਈ ਏ ਦੀ ਕਾਰਵਾਈ ਦਾ ਸਿਆਸੀ ਆਗੂਆਂ ਵੱਲੋਂ ਵਿਰੋਧ
ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਨਿੰਦਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਡਰਾਉਣ-ਧਮਕਾਉਣ ਵਾਲੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਹੱਥਕੰਡੇ ਕਿਸਾਨਾਂ ਦੇ ਹੌਸਲੇ ਨੂੰ ਕਮਜ਼ੋਰ ਨਹੀਂ ਕਰ ਸਕਣਗੇ। ਮੁੱਖ ਮੰਤਰੀ ਨੇ ਕੌਮੀ ਜਾਂਚ ਏਜੰਸੀ ਵੱਲੋਂ ਜਾਰੀ ਨੋਟਿਸਾਂ ਦੀ ਨਿੰਦਾ ਕੀਤੀ ਹੈ। ਕੈਪਟਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਥਿਤੀ ਹੱਥੋਂ ਬਾਹਰ ਨਿਕਲ ਗਈ ਤਾਂ ਇਸ ‘ਤੇ ਕਾਬੂ ਪਾਉਣ ਲਈ ਭਾਜਪਾ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਵੀ ਕੁੱਝ ਨਹੀਂ ਕਰ ਸਕਣਗੇ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਘੋਲ ਨੂੰ ਕਮਜ਼ੋਰ ਕਰਨ ਲਈ ਅਜਿਹੀਆਂ ਦਮਨਕਾਰੀ ਤੇ ਨਿੰਦਣਯੋਗ ਕਾਰਵਾਈਆਂ ਦਾ ਸਹਾਰਾ ਲੈਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਹੋਛੇ ਢੰਗ-ਤਰੀਕੇ ਕਿਸਾਨਾਂ ਵੱਲੋਂ ਲਏ ਗਏ ਅਹਿਦ ਨੂੰ ਕਮਜ਼ੋਰ ਕਰਨ ਦੀ ਬਜਾਏ ਉਨ੍ਹਾਂ ਨੂੰ ਆਪਣਾ ਰੁਖ਼ ਹੋਰ ਸਖ਼ਤ ਕਰਨ ਲਈ ਮਜਬੂਰ ਕਰਨਗੇ।
ਕਿਸਾਨਾਂ ਨੂੰ ਧਮਕਾਉਣਾ ਸ਼ਰਮਨਾਕ : ਭਗਵੰਤ ਮਾਨ
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਕੇਂਦਰੀ ਏਜੰਸੀਆਂ ਵੱਲੋਂ ਕਿਸਾਨਾਂ ਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਭੇਜੇ ਜਾ ਰਹੇ ਨੋਟਿਸਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਸ਼ਰਮਨਾਕ ਕਾਰਵਾਈ ਦੱਸਿਆ। ‘ਆਪ’ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੱਕ-ਸੱਚ ਦੀ ਲੜਾਈ ਲੜ ਰਹੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਖੇਤੀ ਨੂੰ ਬਚਾਉਣ ਲਈ ਵਿੱਢੇ ਅੰਦੋਲਨ ਵਿੱਚ ਸਮਰਥਨ ਕਰ ਰਹੀਆਂ ਵੱਖ-ਵੱਖ ਸੇਵਾ ਸੁਸਾਇਟੀਆਂ, ਸੰਸਥਾਵਾਂ ਅਤੇ ਪੱਤਰਕਾਰਾਂ ਨੂੰ ਨੋਟਿਸ ਭੇਜਣਾ ਸਰਕਾਰ ਦੀ ਘਟੀਆ ਕਾਰਵਾਈ ਹੈ। ਮਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਅੜੀਅਲ ਰਵੱਈਏ ‘ਤੇ ਚੱਲਦੇ ਹੋਏ ਅੰਦੋਲਨ ਨੂੰ ਪਹਿਲਾਂ ਅੱਤਵਾਦੀ, ਖ਼ਾਲਿਸਤਾਨੀ, ਪਾਕਿਸਤਾਨ ਜਾਂ ਚੀਨ ਦੇ ਏਜੰਟ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਚਾਲਾਂ ਨਾ ਚੱਲੀਆਂ ਤਾਂ ਐੱਨਆਈਏ ਵਰਗੀਆਂ ਏਜੰਸੀਆਂ ਰਾਹੀਂ ਕਿਸਾਨ ਸਮਰਥਕਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ।
ਐੱਨਆਈਏ ਮੋਦੀ ਦਾ ਹੱਥ ਠੋਕਾ : ਸਿਮਰਜੀਤ ਬੈਂਸ
ਲੁਧਿਆਣਾ : ਐੱਨਆਈਏ ਵੱਲੋਂ ਕਿਸਾਨ ਹਮਾਇਤੀਆਂ ਨੂੰ ਨੋਟਿਸ ਭੇਜਣ ‘ਤੇ ਪ੍ਰਤੀਕਿਰਿਆ ਦਿੰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅਜਿਹੀ ਕਾਰਵਾਈ ਲੋਕਤੰਤਰ ਦਾ ਕਤਲ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨਹੀਂ, ਸਗੋਂ ਮੋਦੀ ਇਨਵੈਸਟੀਗੇਸ਼ਨ ਏਜੰਸੀ (ਐੱਮਆਈਏ) ਹੈ। ਇਸ ਲਈ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੱਥਠੋਕਾ ਬਣ ਕੇ ਲੋਕਾਂ ਨੂੰ ਨੋਟਿਸ ਜਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਦੇਸ਼ ਦੇ ਖਾਸ ਕਰਕੇ ਪੰਜਾਬ ਦੇ ਲੋਕ ਅਜਿਹੇ ਨੋਟਿਸਾਂ ਤੋਂ ਨਹੀਂ ਡਰਦੇ, ਜੋ ਉਨ੍ਹਾਂ ਲਈ ਰੱਦੀ ਦੇ ਟੁੱਕੜੇ ਤੋਂ ਵੱਧ ਕੁੱਝ ਵੀ ਨਹੀਂ। ਬੈਂਸ ਨੇ ਅੱਗੇ ਇਹ ਵੀ ਕਿਹਾ ਕਿ ਅਜਿਹੇ ਨੋਟਿਸ ਭੇਜਣ ਨਾਲ ਕਿਸਾਨੀ ਸੰਘਰਸ਼ ਦਾ ਸਮਰਥਨ ਕਰਨ ਵਾਲਿਆਂ ‘ਤੇ ਰੱਤੀ ਭਰ ਵੀ ਅਸਰ ਨਹੀਂ ਹੋਵੇਗਾ।
ਕਿਸਾਨਾਂ ਦੀ ਆਵਾਜ਼ ਦਬਾਉਣ ਦੀ ਹੋ ਰਹੀ ਹੈ ਕੋਸ਼ਿਸ਼ : ਖਹਿਰਾ
ਚੰਡੀਗੜ੍ਹ : ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਐੱਨਆਈਏ ਨੇ ਕਿਸਾਨ ਸੰਘਰਸ਼ ਦੇ ਹਮਾਇਤੀਆਂ ਨੂੰ ਨੋਟਿਸ ਭੇਜਣੇ ਬੰਦ ਨਾ ਕੀਤੇ ਤਾਂ ਭਾਜਪਾ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਸੁਖਪਾਲ ਸਿੰਘ ਖਹਿਰਾ ਨੇ ਅੱਗੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੌਮੀ ਜਾਂਚ ਏਜੰਸੀ ਰਾਹੀਂ ਨੋਟਿਸ ਭਿਜਵਾ ਕੇ ਸੰਘਰਸ਼ਸ਼ੀਲ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਤੱਕ 40 ਦੇ ਕਰੀਬ ਨੋਟਿਸ ਭੇਜੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖਾਲਸਾ ਏਡ ਦੇ ਆਗੂ ਅਮਨਪ੍ਰੀਤ ਸਿੰਘ ਨੂੰ ਪੁਰਾਣੇ ਕੇਸਾਂ ਵਿੱਚ ਨੋਟਿਸ ਭੇਜਿਆ ਗਿਆ ਹੈ। ਖਹਿਰਾ ਨੇ ਕਿਹਾ ਕਿ ਜੇਕਰ ਐੱਨਆਈਏ ਨੇ ਨੋਟਿਸ ਭੇਜਣੇ ਬੰਦ ਨਾ ਕੀਤੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਲੋਕ ਇਨਸਾਫ਼ ਪਾਰਟੀ, ਡਾ. ਧਰਮਵੀਰ ਗਾਂਧੀ ਸਣੇ ਹੋਰਨਾਂ ਵਿਧਾਇਕਾਂ ਤੇ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਭਾਜਪਾ ਦਫ਼ਤਰ ਦਾ ਘਿਰਾਓ ਕਰਨਗੇ।
ਕਿਸਾਨ ਜਥੇਬੰਦੀਆਂ ਨੇ ਡੋਵਾਲ ਸਿਰ ਭੰਨਿਆ ਭਾਂਡਾ
ਜਲੰਧਰ : ਕਿਸਾਨ ਜਥੇਬੰਦੀਆਂ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨੂੰ ਐੱਨਆਈਏ ਵੱਲੋਂ ਭੇਜੇ ਸੰਮਨਾਂ ਪਿੱਛੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਾ ਹੱਥ ਦੱਸਿਆ ਹੈ। ਕਿਸਾਨ ਆਗੂਆਂ ਨੇ ਇਲਜ਼ਾਮ ਲਾਇਆ ਕਿ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਡਰਾਉਣ ਲਈ ਐੱਨਐੱਸਏ ਦੇ ਇਸ਼ਾਰੇ ‘ਤੇ ਇਹ ਨੋਟਿਸ ਭੇਜੇ ਜਾ ਰਹੇ ਹਨ। ਬੀਕੇਯੂ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਵਾਈਸ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਅਤੇ ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਘੁੰਮਣ ਅਤੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਚਾਲਾਂ ਫੇਲ੍ਹ ਹੋ ਚੁੱਕੀਆਂ ਹਨ।

ਆਈ ਐਮ ਐਫ ਅਤੇ ਐੱਨ ਆਈ ਏ ਦੇ ਪੁਤਲੇ ਫੂਕੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਿੰਘੂ-ਕੁੰਡਲੀ ਬਾਰਡਰ ‘ਤੇ ਕਿਸਾਨ-ਮਜ਼ਦੂਰ ਬੀਬੀਆਂ ਨੇ ਤਿੰਨੋਂ ਖੇਤੀ ਕਾਨੂੰਨਾਂ ਦੇ ਮਾਮਲੇ ‘ਚ ਕੇਂਦਰ ਸਰਕਾਰ ਦੀ ਪਿੱਠ ਥਾਪੜਨ ਵਾਲੀ ਕੌਮਾਂਤਰੀ ਸੰਸਥਾ ਮੁਦਰਾ ਕੋਸ਼ ਫੰਡ ਦੀ ਮੁਖੀ ਕ੍ਰਿਸਟਲੀਨਾ ਜੋਰਜੀਵਾ ਤੇ ਕੌਮੀ ਜਾਂਚ ਏਜੰਸੀ ਅਤੇ ਕੇਂਦਰੀ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨ ਆਗੂਆਂ ਨੇ ਕੌਮੀ ਜਾਂਚ ਏਜੰਸੀ ਵੱਲੋਂ ਕਿਸਾਨ ਆਗੂਆਂ ਤੇ ਸਮਾਜ ਸੇਵਕਾਂ ਨੂੰ ਕੱਢੇ ਨੋਟਿਸ ਦੀ ਸਖਤ ਨਿਖੇਧੀ ਕਰਦਿਆਂ ਤੁਰੰਤ ਨੋਟਿਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਹੁਣ ਐੱਨਆਈਏ ਵਰਗੀਆਂ ਏਜੰਸੀਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।

Check Also

ਬਾਬੇ ਨਾਨਕ ਦਾ ਵਿਆਹ ਪੁਰਬ ਸ਼ਰਧਾ ਨਾਲ ਮਨਾਇਆ

ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦਾ 534ਵਾਂ ਵਿਆਹ ਪੁਰਬ ਸੰਗਤ …